ਔਰਤ ਅਤੇ ਪੁਰਸ਼ ਦੇ ਪਹਿਰਾਵੇ ਦਾ ਅਟੁੱਟ ਹਿੱਸਾ ‘ਮਾਸਕ ਦਾ ਭਵਿੱਖ’

05/18/2020 11:50:06 AM

ਸਮੁੱਚੇ ਵਿਸ਼ਵ ਲਈ ਚੁਣੌਤੀ ਬਣਨ ਵਾਲੇ ਕੋਰੋਨਾ ਵਾਇਰਸ 'ਤੇ ਇਕ ਨਾਂ ਇਕ ਦਿਨ ਇਨਸਾਨ ਨੇ ਜਿੱਤ ਪ੍ਰਾਪਤ ਕਰ ਹੀ ਲੈਣੀ ਹੈ। ਪਰ ਇਸ ਨੂੰ ਹਰਾ ਦੇਣ ਤੋਂ ਬਾਅਦ ਵੀ ਇਸ ਦੀ ਦਹਿਸ਼ਤ ਅਤੇ ਇਸਦੇ ਪ੍ਰਭਾਵਾਂ ਤੋਂ ਛੇਤੀ ਆਜ਼ਾਦੀ ਮਿਲ ਸਕਣੀ ਸੰਭਵ ਨਹੀਂ। ਕੋਰੋਨਾ ਦੀ ਚਿਰਕਾਲੀ ਦਹਿਸ਼ਤ ਨਾਲ ਇਨਸਾਨ ਦਾ ਵਿਵਹਾਰ ਅਤੇ ਪਹਿਰਾਵਾ ਤਬਦੀਲ ਹੋਣਾ ਵੀ ਯਕੀਨੀ ਹੈ। ਪਹਿਰਾਵੇ ਪੱਖੋਂ ਇਨਸਾਨਾਂ ਦਾ ਖਰਚਾ ਵਧ ਜਾਣਾ ਹੈ। ਮਾਸਕ ਹਰ ਔਰਤ ਅਤੇ ਪੁਰਸ਼ ਦੇ ਪਹਿਰਾਵੇ ਦਾ ਅਟੁੱਟ ਹਿੱਸਾ ਬਣ ਜਾਣਾ ਹੈ। ਹਰ ਅਮੀਰ ਅਤੇ ਗਰੀਬ ਲਈ ਮਾਸਕ ਪਹਿਨਣਾ ਜ਼ਰੂਰੀ ਬਣ ਜਾਵੇਗਾ। ਮਾਸਕ ਪਹਿਨਣ ਨੂੰ ਲਾਜ਼ਮੀ ਕਰਦੇ ਕਾਨੂੰਨ ਜਲਦੀ ਕੀਤਿਆਂ ਖਤਮ ਨਹੀਂ ਹੋਣ ਵਾਲੇ। ਮਾਸਕ ਨਾ ਪਹਿਨਣ ਵਾਲੇ ਤੋਂ ਲੋਕਾਂ ਨੇ ਹੀ ਪਾਸਾ ਵੱਟ ਲਿਆ ਕਰਨਾ ਹੈ। ਪੈਦਲ ਚੱਲਣ ਵਾਲਿਆਂ ਦੇ ਵੀ ਚਲਾਨ ਕੱਟਿਆ ਕਰੂ ਹੁਣ ਪੁਲਸ। ਲਾਜ਼ਮੀ ਤੌਰ 'ਤੇ ਪੁਲਸ ਦੇ ਚਾਹ ਪੀਣ ਦਾ ਘੇਰਾ ਵੀ ਵਿਸ਼ਾਲ ਹੋ ਜਾਣੈ। ਇਹ ਵੱਖਰੀ ਗੱਲ ਹੈ ਕਿ ਕੁਝ ਲੋਕ ਰੁਮਾਲ ਜਾਂ ਕੱਪੜੇ ਵਗੈਰਾ ਦਾ ਮਾਸਕ ਦੇ ਤੌਰ 'ਤੇ ਇਸਤੇਮਾਲ ਕਰਦੇ ਰਹਿਣ।

