ਜਲੰਧਰ: ਫਿਰ ਸੁਰਖੀਆਂ 'ਚ ਗਾਂਧੀ ਵਨਿਤਾ ਆਸ਼ਰਮ, ਸ਼ੱਕੀ ਹਾਲਤ 'ਚ ਛੱਤ ਤੋਂ ਡਿੱਗੀ ਕੁੜੀ
Saturday, Sep 14, 2019 - 06:26 PM (IST)

ਜਲੰਧਰ (ਸੁਧੀਰ)— ਇਥੋਂ ਦੇ ਕਪੂਰਥਲਾ ਚੌਕ ਨੇੜੇ ਸਥਿਤ ਗਾਂਧੀ ਵਨਿਤਾ ਆਸ਼ਰਮ ਇਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ। ਗਾਂਧੀ ਵਨਿਤਾ ਆਸ਼ਰਮ 'ਚੋਂ ਇਕ ਕੁੜੀ ਦੇ ਸ਼ੱਕੀ ਹਾਲਾਤ 'ਚ ਤੀਜੀ ਮੰਜ਼ਿਲ ਤੋਂ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ 'ਚ ਕੁੜੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਨਾਬਾਲਗ ਕੁੜੀ ਦੇ ਹੇਠਾਂ ਡਿੱਗਣ ਕਾਰਨ ਆਸ਼ਰਮ 'ਚ ਹਫੜਾ-ਦਫੜੀ ਮਚ ਗਈ। ਕੁੜੀ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਡੀ. ਸੀ. ਪੀ. ਸਿਟੀ-1 ਡੀ. ਸੂਡਰਵਿਜੀ ਅਤੇ ਥਾਣਾ ਨੰਬਰ 2 ਦੇ ਇੰਚਾਰਜ ਰਾਜੇਸ਼ ਕੁਮਾਰ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਦੂਜੇ ਪਾਸੇ ਸੰਪਰਕ ਕਰਨ 'ਤੇ ਏ. ਡੀ. ਸੀ. ਪੀ. ਸਿਟੀ-1 ਡੀ. ਸੂਡਰਵਿਜੀ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਨਾਬਾਲਗ ਲੜਕੀ ਦੇ ਬਿਆਨ ਕਲਮਬੱਧ ਹੋਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ ਕਿ ਉਹ ਛੱਤ ਤੋਂ ਕਿਵੇਂ ਹੇਠਾਂ ਡਿੱਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗਾਂਧੀ ਵਨਿਤਾ ਆਸ਼ਰਮ ਲਗਾਤਾਰ ਸੁਰਖੀਆਂ 'ਚ ਰਹਿ ਚੁੱਕਾ ਹੈ। ਇਸ ਤੋਂ ਪਹਿਲਾਂ ਇਸੇ ਆਸ਼ਰਮ 'ਚੋਂ ਚਾਰ ਕੁੜੀਆਂ ਦੇ ਗਾਇਬ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਕੁੜੀਆਂ ਦੇ ਗਾਇਬ ਹੋਣ ਦੇ ਮਾਮਲੇ 'ਚ ਆਸ਼ਰਮ ਦੀ ਸੁਪਰਡੈਂਟ ਮਨਜੀਤ ਕੌਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ।