ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ''ਚ ਬੈਠਾ ਗੈਂਗ ਦਬੋਚਿਆ, ਇਕ ਫਰਾਰ
02/12/2018 2:06:05 PM
![](https://static.jagbani.com/multimedia/2018_2image_14_05_5866700008kisanunioncopy.jpg)
ਸੰਗਰੂਰ/ਧੂਰੀ (ਬੇਦੀ, ਬਾਵਾ, ਸੰਜੀਵ ਜੈਨ) — ਪੁਲਸ ਨੇ ਲੁੱਟ ਖੋਹ ਦੀ ਯੋਜਨਾ ਬਣਾ ਰਹੇ ਇਕ ਗਿਰੋਹ ਦੇ 4 ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਜਦਕਿ ਗੈਂਗ ਦਾ ਇਕ ਮੈਂਬਰ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਮਨਦੀਪ ਸਿੰਘ ਸਿੱਧੂ ਐੱਸ.ਐੱਸ.ਪੀ. ਸੰਗਰੂਰ ਨੇ ਦੱਸਿਆ ਕਿ ਇੰਸਪੈਕਟਰ ਵਿਜੈ ਕੁਮਾਰ ਇੰਚਾਰਜ ਸੀ.ਆਈ.ਏ. ਸਟਾਫ਼ ਬਹਾਦਰ ਸਿੰਘ ਵਾਲਾ ਦੀ ਜੇਰ ਨਿਗਰਾਨੀ ਸੀ.ਆਈ.ਏ. ਬਹਾਦਰ ਸਿੰਘ ਵਾਲਾ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਏ.ਐੱਸ.ਆਈ. ਅਵਤਾਰ ਸਿੰਘ ਸਮੇਤ ਪੁਲਸ ਪਾਰਟੀ ਦੇ ਦੌਰਾਨੇ ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਦੇ ਸਬੰਧ 'ਚ ਟੀ. ਪੁਆਇੰਟ ਅਨਾਜ ਮੰਡੀ ਬਾਈਪਾਸ ਸੰਗਰੂਰ-ਧੂਰੀ ਰੋਡ ਪਾਸ ਮੌਜੂਦ ਸੀ।
ਪੁਲਸ ਅਧਿਕਾਰੀਆਂ ਨੂੰ ਗੁਪਤ ਇਤਲਾਹ ਮਿਲਣ ਉਪਰੰਤ ਕੁਲਜੀਤ ਸਿੰਘ ਉਰਫ਼ ਜੋਤੀ, ਚਰਨਜੀਤ ਸਿੰਘ ਉਰਫ਼ ਚੰਨੀ, ਅਮਨਪ੍ਰੀਤ ਸਿੰਘ ਉਰਫ਼ ਅਮਨਾ, ਗੁਰਪ੍ਰੀਤ ਸਿੰਘ ਉਰਫ਼ ਕਾਲੀ, ਨਿੰਦਰ ਸਿੰਘ ਉਰਫ਼ ਬੋਲਾ,ਜੋ ਨਜਾਇਜ਼ ਅਸਲੇ ਅਤੇ ਹੋਰ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਇਹ ਸਾਰੇ ਉਕਤਾਨ ਨਵੀਂ ਅਨਾਜ ਮੰਡੀ ਧੂਰੀ ਦੇ ਖੁੰਜੇ ਪਿੰਡ ਧੂਰਾ ਸਾਇਡ ਦੀਵਾਰ ਦੇ ਪਾਸ ਬੈਠੇ ਕਿਸੇ ਪੈਟਰੋਲ ਪੰਪ ਬੈਂਕ ਜਾਂ ਸ਼ਰਾਬ ਦੇ ਠੇਕੇ ਲੁੱਟਣ ਅਤੇ ਕੋਈ ਗੱਡੀ ਘੇਰ ਕੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਸੀ, ਜਿਨ੍ਹਾਂ ਦਾ ਗੈਂਗ ਲੀਡਰ ਕੁਲਜੀਤ ਸਿੰਘ ਉਰਫ਼ ਜੋਤੀ ਹੈ। ਮੁਖਬਰੀ ਦੇ ਅਧਾਰ ਤੇ ਏ. ਐੱਸ.ਆਈ ਅਵਤਾਰ ਸਿੰਘ ਸੀ.ਆਈ.ਏ.ਬਹਾਦਰ ਸਿੰਘ ਵਾਲਾ ਨੇ ਅਸਲਾ ਐਕਟ ਥਾਣਾ ਸਿਟੀ ਧੂਰੀ ਦਰਜ ਕਰਵਾ ਕੇ ਉਕਤਾਨ ਵਿਅਕਤੀਆਂ 'ਤੇ ਪੁਲਸ ਪਾਰਟੀ ਸਮੇਤ ਰੇਡ ਕਰਕੇ ਉਕਤ ਮੁਲਜ਼ਮਾਂ ਨੂੰ ਕਾਬੂ ਕੀਤਾ ਤਾਂ ਕੁਲਜੀਤ ਸਿੰਘ ਉਰਫ਼ ਜੋਤੀ ਪਾਸੋਂ ਇਕ ਪਿਸਤੌਲ 32 ਬੋਰ ਸਮੇਤ 3 ਰੌਂਦ ਜਿੰਦਾ, 32 ਬੋਰ, ਚਰਨਜੀਤ ਸਿੰਘ ਉਰਫ਼ ਚੰਨੀ ਪਾਸੋਂ ਇਕ ਕਿਰਚ ਸਟੀਲ, ਅਮਨਪ੍ਰੀਤ ਸਿੰਘ ਉਰਫ਼ ਅਮਨਾ ਪਾਸੋਂ ਇਕ ਪਿਸਤੌਲ 315 ਬੋਰ ਸਮੇਤ 01 ਰੌਂਦ ਜਿੰਦਾ 315 ਅਤੇ ਗੁਰਪ੍ਰੀਤ ਸਿੰਘ ਉਰਫ਼ ਕਾਲੀ ਪਾਸੋਂ ਇਕ ਪਿਸਤੌਲ 30 ਬੋਰ ਸਮੇਤ 02 ਰੌਂਦ,ਜਿੰਦਾ 30 ਬੋਰ ਸਮੇਤ ਇਕ ਕਾਰ ਮੌਕੇ ਤੋਂ ਬਰਾਮਦ ਕੀਤੇ। ਨਿੰਦਰ ਸਿੰਘ ਉਰਫ਼ ਬੋਲਾ ਪੁੱਤਰ ਮੁਖਤਿਆਰ ਸਿੰਘ ਵਾਸੀ ਖੇੜੀ ਥਾਣਾ ਸਦਰ ਸੁਨਾਮ ਭੱਜਣ 'ਚ ਸਫ਼ਲ ਹੋ ਗਿਆ। ਉਕਤ ਗਿਰੋਹ ਦੇ ਕਾਬੂ ਹੋਣ ਨਾਲ ਕੋਈ ਵੱਡੀ ਘਟਨਾ ਹੋਣ ਤੋਂ ਬਚਾਅ ਹੋ ਗਿਆ ਹੈ।