ਮਾਸਕ ਦਾ ਭਵਿੱਖ ਆਲਮੀ ਪੱਧਰ 'ਤੇ ਬੜਾ ਸੁਨਹਿਰਾ ਹੈ। ਦੁਨੀਆਂ ਦੇ ਹਰ ਮੁਲਕ ਵਿਚ ਮਾਸਕ ਦਾ ਇਸਤੇਮਾਲ ਹੋਵੇਗਾ। ਮਾਸਕ ਦੇ ਵਧਦੇ ਇਸਤੇਮਾਲ ਦੀ ਬਦੌਲਤ ਇਸ ਨਾਲ ਜੁੜੇ ਉਦਯੋਗ ਵੀ ਪ੍ਰਫੁਲਿਤ ਹੋਣਗੇ। ਲੋਕਾਂ ਨੇ ਬਾਕੀ ਲੀੜੇ ਕੱਪੜੇ ਖਰੀਦਣ ਸਮੇਂ ਹੀ ਮਾਸਕ ਦੀ ਵੀ ਖਰੀਦਦਾਰੀ ਕਰਿਆ ਕਰਨੀ ਹੈ। ਮਾਸਕ ਉਦਯੋਗ ਨੇ ਲਾਜ਼ਮੀ ਤੌਰ 'ਤੇ ਇਸ ਨੂੰ ਵੀ ਫੈਸ਼ਨ ਦੇ ਰੂਪ ਵਿਚ ਢਾਲ ਲੈਣਾ ਹੈ। ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਦੇ ਪਹਿਰਾਵੇ ਦੇ ਅੰਤਰ ਵਾਂਗ ਹੀ ਮਾਸਕ ਵੀ ਵੱਖਰੀ-ਵੱਖਰੀ ਕਿਸਮ ਦੇ ਹੋਣਗੇ। ਬੱਚਿਆਂ ਲਈ ਰੰਗਦਾਰ ਮਾਸਕ, ਨੌਜਵਾਨਾਂ ਮੁੰਡਿਆਂ ਲਈ ਅਲੱਗ ਮਾਸਕ ਹੋਣਗੇ, ਕੁੜੀਆਂ ਲਈ ਵੀ ਫੈਸ਼ਨ ਵਾਲੇ ਮਾਸਕ ਹੋਣਗੇ, ਬਜ਼ੁਰਗਾਂ ਲਈ ਚਿੱਟੇ ਅਤੇ ਸਾਦੇ ਮਾਸਕ ਹੋਣਗੇ। ਔਰਤਾਂ ਦੀਆਂ ਗੱਲਾਂ ਦਾ ਵਿਸ਼ਾ ਵੀ ਬਣ ਜਾਣਾ ਹੈ ਮਾਸਕ ''ਉਹ ਤਾਂ ਭਾਈ ਮਿੰਟ ਮਿੰਟ ਬਾਅਦ ਮਾਸਕ ਬਦਲਦੀ ਆ।

ਉਹ ਤਾਂ ਮਾਸਕਾਂ 'ਤੇ ਵਾਹਲੇ ਪੈਸੇ ਪੱਟਦੀ ਆ। ਜਵਾਕਾਂ ਨੂੰ ਤਾਂ ਮਾਸਕ ਨੀ ਜੁੜਦੇ ਵੱਡੇ ਨਾਢੂ ਖਾਹਾਂ ਤੋਂ''। ਮਾਸਕ ਸਕੂਲੀ ਵਰਦੀਆਂ ਦਾ ਵੀ ਹਿੱਸਾ ਬਣ ਜਾਣੈ। ਮਾਸਟਰਾਂ ਨੇ ਕਿਹਾ ਕਰਨੈ ਖੜੇ ਹੋ ਜੋ ਜਿਹੜੇ-ਜਿਹੜੇ ਮਾਸਕ ਨੀ ਪਹਿਨ ਕੇ ਆਏ। ਜਵਾਕਾਂ ਨੇ ਬਹਾਨੇ ਲਾਇਆ ਕਰਨੇ ਨੇ ਮੇਰਾ ਮਾਸਕ ਪਾਟ ਗਿਆ। ਮੇਰੀ ਬੇਬੇ ਕਹਿੰਦੀ ਸੀ ਅੱਜ ਲਿਆ ਕੇ ਦੇਵਾਂਗੇ ਨਵਾਂ। ਵਿਭਾਗ ਨੇ ਮਾਸਕ ਸੰਭਾਲ ਜਾਗਰੂਕਤਾ ਦਿਵਸ ਮਨਾਇਆ ਕਰਨੈ। ਜਵਾਕਾਂ ਦੀਆਂ ਲੜਾਈਆਂ ਵੀ ਹੋਣਗੀਆਂ ਮਾਸਕਾਂ ਪਿੱਛੇ ''ਇਹਨੇ ਮੇਰਾ ਮਾਸਕ ਪਾੜਤਾ ਮੈਡਮ ਜੀ। ਮਾਵਾਂ ਨੇ ਵੀ ਲੜਿਆ ਕਰਨਾ ਮਾਸਕਾਂ ਪਿੱਛੇ ''ਵੇ ਮਰ ਜਾਣੀ ਦਿਆ ਕੱਲ ਲਿਆ ਕੇ ਦਿੱਤਾ ਸੀ ਮਾਸਕ ਪਾੜ੍ਹ ਵੀ ਲਿਆ। ਕਿਹੜਾ ਲਿਆ ਕੇ ਦੇਵੇ ਤੈਨੂੰ ਰੋਜ਼-ਰੋਜ਼ ਨਵੇਂ ਮਾਸਕ। ਨੀ ਮਿੰਦੋ ਆ ਤੇਰੇ ਛਿੰਦੇ ਨੇ ਮਾਸਕ ਪਾੜ੍ਹ ਤਾਂ ਸਾਡੇ ਲਾਡੀ ਦਾ ਹਾਲੇ ਕੱਲ ਲਿਆ ਕੇ ਦਿੱਤਾ ਸੀ''।

ਪੜ੍ਹੋ ਇਹ ਵੀ ਖਬਰ - ਬਾਲ ਸਾਹਿਤ ਵਿਸ਼ੇਸ਼ : ਟਿਕ-ਟਾਕ ਦੀ ਨੰਨ੍ਹੀ ਕਲਾਕਾਰ ‘ਨੂਰਪ੍ਰੀਤ’

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਖੇਡ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ‘ਯੁਵਰਾਜ ਸਿੰਘ’

ਪੜ੍ਹੋ ਇਹ ਵੀ ਖਬਰ - ਉਡੀਸ਼ਾ ਲਈ ਖਤਰਨਾਕ ਸਿੱਧ ਹੋ ਸਕਦੈ "Amphan" ਚੱਕਰਵਾਤ (ਵੀਡੀਓ)

ਮੁੰਡੇ-ਕੁੜੀਆਂ ਦੇ ਰਿਸ਼ਤਿਆਂ ਵੇਲੇ ਵੀ ਮਾਸਕ ਦਾ ਜ਼ਿਕਰ ਜਰੂਰ ਆਇਆ ਕਰੂ। ਸਿਆਣੀਆਂ ਮਾਵਾਂ ਨੇ ਧੀਆਂ ਨੂੰ ਘਰੇ ਮਾਸਕ ਬਣਾਉਣੇ ਸਿਖਾ ਦੇਣੇ ਆ। ਫੇਰ ਰਿਸ਼ਤੇ ਵੇਲੇ ਵਿਚੋਲਾ ਕਿਹਾ ਕਰੂ ''ਕੁੜੀ ਘਰ ਦੇ ਸਾਰੇ ਕੰਮ ਧੰਦੇ ਜਾਣਦੀ ਆ ਜੀ। ਆਪ ਈ ਮਾਸਕ ਬਣਾ ਲੈਂਦੀ ਐ। ਐਹੋ ਜਹੇ ਸੋਹਣੇ ਮਾਸਕ ਬਣਾਉਂਦੀ ਆ ਪਤਾ ਕਿਹੜਾ ਲੱਗਦਾ ਵੀ ਮੁੱਲ ਦਾ ਕਿ ਘਰ ਦਾ ਬਣਿਆ ਹੋਇਐ''। ਮੁੰਡੇ ਵਾਲੇ ਕਿਹਾ ਕਰਨਗੇ ਭਾਈ ਅਸੀਂ ਲੈਣਾ ਲੂਣਾ ਕੁਝ ਨਹੀਂ ਬੱਸ ਸਾਰੇ ਟੱਬਰ ਦੀਆਂ ਪੋਸ਼ਾਕਾਂ ਵਧੀਆ ਹੋਣ ਮਾਸਕਾਂ ਸਮੇਤ। ਕਈ ਮਾਮਿਆਂ ਅਤੇ ਫੁੱਫੜਾਂ ਸਮੇਤ ਜੀਜਿਆਂ ਲਈ ਲਈ ਵੀ ਮਾਸਕ ਮੰਗਿਆ ਕਰਨਗੇ। ਵਿਆਂਦੜ ਮੁੰਡੇ ਅਤੇ ਕੁੜੀ ਲਈ ਵੀ ਵੱਖਰੀ ਕਿਸਮ ਦੇ ਮਾਸਕ ਲਾਜ਼ਮੀ ਤੌਰ 'ਤੇ ਬਾਜ਼ਾਰ ਵਿਚ ਆਉਣਗੇ। ਕੱਪੜੇ ਵਿਖਾਉਣ ਸਮੇਂ ਕਿਹਾ ਕਰਨਗੀਆਂ ''ਆਹ ਸੱਸ ਦਾ ਸੂਟ ਤੇ ਮਾਸਕ ਆਹ ਸਹੁਰੇ ਦੀ ਪੈਂਟ ਸ਼ਰਟ ਤੇ ਮਾਸਕ''। ਸੱਸ ਨੂੰਹ ਦੀ ਲੜਾਈ ਵਿਚ ਨਵਾਂਪਣ ਆਵੇਗਾ ''ਤੇਰੇ ਨੰਗ ਮਾਪਿਆਂ ਤੋਂ ਚਾਰ ਮਾਸਕ ਤਾਂ ਚੱਜ ਦੇ ਸਰੇ ਨੀ। ਆਹ ਸੜੇ ਹੋਏ ਕੱਪੜੇ ਦੇ ਮਾਸਕ ਮੱਥੇ ਮਾਰੇ ਸਾਡੇ...ਆਦਿ''। ਨੂੰਹ ਵੀ ਕਿਹਾ ਕਰੂ ''ਤੁਸੀਂ ਕੱਲੀ ਕੱਲੀ ਨੂੰਹ ਘਰੇ ਲਿਆਉਣੀ ਸੀ ਵਰੀ ਨਾਲ ਪੰਜ ਮਾਸਕ ਦੇ ਕੇ ਸਾਰ ਤਾ। ਆਹ ਤਾਂ ਮੇਰੀ ਮਾਂ ਨੇ ਦਿੱਤੇ ਨੇ ਜਿਹੜੇ ਮੈਂ ਪਾਈ ਫਿਰਦੀ ਆਂ। ਥੋਡੇ ਵਾਲੇ ਤਾਂ ਕਿੱਧਣ ਦੇ ਪਾਟੇ ਨੇ''।

