ਸਿੱਧੂ ਮੂਸੇਵਾਲਾ ਦੇ ਦੋਸਤ ਦੀ ਗੋਲੀ ਲੱਗਣ ਨਾਲ ਮੌਤ

12/16/2018 11:10:46 PM

ਮੋਹਾਲੀ(ਕੁਲਦੀਪ)-ਜ਼ਿਲਾ ਲੁਧਿਆਣਾ ਦੇ ਪਿੰਡ ਕੂਮ ਕਲਾਂ ਦੇ ਵਸਨੀਕ ਨੌਜਵਾਨ ਖੇਡ ਪ੍ਰਮੋਟਰ ਸਰਬਜੀਤ ਸਿੰਘ ਉਰਫ਼ ਸਰਬੀ ਗਰੇਵਾਲ (25) ਦੀ ਬੀਤੀ ਦੇਰ ਰਾਤ ਮੋਹਾਲੀ ਦੇ ਇਕ ਹੋਟਲ ਵਿਚ ਪਿਸਤੌਲ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਉਹ ਫ਼ੇਜ਼-11 ਸਥਿਤ ਇਕ ਹੋਟਲ ਵਿਚ ਆਪਣੇ ਤਿੰਨ ਦੋਸਤਾਂ ਦੇ ਨਾਲ ਠਹਿਰਿਆ ਹੋਇਆ ਸੀ। ਗੋਲੀ ਲੱਗਣ ਉਪਰੰਤ ਹਸਪਤਾਲ ਵਿਚ ਦਾਖਲ ਕਰਵਾਉਣ ਉਪਰੰਤ ਉਸਦੇ ਤਿੰਨੋਂ ਸਾਥੀ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਪੁਲਸ ਸਟੇਸ਼ਨ ਫੇਜ਼-11 ਵਿਚ ਮ੍ਰਿਤਕ ਦੇ ਤਿੰਨਾਂ ਸਾਥੀਆਂ ਤੇ ਹੋਟਲ ਦੇ ਮੈਨੇਜਰ ਤੇ ਹਾਊਸਕੀਪਰ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਫਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਘਟਨਾ ਦੀ ਸੂਚਨਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ, ਜਿਸ ਦੌਰਾਨ ਉਸਦੇ ਪਿਤਾ ਹਰਪਾਲ ਸਿੰਘ ਆਪਣੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਮੋਹਾਲੀ ਪੁੱਜੇ। ਹਰਪਾਲ ਸਿੰਘ ਨੇ ਦੱਸਿਆ ਕਿ ਸਰਬੀ ਆਪਣੇ ਹੋਰ ਦੋਸਤਾਂ ਨਾਲ ਆਪਣੇ ਦੋਸਤ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪ੍ਰੋਗਰਾਮ ਦੇਖਣ ਲਈ ਗਿਆ ਸੀ।

ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਸਰਬਜੀਤ ਸਿੰਘ ਉਰਫ਼ ਸਰਬੀ ਗਰੇਵਾਲ 15 ਦਸੰਬਰ ਦੀ ਦੇਰ ਸ਼ਾਮ ਮੋਹਾਲੀ ਦੇ ਸੈਕਟਰ-80 ਸਥਿਤ ਇਕ ਨਾਮੀਂ ਪੱਬ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਲਾਈਵ ਸ਼ੋਅ ਦੇਖਣ ਲਈ ਆਪਣੇ ਤਿੰਨ ਦੋਸਤਾਂ ਜਸਕੀਰਤ ਸਿੰਘ, ਰਵਿੰਦਰ ਸਿੰਘ, ਗੁਰਪਿਆਰ ਸਿੰਘ (ਤਿੰਨੋਂ ਨਿਵਾਸੀ ਜ਼ਿਲਾ ਮੋਗਾ) ਦੇ ਨਾਲ ਆਇਆ ਹੋਇਆ ਸੀ। ਉਹ ਚਾਰੋਂ ਦੋਸਤ ਫੇਜ਼-11 ਦੇ ਹੋਟਲ ਕਰਾਊਨ ਵੈਸਟ ਵਿਚ ਰਾਤ ਨੂੰ ਠਹਿਰੇ ਹੋਏ ਸਨ।
ਖੇਡ-ਖੇਡ 'ਚ ਚੱਲ ਗਈ ਗੋਲੀ
ਪਤਾ ਲੱਗਾ ਹੈ ਕਿ ਚਾਰੋਂ ਦੋਸਤ ਆਪਣੇ ਕਿਸੇ ਜੋਧਾ ਨਾਂ ਦੇ ਦੋਸਤ ਦਾ ਲਾਇਸੈਂਸ ਪਿਸਤੌਲ ਮੰਗ ਕੇ ਲਿਆਏ ਹੋਏ ਸਨ। ਸਿੱਧੂ ਮੂਸੇਵਾਲਾ ਦਾ ਸ਼ੋਅ ਦੇਖਣ ਤੋਂ ਬਾਅਦ ਉਹ ਹੋਟਲ ਵਿਚ ਵਾਪਸ ਆ ਗਏ। ਰਾਤ ਨੂੰ ਢਾਈ ਵਜੇ ਚਾਰੋਂ ਦੋਸਤ ਪਿਸਤੌਲ ਦੇ ਨਾਲ ਮਸਤੀ ਕਰ ਰਹੇ ਸਨ ਕਿ ਅਚਾਨਕ ਗੋਲੀ ਚੱਲ ਗਈ, ਜੋ ਕਿ ਸਰਬਜੀਤ ਗਰੇਵਾਲ ਦੇ ਖੱਬੇ ਪਾਸੇ ਵੱਜੀ। ਗੋਲੀ ਲਗਦਿਆਂ ਹੀ ਸਰਬੀ ਬੇਹੋਸ਼ ਹੋ ਕੇ ਹੇਠਾਂ ਡਿਗ ਪਿਆ ਤੇ ਉਸਦੇ ਮੋਢੇ 'ਚੋਂ ਖੂਨ ਵਗਣ ਲੱਗਾ।
ਪੁਲਸ ਨੂੰ ਨਹੀਂ ਕੀਤਾ ਸੂਚਿਤ, ਪੀ. ਜੀ. ਆਈ. ਤੋਂ ਮਿਲੀ ਸੂਚਨਾ
ਪੁਲਸ ਦਾ ਕਹਿਣਾ ਹੈ ਕਿ ਸਰਬਜੀਤ ਨੂੰ ਗੋਲੀ ਲਗਦਿਆਂ ਹੀ ਭਾਵੇਂ ਉਸਦੇ ਦੋਸਤ ਇਲਾਜ ਲਈ ਉਸਨੂੰ ਪੀ. ਜੀ. ਆਈ. ਚੰਡੀਗੜ੍ਹ ਲੈ ਗਏ ਸਨ ਪਰ ਉਸਦੇ ਦੋਸਤਾਂ ਨੇ ਪੁਲਸ ਨੂੰ ਕੋਈ ਸੂਚਨਾ ਨਹੀਂ ਦਿੱਤੀ। ਪੁਲਸ ਨੂੰ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਪੁਲਸ ਨੂੰ ਪੀ. ਜੀ. ਆਈ. ਤੋਂ ਫੋਨ ਆਇਆ, ਜਦੋਂ ਤਕ ਪੁਲਸ ਪੀ. ਜੀ. ਆਈ. ਪਹੁੰਚੀ, ਉਦੋਂ ਤਕ ਉਸਦੇ ਦੋਸਤ ਫਰਾਰ ਹੋ ਚੁੱਕੇ ਸਨ। ਇਥੋਂ ਤਕ ਕਿ ਹੋਟਲ ਦੇ ਮੈਨੇਜਰ ਨੇ ਵੀ ਪੁਲਸ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ, ਸਗੋਂ ਹੋਟਲ ਦੇ ਹਾਊਸਕੀਪਿੰਗ ਸਟਾਫ਼ ਨੇ ਜਿਸ ਕਮਰੇ ਵਿਚ ਸਰਬਜੀਤ ਦਾ ਖੂਨ ਵੱਗ ਚੁੱਕਿਆ ਸੀ ਉਸ ਕਮਰੇ ਨੂੰ ਵੀ ਪਾਣੀ ਨਾਲ ਧੋ ਦਿੱਤਾ।
