ਤਰਨਤਾਰਨ ''ਚ ਖਤਰਨਾਕ ਗਿਰੋਹ ਕਾਬੂ, 18 ਜ਼ਿਲਿਆਂ ''ਚ ਲੁੱਟੇ ਕਈ ਗੁਦਾਮ

Friday, Aug 24, 2018 - 06:34 PM (IST)

ਤਰਨਤਾਰਨ (ਰਾਜੂ) : ਜ਼ਿਲਾ ਤਰਨਤਾਰਨ ਦੀ ਪੁਲਸ ਨੇ ਪੰਜਾਬ ਦੇ 18 ਜ਼ਿਲਿਆਂ ਦੇ ਗੋਦਾਮਾਂ 'ਚੋਂ ਕਣਕ ਲੁਟੱਣ ਵਾਲੇ 18 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 7 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋ 838 ਤੋੜੇ ਕਣਕ, 2 ਟਰੱਕ, 4 ਮੋਟਰਸਾਈਕਲ ਅਤੇ 2 ਮੋਬਾਇਲ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 23 ਅਗਸਤ ਨੂੰ ਅੰਮ੍ਰਿਤਸਰ ਪੁਲਸ ਕਮਿਸ਼ਨਰ ਦਾ ਮੈਸੇਜ ਆਇਆ ਕਿ ਉਨ੍ਹਾਂ ਦੇ ਇਲਾਕੇ ਛੇਹਰਟਾ ਐਫ. ਸੀ. ਆਈ ਦੇ ਗੁਦਾਮਾਂ ਵਿਚੋ ਪਿਛਲੀ ਰਾਤ 15 ਦੇ ਕਰੀਬ ਲੁਟੇਰਿਆਂ ਨੇ ਗੋਦਾਮਾਂ ਦੇ ਚੌਕੀਦਾਰਾਂ ਨੂੰ ਬੰਦੀ ਬਣਾ ਕੇ ਕਰੀਬ 1000 ਬੋਰੀ ਲੁੱਟੀ ਹੈ। ਜੋ ਸੰਤਰੀ ਰੰਗ ਦੇ ਦੋ ਟਰੱਕਾਂ ਵਿਚ ਲੱਦ ਕੇ ਲੈ ਗਏ ਹਨ। ਇਸ ਤੋ ਪਹਿਲਾਂ ਵੀ ਚੋਰ ਆਜ਼ਾਦੀ ਦਿਵਸ ਤੋਂ ਇਕ ਦਿਨ ਪਹਿਲਾਂ ਦਰਮਿਆਨੀ ਰਾਤ ਨੂੰ ਬਟਾਲਾ ਰੋਡ ਅੰਮ੍ਰਿਤਸਰ ਤੋਂ ਦੋ ਟਰੱਕ ਕਣਕ ਦੇ ਚੋਰੀ ਕਰਕੇ ਲੈ ਗਏ ਸਨ। ਮੈਸੇਜ ਮਿਲਣ ਤੋਂ ਬਾਅਦ ਡੀ. ਐੱਸ. ਪੀ. ਭਿੱਖੀਵਿੰਡ ਸੁਲੱਖਣ ਸਿੰਘ ਮਾਨ ਦੀ ਅਗਵਾਈ ਵਿਚ ਗੱਡੀਆਂ ਅਤੇ ਟਰੱਕਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਐੱਸ.ਆਈ. ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਕੱਚਾ ਪੱਕਾ ਨੂੰ ਇਤਲਾਹ ਮਿਲੀ ਕਿ ਉਕਤ ਲੁਟੇਰੇ ਗਿਰੋਹ ਦਾ ਮੁੱਖੀ ਜਸਬੀਰ ਸਿੰਘ ਉਰਫ ਜੱਸੂ ਵਾਸੀ ਭਗਵਾਨਪੁਰਾ ਤੇ ਉਸ ਦੇ ਨਾਲ ਹੋਰ 16-17 ਜਣੇ ਜਿਨ੍ਹਾਂ ਵਿਚ ਚਾਨਣ ਸਿੰਘ, ਸ਼ਮਸ਼ੇਰ ਸਿੰਘ ਵਾਸੀ ਭਗਵਨਪੁਰਾ, ਹਰਪਾਲ ਸਿੰਘ ਭਾਲਾ ਪੁੱਤਰ  ਬੀਰਾ ਸਿੰਘ, ਅਰਸ਼ਦੀਪ ਸਿੰਘ ਉਰਫ ਸਾਬੂ, ਯੂਸਫ, ਹਰਮੇਸ਼ ਉਰਫ ਜੈਕਬ, ਰੋਬਨ ਸਿੰਘ, ਬਲਵਿੰਦਰ ਸਿੰਘ ਬੱਲੂ, ਸਾਜਨ, ਤਰਸੇਮ ਉਰਫ ਫੱਲੂ, ਲਵਜੀਤ  ਸਿੰਘ  ਉਰਫ ਲਵ, ਗੁਰਪ੍ਰੀਤ ਸਿੰਘ ਉਰਫ ਗੋਪੀ, ਗੁਲਵਿੰਦਰ ਸਿੰਘ ਉਬੋਕੇ, ਗੁਰਵਿੰਦਰ ਸਿੰਘ ਅਮਰਕੋਟ ਦੋ ਟਰੱਕਾਂ (ਨੰਬਰੀ ਪੀ.ਬੀ.05 ਜੇ 9299 ਅਤੇ ਐੱਮ.ਐੱਚ 43ਈ 7061) 'ਤੇ ਲੱਦ ਕੇ ਰਾਜੂ ਚੱਕੀਵਾਲਾ ਪਿੰਡ ਘੁਰਕਵਿੰਡ ਨੂੰ ਵੇਚਣ ਲਈ ਆ ਰਹੇ ਹਨ। 

ਇਤਲਾਹ 'ਤੇ ਐੱਸ. ਆਈ. ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਕੱਚਾ ਪੱਕਾ ਨੇ ਨਾਕਾਬੰਦੀ ਦੌਰਾਨ ਮਨਿਹਾਲਾ ਜੈ ਸਿੰਘ  ਟੀ-ਪੁਆਇੰਟ ਤੋਂ ਦੋ ਟਰੱਕ ਕਾਬੂ ਕਰ ਲਏ ਜਿਨ੍ਹਾਂ ਵਿਚ 838 ਬੋਰੀਆਂ (419 ਕੁਇੰਟਲ) ਸੀ ਵੀ ਬਰਾਮਦ ਕਰ ਲਈ। ਇਸ ਦੌਰਾਨ ਜਸਬੀਰ ਸਿੰਘ ਉਰਫ ਜੱਸੂ, ਗੁਰਵਿੰਦਰ ਸਿੰਘ, ਹਰਪਾਲ ਸਿੰਘ, ਯੂਸਫ, ਅਰਸ਼ਦੀਪ, ਹਰਮੇਸ਼ ਸਿੰਘ ਅਤੇ ਰੋਬਨ ਸਿੰਘ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ।  