ਪਤਨੀ ਨੇ ਕਿਹਾ ਕਰਨੈ ''ਇਸ ਘਰੇ ਤਾਂ ਮੈਨੂੰ ਮਾਸਕ ਨੀ ਜੁੜਿਆ ਜਿੱਦਣ ਦੀ ਆਈ ਆਂ। ਕਦੇ ਚੱਜ ਦਾ ਮਾਸਕ ਨੀ ਪਾ ਕੇ ਵੇਖਿਆ। ਆਹ ਵੇਖ ਲੈ ਫਲਾਣੀ ਕਿਵੇਂ ਨਿੱਤ ਮਾਸਕ ਬਦਲਦੀ ਆ। ਫੇਰ ਮਾਸਕਾਂ ਦੇ ਧੋਣ ਦਾ ਵੀ ਰੌਲਾ ਰੱਪਾ ਰਿਹਾ ਕਰੂ ''ਨੂੰਹ ਕਿਹਾ ਕਰੂ ਮੈਥੋਂ ਨੀ ਬੁੜੇ ਦਾ ਮਾਸਕ ਧੋਤਾ ਜਾਂਦਾ। ਮੁਸਕ ਮਾਰਦਾ ਇਹਦੇ ਵਿਚੋਂ। ਅੱਡ ਹੋ ਜਾਵੋ ਜੀ ਮੈਂ ਤਾਂ ਸਾਰੇ ਟੱਬਰ ਦੇ ਮਾਸਕ ਧੋਂਦੀ ਨੇ ਈ ਮਰ ਜਾਣੈ ਨਹੀਂ''। ਕਈ ਸਫਾਈ ਪਸੰਦ ਔਰਤਾਂ ਨੇ ਇਹ ਵੀ ਕਿਹਾ ਕਰਨੈ ''ਨੀ ਉਹ ਤਾਂ ਭਾਈ ਵਾਹਲੀ ਸੜੀ ਹੋਈ ਆ। ਮਹੀਨਾ ਮਹੀਨਾ ਤਾਂ ਮਾਸਕ ਨੀ ਧੋਂਦੀ। ਮੁਸਕ ਮਾਰਦਾ ਜਦੋਂ ਬੋਲਦੀ ਆ''। ਬੁੱਲਾਂ ਦੇ ਮੇਕਅੱਪ ਨੂੰ ਵੀ ਭਾਰੀ ਠੇਸ ਪਹੁੰਚਣ ਦਾ ਖਤਰਾ ਪੈਦਾ ਹੋ ਜਾਵੇਗਾ।ਜ ਦੋਂ ਬੁੱਲ ਵਿਖਾਉਣੇ ਈ ਨਹੀਂ ਫਿਰ ਲਿਪਸਟਿਕ 'ਤੇ ਪੈਸੇ ਕਾਹਦੇ ਲਈ ਪੱਟਣੇ ਆ। ਓਹੀ ਲਿਪਸਟਿਕ ਵਾਲੇ ਪੈਸਿਆਂ ਦੇ ਮਾਸਕ ਲਿਆਵਾਂਗੇ। ਕਈ ਸਿਆਣੀਆਂ ਨੇ ਕਿਹਾ ਕਰਨੈ। ਮੋਟੇ ਅਤੇ ਪਤਲੇ ਬੁੱਲਾਂ ਦਾ ਝਮੇਲਾ ਈ ਖਤਮ ਹੋ ਜਾਣੈ।ਘਰੇਲੂ ਨੌਕਰਾਣੀਆਂ ਨੇ ਮਾਸਕਾਂ ਸਮੇਤ ਕੱਪੜਿਆਂ ਦੀ ਧੁਆਈ ਦੇ ਪੈਸੇ ਵਧਾ ਦੇਣੈ ਆ।

ਪੜ੍ਹੋ ਇਹ ਵੀ ਖਬਰ - ਪੰਜਾਬ ਖਿੜਕੀ-4 : ਮਹਾਰਾਣੀ ਜਿੰਦਾਂ ਦੀਆਂ ਦੋ ਇਤਿਹਾਸਕ ਚਿੱਠੀਆਂ

ਪੜ੍ਹੋ ਇਹ ਵੀ ਖਬਰ - ਮੋਟਾਪਾ ਤੇ ਐਸੀਡਿਟੀ ਤੋਂ ਪਰੇਸ਼ਾਨ ਲੋਕ ਖਾਣ ‘ਟਿੰਡੇ’ ਦੀ ਸਬਜ਼ੀ, ਹੋਣਗੇ ਲਾਜਵਾਬ ਫਾਇਦੇ

