ਕੁਵੈਤ 'ਚ ਅਗਨੀਕਾਂਡ ਦਾ ਸ਼ਿਕਾਰ ਹੋਏ ਹੁਸ਼ਿਆਰਪੁਰ ਦੇ ਹਿੰਮਤ ਰਾਏ ਦਾ ਹੋਇਆ ਅੰਤਿਮ ਸੰਸਕਾਰ, ਭੁੱਬਾਂ ਮਾਰ ਰੋਇਆ ਪਰਿਵਾਰ

Monday, Jun 17, 2024 - 07:01 PM (IST)

ਕੁਵੈਤ 'ਚ ਅਗਨੀਕਾਂਡ ਦਾ ਸ਼ਿਕਾਰ ਹੋਏ ਹੁਸ਼ਿਆਰਪੁਰ ਦੇ ਹਿੰਮਤ ਰਾਏ ਦਾ ਹੋਇਆ ਅੰਤਿਮ ਸੰਸਕਾਰ, ਭੁੱਬਾਂ ਮਾਰ ਰੋਇਆ ਪਰਿਵਾਰ

ਹੁਸ਼ਿਆਰਪੁਰ (ਅਮਰੀਕ)- ਕੁਵੈਤ ਵਿਖੇ ਬਿਲਡਿੰਗ ਨੂੰ ਅੱਗ ਲੱਗਣ ਕਾਰਨ ਵਾਪਰੇ ਅਗਨੀਕਾਂਡ ਦੌਰਾਨ ਮਾਰੇ ਗਏ ਹੁਸ਼ਿਆਰਪੁਰ ਦੇ ਹਿੰਮਤ ਰਾਏ ਦਾ ਅੰਤਿਮ ਸੰਸਕਾਰ ਬੀਤੇ ਦਿਨ ਕਰ ਦਿੱਤਾ ਗਿਆ। ਇਥੇ ਦੱਸ ਦੇਈਏ ਕਿ ਹਿੰਮਤ ਰਾਏ ਦੀ ਮ੍ਰਿਤਕ ਦੇਹ ਬੀਤੇ ਦਿਨੀਂ ਉਨ੍ਹਾਂ ਦੇ ਜੱਦੀ ਪਿੰਡ ਲਿਆਂਦੀ ਗਈ ਸੀ। ਜਿਵੇਂ ਹੀ ਹਿੰਮਤ ਰਾਏ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪਰਿਵਾਰ ਸਮੇਤ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਪਈ। ਹਿੰਮਤ ਰਾਏ ਤਿੰਨ ਬੱਚਿਆਂ ਦਾ ਪਿਓ ਸੀ।  ਅੰਤਿਮ ਸੰਸਕਾਰ ਮੌਕੇ ਵਿਧਾਇਕ ਡਾ. ਰਵਜੋਤ ਸਿੰਘ ਮੌਜੂਦ ਰਹੇ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਉਪਲੱਬਧ ਕਰਵਾਉਣ ਵਿਚ ਪੂਰੀ ਮਦਦ ਕੀਤੀ ਜਾਵੇਗੀ। ਉਥੇ ਹੀ ਹਿੰਮਤ ਰਾਏ ਦੀ ਬੇਟੀ ਨੇ ਕਿਹਾ ਕਿ ਉਨ੍ਹਾਂ ਦਾ 15 ਸਾਲਾ ਭਰਾ ਅਜੇ ਬਹੁਤ ਛੋਟਾ ਹੈ ਅਤੇ ਉਹ ਪਿਤਾ ਦਾ ਜਾਨ ਮਗਰੋਂ ਇਕੱਲਾ ਰਹਿ ਗਿਆ ਹੈ। ਪਿਤਾ ਨੇ ਭਰਾ ਦੇ ਪਾਲਣ-ਪੋਸ਼ਣ ਲਈ 15 ਸਾਲ ਅਜੇ ਹੋਰ ਮਿਹਨਤ ਕਰਨੀ ਸੀ ਤਾਂਕਿ ਭਰਾ ਦਾ ਭਵਿੱਖ ਬਣ ਸਕੇ। ਹਿੰਮਤ ਰਾਏ ਦੀ ਧੀ ਵੱਲੋਂ ਵੀ ਵਿਧਵਾ ਮਾਂ ਅਤੇ ਭਰਾ ਲਈ ਪੰਜਾਬ ਸਰਕਾਰ ਨੂੰ ਆਰਥਿਕ ਮਦਦ ਦੀ ਮੰਗ ਕੀਤੀ ਗਈ ਹੈ। 

PunjabKesari

ਇਹ ਵੀ ਪੜ੍ਹੋ-  ਜਲੰਧਰ ਜ਼ਿਮਨੀ ਚੋਣ ’ਚ ਟਿਕਟ ਦੇ ਦਾਅਵੇਦਾਰਾਂ ਦੀ ਫ਼ੌਜ ’ਚ ਬਗਾਵਤ ਦੀ ਸੰਭਾਵਨਾ, ਕਾਂਗਰਸ ਕਰਨ ਲੱਗੀ ਮੰਥਨ