ਇਸ ਦੌਰਾਨ ਉਕਤ ਗਿਰੋਹ ਦੇ 10-11 ਮੈਂਬਰ ਮੌਕੇ ਤੋਂ ਫਰਾਰ ਹੋ ਗਏ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। 

ਗਿਰੋਹ ਦੇ ਮੁੱਖੀ ਜਸਬੀਰ ਸਿੰਘ ਨੇ ਮੰਨਿਆ ਕਿ ਸਾਲ 2016 ਵਿਚ ਹੀ ਸਰਕਾਰੀ ਗੋਦਾਮ ਬਟਾਲਾ ਤੋਂ ਇਕ ਦੱਸ ਟਾਇਰੀ ਟਰੱਕ ਕਣਕ ਚੋਰੀ ਕਰਕੇ ਕੁਲਦੀਪ ਧਾਰੀਵਾਲ ਫਰਮ ਨੂੰ ਵੇਚੀਆਂ। ਫਿਰ ਸਾਲ 2016 ਵਿਚ ਸਰਕਾਰੀ ਗੁਦਾਮ ਜ਼ੀਰੇ ਤੋਂ 2 ਟਰੱਕ ਕਣਕ ਦੇ ਚੋਰੀ ਕਰਕੇ ਕੁਲਦੀਪ ਸਿੰਘ ਧਾਰੀਵਾਲ ਫਰਮ ਨੂੰ ਵੇਚੇ। ਸਾਲ 2016 ਵਿਚ ਉੜ ਮੁੜ ਟਾਂਡਾ ਦੇ ਸਰਕਾਰੀ ਗੋਦਾਮ ਤੋਂ ਦੋ ਟਰੱਕ ਕਣਕ ਦੇ ਚੋਰੀ ਕਰਕੇ ਦਿਲਬਾਗ ਸਿੰਘ ਪਿੰਡ ਝਬਾਲ ਦੀ ਚੱਕੀ 'ਤੇ 3.5 ਲੱਖ ਰੁਪਏ 'ਚ ਵੇਚੇ। ਸਾਲ 2016 ਵਿਚ ਪਿੰਡ ਧਨੌਲਾ ਜ਼ਿਲਾ ਬਰਨਾਲਾ ਤੋਂ ਸਰਕਾਰੀ ਗੁਦਾਮਾਂ ਵਿਚੋਂ 4 ਟਰੱਕ 10 ਟਾਇਰੀ ਕਣਕ ਚੋਰੀ ਕਰਕੇ ਦਿਲਬਾਗ ਸਿੰਘ ਦੀ ਚੱਕੀ ਝਬਾਲ ਵਿਖੇ ਵੇਚੇ। ਉਸ ਨੇ ਦੱਸਿਆ ਕਿ ਇਸ ਦੌਰਾਨ ਇਕ ਮਾਮਲੇ ਵਿਚ ਉਹ ਤੇ ਗੋਰਾ ਗ੍ਰਿਫਤਾਰ ਹੋ ਗਏ। ਦਸੰਬਰ 2016 ਵਿਚ ਅਸੀ ਹੁਸ਼ਿਆਰਪੁਰ ਜੇਲ ਵਿਚ ਬੰਦ ਰਹੇ ਫਿਰ ਮਈ 2017 ਵਿਚ ਸਾਡੀ ਜ਼ਮਾਨਤ ਹੋ ਗਈ ਅਤੇ ਫਿਰ ਮੈਂ ਅਤੇ ਗੋਰੇ ਨੇ ਆਪਣੀ ਵੱਖਰੀ ਪਾਰਟੀ ਬਣਾ ਲਈ। ਫਿਰ ਫਿਲੌਰ ਗੁਦਾਮਾਂ ਵਿਚੋਂ ਕਣਕ ਚੋਰੀ ਕਰਨ ਲਈ ਗਏ ਜਿੱਥੇ ਟਰੱਕ ਨਾ ਮਿਲਣ ਕਰਕੇ ਚੋਰੀ ਨਹੀਂ ਕਰ ਸਕੇ। ਫਿਰ ਮਾਛੀਵਾੜਾ ਤੋਂ ਦੋ ਟਰੱਕ ਕਣਕ ਚੋਰੀ ਕਰਕੇ ਸ਼ਾਹ ਫਾਰਮ ਭੂਰੇ ਰੋਡ ਖੇਮਕਰਨ ਨੂੰ 4 ਲੱਖ 25 ਹਜ਼ਾਰ ਰੁਪਏ 'ਚ ਵੇਚੇ। ਅਬੋਹਰ ਦੇ ਸਰਕਾਰੀ ਗੁਦਾਮ ਵਿਚੋਂ ਪੈਟਰੋਲ ਪੰਪ ਦੇ ਸਾਹਮਣੇ ਦੋ ਟਰੱਕ ਕਣਕ ਦੇ ਚੋਰੀ ਕਰਕੇ ਸ਼ਾਹ ਫਾਰਮ ਭੂਰੇ ਰੋਡ ਨੂੰ 3 ਲੱਖ 75 ਹਜ਼ਾਰ ਦੇ ਵੇਚੇ। 2018 ਵਿਚ ਜਗਰਾਊਂ ਦੇ ਗੁਦਾਮਾਂ ਵਿਚੋਂ 3 ਟਰੱਕ ਚੌਲ ਚੋਰੀ ਕਰਕੇ ਰਾਜਾਰਾਮ ਸ਼ੈਲਰ ਕੱਦਗਿੱਲ ਤਰਨਤਾਰਨ 10 ਲੱਖ ਰੁਪਏ 'ਚ ਵੇਚੇ। 2018 ਵਿਚ ਬਾਗਾ ਪੁਰਾਣਾ ਤੋਂ 4 ਟਰੱਕ ਚੌਲ ਚੋਰੀ ਕਰਕੇ ਰਾਜਾਰਾਮ ਸ਼ੈਲਰ ਕੱਦਗਿੱਲ ਤਰਨਤਾਰਨ ਨੂੰ 9 ਲੱਖ 'ਚ ਵੇਚੇ। 2018 ਵਿਚ ਸ਼ਾਹਕੋਟ ਤੋਂ ਡੇਢ ਟਰੱਕ ਚੌਲਾ ਦਾ ਚੋਰੀ ਕਰਕੇ ਕੁਲਦੀਪ ਸਿੰਘ ਰਾਜਾਰਾਮ ਸ਼ੈਲਰ ਕੱਦਗਿੱਲ ਨੂੰ ਵੇਚੇ। 2018 ਵਿਚ ਮਲੇਰ ਕੋਟਲੇ ਤੋਂ ਦੋ ਟਰੱਕ ਕਣਕ ਚੋਰੀ ਕਰਕੇ ਕੁਲਦੀਪ ਸਿੰਘ ਰਾਜਾਰਾਮ ਸ਼ੈਲਰ ਕੱਦਗਿੱਲ ਨੂੰ 3 ਲੱਖ 70 ਹਜ਼ਾਰ 'ਚ ਵੇਚੇ। ਫਿਰ ਮੈਂ, ਗੋਰਾ, ਸ਼ੇਰਾ ਭਗਵਾਨਪੁਰੀਆ, ਦਿਲੇਰਾ ਭਗਵਾਨਪੁਰੀਆ, ਚਾਨਣ ਭਗਵਾਨਪੁਰੀਆ, ਗੁਰਮੀਤ ਭਗਵਾਨਪੁਰੀਆ, ਦਿਲਬਾਗ ਉਰਫ ਬਾਗੂ ਭਗਵਾਨਪੁਰੀਆ,  ਕੁਲਦੀਪ ਸਿੰਘ ਉਰਫ ਨਿੱਕਾ ਸਾਰੇ ਜਾਣੇ ਘਰਾਂ ਤੋਂ ਭੱਜ ਗਏ ਤੇ ਅਮਰਕੋਟ ਗੱਡੀਆ ਧੋਣ ਵਾਲੇ ਡੈਗ ਦੇ ਸਾਹਮਣੇ ਕਿਰਾਏ 'ਤੇ ਕਮਰਾ ਲੈਕੇ 5-6 ਦਿਨ ਰਹੇ ਤੇ ਫਿਰ ਮੈਂ ਰੇਸ਼ਮ ਸਿੰਘ ਭਗਵਾਨਪੁਰੀਏ ਦੇ ਘਰ ਪੂਰਨਪੁਰ ਯੂ.ਪੀ. ਗੁਰਦੁਆਰਾ ਸਿੰਘ ਸਭਾ ਦੇ ਸਾਹਮਣੇ 7-8 ਦਿਨ ਰਿਹਾ। ਫਿਰ ਮੈਂ ਆਪਣੇ ਪਿੰਡ ਆ ਕੇ ਇਕ ਮਹੀਨਾ ਵਿਹਲਾ ਰਿਹਾ ਫਿਰ ਮੈਂ ਚੂਸਲੇਵੜ ਪੈਟਰੋਲ ਪੰਪ 'ਤੇ ਲੱਗ ਗਿਆ। 

ਮਿਤੀ 15/16-  8/18 ਦੀ ਦਰਮਿਆਨੀ  ਰਾਤ ਨੂੰ ਬਟਾਲਾ ਰੋਡ ਅੰਮ੍ਰਿਤਸਰ ਤੋਂ ਦੋ ਟਰੱਕ ਕਣਕ ਦੇ ਚੋਰੀ ਕਰਕੇ ਮੈਂ ਸ਼ੇਰਾ, ਵਿਪਨ ਭਗਵਾਨਪੁਰੀਆ, ਚਾਨਣ ਭਗਵਾਨਪੁਰੀਆ ਬਾਕੀ ਸਾਬੂ ਅਲਗੋਕੋਠੀ, ਗਿਆਨੀ ਗੁਰਸਾਹਿਬ ਸਿੰਘ ਅਲਗੋ ਅੱਡੇ ਵਿਚ ਰਹਿੰਦੇ ਰਹੇ ਬਾਕੀ ਬੰਦੇ ਸਾਬੂ ਅਤੇ ਗਿਆਨੀ ਨੇ ਲਿਆਂਦੇ ਸੀ ਟਰੱਕ ਦਾ ਡਰਾਇਵਰ ਗੁਰਵਿੰਦਰ ਸਿੰਘ ਉਬੋਕੇ, ਵਰਿੰਦਰ ਸਿੰਘ ਅਲਗੋਕੋਠੀ ਸਾਰਿਆਂ ਨੇ ਇਹ ਕਣਕ ਰਾਜੂ ਘੁਰਕਵਿੰਡ ਨੂੰ 4 ਲੱਖ 50 ਹਜ਼ਾਰ ਵਿਚ ਵੇਚੀ ਸੀ ਜਿਸ ਦਾ ਕੋਈ ਵੀ ਪਰਚਾ ਨਹੀਂ ਹੋਇਆ। ਫਿਰ  22-08-2018 ਨੂੰ ਮੈਂ, ਚਾਨਣ, ਸ਼ੇਰਾ ਬਾਕੀ ਬੰਦੇ ਬਾਹਰਲੇ ਪਿੰਡਾਂ ਤੋ ਆਏ ਜੋ ਕੁੱਲ 14 ਵਿਅਕਤੀਆਂ ਨੇ ਗੁਰੂ ਕੀ ਵਡਾਲੀ ਅੰਮ੍ਰਿਤਸਰ ਤੋਂ ਦੋ ਟਰੱਕ ਕਣਕ ਦੇ ਚੋਰੀ ਕਰਕੇ ਘੁਰਕਵਿੰਡ ਰਾਜੂ ਨੂੰ ਵੇਚਣ ਜਾ ਰਹੇ ਸੀ ਜਦੋਂ ਅਸੀਂ ਗੁਰਦੁਆਰਾ ਭਾਈ ਰੱਮੂ ਪਹੁੰਚੇ ਉਥੇ ਸਾਡਾ ਝਗੜਾ ਹੋ ਗਿਆ ਕਿਸੇ ਨੇ ਥਾਣੇ ਟੈਲੀਫੋਨ ਕਰ ਦਿੱਤਾ ਤੇ ਅਸੀਂ ਫੜੇ ਗਏ।


Related News