ਕੁੜੀਆਂ ਮੁੰਡਿਆਂ ਦੀ ਆਸ਼ਕੀ ਵਿਚੋਂ ਬੁੱਲ ਚੱਬਣਾ ਵੀ ਮਨਫੀ ਹੋ ਜਾਣੈ। ਬੁੱਲਾਂ ਦੀ ਤਾਰੀਫ ਵੀ ਖਤਮ ਹੋ ਜਾਣੀ ਆ। ਮੁੰਡਿਆਂ ਨੇ ਕਿਹਾ ਕਰਨੈ ''ਕਦੇ ਬੁੱਲ ਤਾਂ ਵਿਖਾ ਮਿੱਠੀਏ ਸਾਰਾ ਦਿਨ ਮਾਸਕ ਨਾਲ ਢਕੀ ਰੱਖਦੀ ਐਂ'' ਕਈ ਨਟਖਟੀਆਂ ਨੇ ਕਿਹਾ ਕਰਨੈ ''ਆਪਣੀ ਭੈਣ ਦੇ ਵੇਖ ਲਈ ਘਰੇ ਮਾਸਕ ਲੁਹਾ ਕੇ''। ਕੁੜੀਆਂ ਮੁੰਡਿਆਂ ਦੀ ਆਪਸ ਵਿਚ ਪਸੰਦ ਵੀ ਕੁਝ ਇਸ ਤਰ੍ਹਾਂ ਦੀ ਹੋ ਜਾਣੀ ਐ ''ਨੀ ਦੇਸੀ ਜਿਹਾ ਨਾਂ ਝੱਜ ਦਾ ਮਾਸਕ ਪਾਉਂਦਾ ਨਾ ਵਾਸਤਾ''। ਮੁੰਡਿਆਂ ਨੇ ਵੀ ਕਿਹਾ ਕਰਨੈ ''ਵਾਹਲੀ ਘੈਂਟ ਆ ਬਾਈ ਮਿੰਟ-ਮਿੰਟ 'ਤੇ ਮਾਸਕ ਬਦਲਦੀ ਆ। ਮਾਸਕ ਵਾਹਲੇ ਘੈਂਟ ਰੱਖਦੀ ਆ ਚੜ੍ਹਦੇ ਤੋਂ ਚੜ੍ਹਦਾ। ਲਾਜ਼ਮੀ ਤੌਰ 'ਤੇ ਕੁੜੀਆਂ ਦੇ ਪਹਿਰਾਵੇ ਵਾਂਗ ਹੀ ਉਨ੍ਹਾਂ ਦੇ ਮਾਸਕ ਵੀ ਰੰਗਦਾਰ ਅਤੇ ਵਰਾਇਟੀ ਭਰਪੂਰ ਹੋਣਗੇ। ਕੁੜੀਆਂ ਨੇ ਮਾਸਕ ਖਰੀਦਣ ਵੇਲੇ ਸੂਟਾਂ ਦੀ ਖਰੀਦਦਾਰੀ ਵਾਂਗ ਹੀ ਦੁਕਾਨਦਾਰਾਂ ਦੇ ਹੱਥ ਖੜ੍ਹੇ ਕਰਵਾ ਦੇਇਆ ਕਰਨੇ ਆ। ਕਿਹਾ ਕਰਨਗੀਆਂ ''ਭਾਈ ਆ ਤਾਂ ਜਮਾਂ ਈ ਮੈਚਿੰਗ ਨੀ ਮੇਰੇ ਸੂਟ ਨਾਲ। ਕੋਈ ਹੋਰ ਵਿਖਾ ਤਾਂ ਨਵੇਂ ਜੇ ਡਿਜ਼ਾਇਨ 'ਚ''। ਦੁਕਾਨਦਾਰ ਵੀ ਵਿਚਾਰੇ ਕਿਹਾ ਕਰਨਗੇ ''ਭੈਣ ਜੀ ਪਾ ਕੇ ਤਾਂ ਵੇਖੋ ਥੋਡੇ ਤਾਂ ਜਚਦਾ ਈ ਬਾਹਲਾ ਇਹ ਮਾਸਕ। ਨਾਲੇ ਇਹਦਾ ਤਾਂ ਹੁਣ ਰਿਵਾਜ਼ ਈ ਬਹੁਤ ਆ। ਕੋਈ ਕਿਹਾ ਕਰੂ ਇਹ ਤਾਂ ਆਇਆ ਅੱਜ ਈ ਆ। ਬੱਸ ਖੋਲ੍ਹ ਕੇ ਪਹਿਲਾ ਪੀਸ ਥੋਨੂੰ ਈ ਦਿੱਤੈ''। ਕਈ ਵਡੇਰੀ ਉਮਰ ਦੀਆਂ ਨੇ ਹੰਢਣਸਾਰ ਵੀ ਮੰਗਿਆ ਕਰਨੇ ਨੇ।''ਵੇ ਭਾਈ ਜਿਹੜਾ ਮੈਂ ਪਿਛਲੀ ਵਾਰ ਲੈ ਕੇ ਗਈ ਸੀ ਚਾਰ ਦਿਨ ਨੀ ਚੱਲਿਆ। ਕੋਈ ਚੱਜ ਜੇ ਦਾ ਵਿਖਾ ਜੇ ਹੈਗਾ ਤਾਂ''। ''ਇਹ ਤਾਂ ਬੇਬੇ ਜਿਮੇਂ ਮਰਜੀ ਕੁੱਟ ਕੁੱਟ ਹੰਢਾਈ ਚੱਲੀ। ਪਾਟਣਾ ਨੀ ਹੈਗਾ ਤੇਰਾ ਜੀ ਲਹਿ ਜੂ ਅਦਿ''।

