ਰੂਸ-ਯੂਕ੍ਰੇਨ ਜੰਗ : ਵਿਦੇਸ਼ਾਂ ''ਚ ਪੜ੍ਹ ਰਹੇ ਮੈਡੀਕਲ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ''ਚ, ਸਰਕਾਰ ਲੱਭ ਰਹੀ ਰਾਹ
Thursday, Mar 03, 2022 - 04:45 PM (IST)

ਨਵੀਂ ਦਿੱਲੀ : ਰੂਸ ਵੱਲੋਂ ਯੂਕ੍ਰੇਨ 'ਤੇ ਕੀਤੇ ਯੁੱਧ ਕਾਰਨ ਭਾਰੀ ਤਬਾਹੀ ਕੀਤੀ ਜਾ ਰਹੀ ਹੈ। ਹਰ ਨਾਗਰਿਕ ਆਪਣੀ ਜਾਨ ਬਚਾਉਣ ਲਈ ਨੱਠ ਰਿਹਾ ਹੈ। ਇਸ ਜੰਗ ਕਾਰਨ ਯੂਕ੍ਰੇਨ 'ਚ ਡਾਕਟਰੀ ਦੀ ਪੜ੍ਹਾਈ ਕਰਨ ਗਏ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਅਟਕ ਗਿਆ ਹੈ। ਆਪਣੀ ਜਾਨ ਬਚਾਉਣ ਤੋਂ ਬਾਅਦ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਆਪਣੇ ਕਰੀਅਰ ਅਤੇ ਡਿਗਰੀ ਨੂੰ ਬਚਾਉਣ ਦੀ ਹੈ। ਕੇਂਦਰ ਸਰਕਾਰ ਵੀ ਇਨ੍ਹਾਂ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੈ ਤੇ ਉਨ੍ਹਾਂ ਦੀ ਪੜ੍ਹਾਈ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਵਿਕਲਪਾਂ ਦੀ ਤਲਾਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਮੁੱਦੇ ’ਤੇ ਗੱਲ ਤਕ ਨਹੀਂ ਕਰਦੇ PM ਮੋਦੀ: ਰਾਹੁਲ
ਯੂਕ੍ਰੇਨ 'ਚ ਪੜ੍ਹ ਰਹੇ ਭਾਰਤੀਆਂ ਨੂੰ ਜੰਗ ਕਾਰਨ ਘਰ ਪਰਤਣਾ ਪੈ ਰਿਹਾ ਹੈ। ਇਹ ਯੁੱਧ ਕਦੋਂ ਖਤਮ ਹੋਵੇਗਾ, ਕੁਝ ਨਹੀਂ ਕਿਹਾ ਜਾ ਸਕਦਾ। ਇਸ ਦੇ ਨਾਲ ਹੀ ਚੀਨ ਤੋਂ 2 ਸਾਲ ਪਹਿਲਾਂ ਕੋਰੋਨਾ ਕਾਰਨ ਭਾਰਤ ਪਰਤੇ ਵਿਦਿਆਰਥੀ ਵੀ ਅਜੇ ਤੱਕ ਚੀਨ ਵਾਪਸ ਨਹੀਂ ਜਾ ਸਕੇ। ਅਜਿਹੇ 'ਚ ਕੀ ਭਾਰਤੀ ਵਿਦਿਆਰਥੀ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰ ਸਕਣਗੇ? ਇਹ ਇਕ ਵੱਡਾ ਸਵਾਲ ਹੈ। ਸਰਕਾਰ ਵੱਲੋਂ ਸੰਕਟ ਵਿੱਚ ਫਸੇ ਲਗਭਗ 16 ਹਜ਼ਾਰ ਭਾਰਤੀ ਮੈਡੀਕਲ ਵਿਦਿਆਰਥੀਆਂ ਨੂੰ ਭਾਰਤ ਦੇ ਕਾਲਜਾਂ ਵਿੱਚ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਸੰਭਵ ਹੈ ਕਿ ਸ਼ੁੱਕਰਵਾਰ ਨੂੰ ਇਸ ਮੁੱਦੇ 'ਤੇ ਅਹਿਮ ਬੈਠਕ ਹੋ ਸਕਦੀ ਹੈ। ਸਰਕਾਰ ਚਾਹੁੰਦੀ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਇਸ ਦੇ ਲਈ ਕੇਂਦਰ ਸਰਕਾਰ ਵਿਦੇਸ਼ੀ ਮੈਡੀਕਲ ਗ੍ਰੈਜੂਏਟ ਲਾਇਸੈਂਸਿੰਗ ਰੈਗੂਲੇਸ਼ਨ (FMGL) ਐਕਟ 'ਚ ਬਦਲਾਅ 'ਤੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਜੰਗ: ਭਾਰਤ ਹਵਾਈ ਫ਼ੌਜ ਦੇ 4 ਜਹਾਜ਼ਾਂ ਨੇ 798 ਭਾਰਤੀਆਂ ਦੀ ਕਰਵਾਈ ‘ਵਤਨ ਵਾਪਸੀ’
ਯੂਕ੍ਰੇਨ ਤੋਂ ਵਾਪਸ ਆ ਰਹੇ ਮੈਡੀਕਲ ਵਿਦਿਆਰਥੀਆਂ ਨੂੰ ਕਿਵੇਂ ਦਾਖਲਾ ਦਿੱਤਾ ਜਾਵੇਗਾ, ਬਾਰੇ ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਭਾਰਤ 'ਚ ਕਿਸੇ ਵੀ ਮੈਡੀਕਲ ਕਾਲਜ ਵਿੱਚ ਦਾਖਲੇ ਲਈ ਕਿਸੇ ਨੂੰ ਉਸੇ ਸਾਲ NEET ਪ੍ਰੀਖਿਆ ਪਾਸ ਕਰਨੀ ਪੈਂਦੀ ਹੈ, ਜਦੋਂ ਕਿ ਭਾਰਤ ਤੋਂ ਬਾਹਰ ਮੈਡੀਕਲ ਕਾਲਜ NEET ਪ੍ਰੀਖਿਆ ਪਾਸ ਕਰਨ ਦੇ 3 ਸਾਲਾਂ ਦੇ ਅੰਦਰ ਕਿਸੇ ਵੀ ਸਮੇਂ ਦਾਖਲਾ ਲੈ ਸਕਦੇ ਹਨ ਪਰ ਵਿਦੇਸ਼ੀ ਮੈਡੀਕਲ ਵਿਦਿਆਰਥੀਆਂ ਨੂੰ ਸਰਕਾਰੀ ਕਾਲਜਾਂ ਵਿੱਚ ਦਾਖ਼ਲਾ ਮਿਲਣ ਦੀ ਸੰਭਾਵਨਾ ਨਹੀਂ ਹੈ। ਇਨ੍ਹਾਂ ਵਿਦਿਆਰਥੀਆਂ ਕੋਲ ਆਨਲਾਈਨ ਪੜ੍ਹਾਈ ਦਾ ਵੀ ਕੋਈ ਵਿਕਲਪ ਨਹੀਂ ਹੈ ਕਿਉਂਕਿ ਯੂਕ੍ਰੇਨ ਵਿੱਚ ਬੁਨਿਆਦੀ ਢਾਂਚਾ ਇਸ ਹੱਦ ਤੱਕ ਤਬਾਹ ਹੋ ਚੁੱਕਾ ਹੈ ਕਿ ਇਸ ਸਮੇਂ ਆਨਲਾਈਨ ਅਧਿਐਨ ਕਰਨਾ ਸੰਭਵ ਨਹੀਂ ਹੈ। ਕੋਰੋਨਾ ਦੌਰਾਨ ਚੀਨ ਤੋਂ ਪਰਤੇ ਮੈਡੀਕਲ ਵਿਦਿਆਰਥੀਆਂ ਨੂੰ ਫਾਇਦਾ ਹੋ ਸਕਦਾ ਹੈ ਕਿਉਂਕਿ ਚੀਨ ਤੇ ਯੂਕ੍ਰੇਨ ਤੋਂ ਵਾਪਸ ਆਏ ਕਰੀਬ 25 ਹਜ਼ਾਰ ਵਿਦਿਆਰਥੀਆਂ ਨੂੰ ਐੱਫ. ਐੱਮ. ਜੀ. ਐੱਲ. ਐਕਟ ਵਿੱਚ ਬਦਲਾਅ ਦਾ ਲਾਭ ਮਿਲ ਸਕਦਾ ਹੈ।
ਇਹ ਵੀ ਪੜ੍ਹੋ : ਰੂਸ ਤੇ ਯੂਕ੍ਰੇਨ ਸੰਕਟ ਨਾਲ ਲਗਭਗ 1 ਲੱਖ ਪੇਸ਼ੇਵਰਾਂ ’ਤੇ ਸੰਕਟ, ਭਾਰਤ ਵੱਲ ਕਰ ਸਕਦੈ ਰੁਖ਼