ਜ਼ਿਕਰਯੋਗ ਹੈ ਕਿ ਕੁਵੈਤ ਵਿਖੇ ਬਿਲਡਿੰਗ ਨੂੰ ਅੱਗ ਲੱਗਣ ਕਾਰਨ ਵਾਪਰੇ ਅਗਨੀਕਾਂਡ ਵਿਚ ਮਾਰੇ ਗਏ ਕਰੀਬ 50 ਭਾਰਤੀਆਂ ਵਿਚ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਿੰਮਤ ਰਾਏ ਵੀ ਸ਼ਾਮਲ ਸੀ। ਉਕਤ ਵਿਅਕਤੀ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਜਿਵੇਂ ਹੀ ਹਿੰਮਤ ਰਾਏ ਦੀ ਮੌਤ ਵਾਲੀ ਖ਼ਬਰ ਪਰਿਵਾਰ ਨੇ ਸੁਣੀ ਤਾਂ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਪਰਿਵਾਰ ਵਿਚ ਮਾਤਮ ਛਾ ਗਿਆ। ਮ੍ਰਿਤਕ ਦੀ ਪਤਨੀ ਅਤੇ ਜਵਾਈ ਨੇ ਦੁੱਖ਼ ਬਿਆਨ ਕਰਦਿਆਂ ਦੱਸਿਆ ਸੀ ਕਿ ਹਿੰਮਤ ਰਾਏ ਪਿਛਲੇ ਤਕਰੀਬਨ 25 ਸਾਲ ਤੋਂ ਵੱਧ ਸਮੇਂ ਤੋਂ ਕੁਵੈਤ ਵਿੱਚ ਕੰਮ ਕਰ ਰਿਹਾ ਸੀ ਅਤੇ ਪਰਿਵਾਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਹਿੰਮਤ ਰਾਏ ਦਾ ਇਕ ਬੇਟਾ ਅਤੇ ਦੋ ਧੀਆਂ ਹਨ। ਪੁੱਤਰ ਅਜੇ ਦਸਵੀਂ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਧੀਆਂ ਵਿਆਹੀਆਂ ਹੋਈਆਂ ਹਨ।

PunjabKesari

ਇਹ ਵੀ ਪੜ੍ਹੋ- ਹਾਜੀਪੁਰ 'ਚ ਵਾਪਰੇ ਹਾਦਸੇ ਨੇ ਉਜਾੜ 'ਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਜਵਾਨ ਪੁੱਤ ਦੀ ਦਰਦਨਾਕ ਮੌਤ

ਹਿੰਮਤ ਰਾਏ ਦੇ ਜਵਾਈ ਨੇ ਭਰੀਆਂ ਅੱਖਾਂ ਨਾਲ ਦੁੱਖ਼ ਬਿਆਨ ਕਰਦਿਆਂ ਦੱਸਿਆ ਕਿ ਸਿਰਫ਼ ਹੁਸ਼ਿਆਰਪੁਰ ਦੇ ਤਹਿਸੀਲਦਾਰ ਵੱਲੋਂ ਉਨ੍ਹਾਂ ਨੂੰ ਹਿੰਮਤ ਰਾਏ ਦੀ ਮੌਤ ਸਬੰਧੀ ਜਾਣਕਾਰੀ ਦੇਣ ਤੋਂ ਇਲਾਵਾ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਹੋਰ ਕੋਈ ਨੁਮਾਇੰਦਾ ਨਹੀਂ ਪਹੁੰਚਿਆ। ਉਨ੍ਹਾਂ ਮੰਗ ਕੀਤੀ ਕਿ ਪਰਿਵਾਰ ਵਿੱਚ ਹਿੰਮਤ ਰਾਏ ਇਕੱਲਾ ਕਮਾਉਣ ਵਾਲਾ ਸੀ ਅਤੇ ਹੁਣ ਉਸ ਦੇ ਬੇਟੇ ਅਰਸ਼ਦੀਪ ਦਾ ਭਵਿੱਖ ਧੁੰਦਲਾ ਨਾ ਹੋਵੇ ਉਸ ਲਈ ਸਰਕਾਰ ਉਸ ਦੀ ਬਾਂਹ ਜ਼ਰੂਰ ਫੜੇ ਅਤੇ ਪਰਿਵਾਰ ਦੀ ਆਰਥਿਕ ਮਦਦ ਜ਼ਰੂਰ ਕੀਤੀ ਜਾਵੇ।  ਹਿੰਮਤ ਰਾਏ ਦੀ ਪਤਨੀ ਸਰਬਜੀਤ ਕੌਰ ਕਿਹਾ ਕਿ ਉਸ ਦਾ ਪਤੀ ਪਰਿਵਾਰ ਦਾ ਇਕੱਲਾ ਰੋਟੀ ਕਮਾਉਣ ਵਾਲਾ ਸੀ। ਰਾਏ ਕਰੀਬ 28-30 ਸਾਲ ਪਹਿਲਾਂ ਦੇਸ਼ ਛੱਡ ਗਿਆ ਸੀ ਅਤੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਕੁਵੈਤ 'ਚ 'ਐੱਨ. ਬੀ. ਟੀ. ਸੀ.' ਕੰਪਨੀ 'ਚ ਕੰਮ ਕਰ ਰਿਹਾ ਸੀ। ਪਰਿਵਾਰ ਨੇ ਦੱਸਿਆ ਕਿ ਉਹ ਕੰਪਨੀ ਦੇ ਫੈਬਰੀਕੇਸ਼ਨ ਵਿਭਾਗ ਵਿੱਚ ਫੋਰਮੈਨ ਸੀ। ਉਨ੍ਹਾਂ ਦੀਆਂ ਦੋ ਧੀਆਂ ਅਮਨਦੀਪ ਕੌਰ (35) ਅਤੇ ਸੁਮਨਦੀਪ ਕੌਰ (32) ਵਿਆਹੀਆਂ ਹੋਈਆਂ ਹਨ, ਜਦਕਿ ਉਨ੍ਹਾਂ ਦਾ 16 ਸਾਲਾ ਪੁੱਤਰ ਅਰਸ਼ਦੀਪ ਸਿੰਘ ਬਾਗਪੁਰ ਦੇ ਇਕ ਸਕੂਲ ਵਿੱਚ 10ਵੀਂ ਜਮਾਤ ਵਿੱਚ ਪੜ੍ਹਦਾ ਹੈ। 