ਮਾਸਕ 'ਤੇ ਗੀਤ ਵੀ ਲਾਜ਼ਮੀ ਆਉਣਗੇ।''ਟੁੱਟ ਪੈਣਾ ਮਾਸਕ ਵਿਚੋਂ ਦੀ ਬੁੱਲ ਵੇਖਣ ਨੂੰ ਫਿਰਦਾ, ਕੁੜੀਏ ਨੀ ਨਾਭੀ ਮਾਸਕ ਵਾਲੀਏ, ਲਿਸ਼ਕਾਂ ਮਾਰੇ ਮਾਸਕ ਕੁੜੀ ਦਾ, ਫੈਸ਼ਨਾਂ ਦੀ ਪੱਟੀ ਦੇ ਕੋਈ ਮਾਸਕ ਪਸੰਦ ਨਾ ਆਵੇ, ਜਾਂ ਫਿਰ ਅਸੀਂ ਪੇਂਡੂ ਜੱਟ ਕੁੜੀਏ ਬੰਨ੍ਹ ਕੇ ਰੁਮਾਲ ਸਾਰ ਲੈਨੇ ਆਂ, ਪੱਟ ਹੋਣਿਆਂ ਵੇ ਤੇਰਾ ਮਾਸਕ ਅੱਲੜਾਂ ਦੀ ਜਾਨ ਕੱਢਦਾ''। ਕਈ ਫਿਰ ਹਿੰਸਕ ਗੀਤ ਵੀ ਆਉਣਗੇ ''ਜੱਟ ਮਾਸਕਾਂ ਦੀ ਝੱਲੇ ਨਾਂ ਗੁਲਾਮੀ ਕੁੜੀਏ''। ਗੱਲ ਕੀ ਇਨਸਾਨੀ ਜ਼ਿੰਦਗੀ ਦੇ ਹਰ ਖੇਤਰ 'ਚ ਮਾਸਕ ਆਪਣੀ ਜਗ੍ਹਾਂ ਬਣਾਵੇਗਾ।

ਬਿੰਦਰ ਸਿੰਘ ਖੁੱਡੀ ਕਲਾਂ
ਮੋਬ : 98786-05965
ਗਲੀ ਨੰਬਰ 1,ਸਕਤੀ ਨਗਰ ,ਬਰਨਾਲਾ


rajwinder kaur

Content Editor

Related News