ਹੋਟਲ ਮੈਨੇਜਰ ਨੇ ਇਹ ਕਿਹਾ
ਦੂਜੇ ਪਾਸੇ ਫੇਜ਼-11 ਸਥਿਤ ਹੋਟਲ ਕਰਾਊਨ ਵੈਸਟ ਦੇ ਮੈਨੇਜਰ ਪ੍ਰਵੀਨ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਹੋਟਲ ਵਿਚ ਠਹਿਰੇ ਉਕਤ ਨੌਜਵਾਨਾਂ ਨੇ ਰਾਤ ਨੂੰ ਢਾਈ ਵਜੇ ਇਹ ਦੱਸਿਆ ਕਿ ਉਨ੍ਹਾਂ ਦੇ ਦੋਸਤ ਨੂੰ ਸੱਟ ਲੱਗੀ ਹੈ ਤੇ ਉਹ ਉਸਨੂੰ ਦਵਾਈ ਦਿਵਾਉਣ ਲਈ ਲੈ ਕੇ ਜਾ ਰਹੇ ਹਨ। ਗੋਲੀ ਚੱਲਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਮੈਨੇਜਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਐਤਵਾਰ ਸਵੇਰੇ ਉਦੋਂ ਪਤਾ ਲੱਗਾ, ਜਦੋਂ ਉਨ੍ਹਾਂ ਦੇ ਹੋਟਲ ਵਿਚ ਪੁਲਸ ਨੇ ਆ ਕੇ ਗੋਲੀ ਚੱਲਣ ਬਾਰੇ ਪੁੱਛਗਿੱਛ ਕਰਨੀ ਸ਼ੁਰੂ ਕੀਤੀ।
ਮ੍ਰਿਤਕ ਸਰਬਜੀਤ ਗਰੇਵਾਲ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ, ਜੋ ਕਿ ਆਪਣੇ ਏਰੀਏ ਵਿਚ ਖੇਡ ਪ੍ਰਮੋਟਰ ਵਜੋਂ ਪ੍ਰਸਿੱਧ ਸੀ। ਆਪਣੇ ਪਿੰਡ ਕੂੰਮ ਕਲਾਂ ਵਿਚ ਹਰੇਕ ਸਾਲ ਕਬੱਡੀ ਕੱਪ ਕਰਵਾਉਣ ਤੇ ਹੋਰ ਖੇਡਾਂ ਕਰਵਾਉਣ ਵਿਚ ਉਹ ਅਕਸਰ ਮੋਹਰੀ ਭੂਮਿਕਾ ਨਿਭਾਉਂਦਾ ਸੀ।
ਇਸ ਕੇਸ ਵਿਚ ਸਰਬਜੀਤ ਉਰਫ ਸਰਬੀ ਗਰੇਵਾਲ ਦੇ ਤਿੰਨਾਂ ਦੋਸਤਾਂ ਜਸਕੀਰਤ ਸਿੰਘ, ਰਵਿੰਦਰ ਸਿੰਘ, ਗੁਰਪਿਆਰ ਸਿੰਘ ਦੇ ਨਾਲ-ਨਾਲ ਹੋਟਲ ਕਰਾਊਨ ਵੈਸਟ ਦੇ ਮੈਨੇਜਰ ਪ੍ਰਵੀਨ ਕੁਮਾਰ ਨਿਵਾਸੀ ਪਿੰਡ ਧਨਾਸ (ਚੰਡੀਗੜ੍ਹ) ਤੇ ਹਾਊਸਕੀਪਰ ਅਮਿਤ ਕੁਮਾਰ ਨਿਵਾਸੀ ਅੰਬ ਸਾਹਿਬ ਕਾਲੋਨੀ ਫੇਜ਼-11 ਮੋਹਾਲੀ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ।


Related News