PunjabKesari

ਰਾਏ ਦਾ ਪਰਿਵਾਰ 2012 ਵਿੱਚ ਸਲੇਮਪੁਰ ਪਿੰਡ ਤੋਂ ਕੱਕੋਨ ਵਿੱਚ ਆਪਣੇ ਨਵੇਂ ਬਣੇ ਘਰ ਵਿੱਚ ਆ ਗਿਆ ਸੀ। ਪਰਿਵਾਰ ਨੂੰ ਵੀਰਵਾਰ ਨੂੰ ਹਿੰਮਤ ਰਾਏ ਦੇ ਇਕ ਸਾਥੀ ਦਾ ਫੋਨ ਆਇਆ ਸੀ ਜਿਸ ਵਿਚ ਰਾਏ ਦੀ ਅਗਨੀਕਾਂਡ ਵਿਚ ਮੌਤ ਹੋਣ ਦੀ ਸੂਚਨਾ ਦਿੱਤੀ ਗਈ ਸੀ। ਪਰਿਵਾਰ ਨੇ ਇਸ 'ਤੇ ਵਿਸ਼ਵਾਸ ਨਹੀਂ ਕੀਤਾ ਅਤੇ ਇਕ ਹੋਰ ਰਿਸ਼ਤੇਦਾਰ ਨੂੰ ਬੁਲਾਇਆ ਜੋ ਉਸੇ ਕੰਪਨੀ ਵਿਚ ਕੰਮ ਕਰਦਾ ਸੀ। ਉਨ੍ਹਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਰਾਏ ਨੂੰ ਐਮਰਜੈਂਸੀ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਹਿੰਮਤ ਦੀ ਮੌਤ ਹੋ ਗਈ। ਰਾਏ ਪਿਛਲੇ ਸਾਲ ਆਪਣੇ ਘਰ ਆਇਆ ਸੀ ਅਤੇ ਕਰੀਬ ਦੋ ਮਹੀਨੇ ਰਹਿਣ ਤੋਂ ਬਾਅਦ ਕੁਵੈਤ ਪਰਤਿਆ ਸੀ। ਉਨ੍ਹਾਂ ਨੇ ਮੰਗਲਵਾਰ ਨੂੰ ਆਪਣੇ ਪਰਿਵਾਰ ਨਾਲ ਆਖਰੀ ਵਾਰ ਗੱਲ ਕੀਤੀ।

PunjabKesari

ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਵਧਾਈ ਗਈ ਸੁਰੱਖਿਆ, ਵਾਧੂ ਫੋਰਸ ਕੀਤੀ ਗਈ ਤਾਇਨਾਤ, ਜਾਣੋ ਕੀ ਰਿਹਾ ਕਾਰਨ
PunjabKesari

ਹਿੰਮਤ ਰਾਏ ਦੀ ਧੀ ਸੁਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜਿਸ ਇਮਾਰਤ ਵਿੱਚ ਰਹਿੰਦੇ ਸਨ, ਉਸ ਵਿੱਚ ਘੱਟੋ-ਘੱਟ 195 ਹੋਰ ਲੋਕ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਜੇਕਰ ਇਮਾਰਤ 'ਚ ਇੰਨੇ ਲੋਕ ਨਾ ਹੁੰਦੇ ਤਾਂ ਸ਼ਾਇਦ ਲੋਕ ਆਸਾਨੀ ਨਾਲ ਬਚ ਨਿਕਲਦੇ। ਇਸ ਦੌਰਾਨ ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਸ਼ਾਸਨ ਦੇ ਅਧਿਕਾਰੀ ਰਾਏ ਦੀ ਲਾਸ਼ ਲੈਣ ਲਈ ਦਿੱਲੀ ਗਏ ਸਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਾਏ ਦੇ ਪਰਿਵਾਰ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇਗੀ। 
PunjabKesari

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News