ਜ਼ਿਲੇ ''ਚ ਪੁਲਸ ਵਿਭਾਗ ਪੂਰੀ ਤਰ੍ਹਾਂ ਮੁਸਤੈਦ

Thursday, Aug 24, 2017 - 07:55 AM (IST)

ਜ਼ਿਲੇ ''ਚ ਪੁਲਸ ਵਿਭਾਗ ਪੂਰੀ ਤਰ੍ਹਾਂ ਮੁਸਤੈਦ

ਕੋਟਕਪੂਰਾ/ਜੈਤੋ  (ਨਰਿੰਦਰ, ਜਿੰਦਲ) - ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਸਬੰਧਿਤ ਕੇਸ ਦੀ 25 ਅਗਸਤ ਨੂੰ ਪੰਚਕੁਲਾ ਦੀ ਸੀ. ਬੀ. ਆਈ. ਅਦਾਲਤ 'ਚ ਹੋਣ ਵਾਲੀ ਅਹਿਮ ਸੁਣਵਾਈ ਨੂੰ ਧਿਆਨ ਵਿਚ ਰੱਖਦੇ ਹੋਏ ਕੇਂਦਰ ਤੇ ਰਾਜ ਸਰਕਾਰਾਂ ਨੇ ਸਾਰੇ ਵਿਭਾਗਾਂ ਨੂੰ ਹਾਈ ਅਲਰਟ ਕਰ ਦਿੱਤਾ ਹੈ। ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਆਪਣੇ ਅਧੀਨ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਕੇ ਸੰਭਾਵਿਤ ਸਥਿਤੀ ਨਾਲ ਨਿਪਟਣ ਲਈ ਹਰ ਪੱਖ ਤੋਂ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਜ਼ਿਲੇ ਭਰ ਦੇ ਨਾਮ ਚਰਚਾ ਘਰਾਂ 'ਚ ਪ੍ਰੇਮੀਆਂ ਵੱਲੋਂ ਕੀਤੀ ਜਾ ਰਹੀ ਨਾਮ ਚਰਚਾ ਨੂੰ ਲੈ ਕੇ ਵੀ ਪ੍ਰਸ਼ਾਸਨ ਵੱਲੋਂ ਤਿੱਖੀ ਨਿਗ੍ਹਾ ਰੱਖੀ ਜਾ ਰਹੀ ਹੈ ਅਤੇ ਹਰ ਸਥਿਤੀ 'ਤੇ ਪੈਨੀ ਨਜ਼ਰ ਰੱਖਦੇ ਹੋਏ ਪੁਲਸ ਵਿਭਾਗ ਪੂਰੀ ਤਰ੍ਹਾਂ ਮੁਸਤੈਦ ਦਿਖਾਈ ਦੇ ਰਿਹਾ ਹੈ। ਪੁਲਸ ਸੂਤਰਾਂ ਅਨੁਸਾਰ ਗ੍ਰਹਿ ਵਿਭਾਗ ਦੇ ਹੁਕਮਾਂ 'ਤੇ ਪੁਲਸ ਵਿਭਾਗ ਨੇ ਨਾਮ ਚਰਚਾ ਘਰਾਂ ਦੇ ਆਲੇ-ਦੁਆਲੇ ਸੁਰੱਖਿਆ ਕਰਮੀ ਤਾਇਨਾਤ ਕਰ ਦਿੱਤੇ ਹਨ ਅਤੇ ਇਸ ਵਾਸਤੇ ਪੰਜਾਬ ਆਰਮਡ ਪੁਲਸ (ਪੀ. ਏ. ਪੀ.) ਦੀ ਬਟਾਲੀਅਨ ਤੇ ਨਾਲ ਹੀ ਪੈਰਾਮਿਲਟਰੀ ਫੋਰਸ ਜ਼ਿਲੇ 'ਚ ਚੱਪੇ-ਚੱਪੇ 'ਤੇ ਲਾਈ ਗਈ ਹੈ।
ਉਧਰ, ਜ਼ਿਲਾ ਸਿਹਤ ਵਿਭਾਗ ਨੇ ਸਾਰੇ ਸਿਵਲ ਹਸਪਤਾਲਾਂ ਤੇ ਸਿਹਤ ਕੇਂਦਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਨਾਲ ਨਿਪਟਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਹਸਪਤਾਲਾਂ ਨੂੰ ਐਮਰਜੈਂਸੀ ਦਵਾਈਆਂ ਦੀ ਮਾਤਰਾ ਵਧਾ ਕੇ ਸਟਾਕ 'ਚ ਰੱਖਣ ਦੀ ਹਦਾਇਤ ਕੀਤੀ ਗਈ ਹੈ।
ਰੇਲਵੇ ਸੁਰੱਖਿਆ ਬਲ (ਆਰ. ਪੀ. ਐੱਫ਼.) ਨੇ ਵੀ ਉਤਰ ਰੇਲਵੇ ਨਾਲ ਸਬੰਧਿਤ ਪੰਜਾਬ ਤੇ ਹਰਿਆਣਾ ਦੀਆਂ ਸਾਰੀਆਂ ਡਵੀਜ਼ਨਾਂ ਨੂੰ ਅਲਰਟ ਰਹਿਣ ਲਈ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਹੋਰ ਵੱਖ-ਵੱਖ ਸਾਧਨਾਂ ਰਾਹੀਂ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਦੇਸ਼ ਭਰ ਦੇ ਸਿੱਖਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਨ ਤੋਂ ਇਲਾਵਾ ਸਪੱਸ਼ਟ ਕੀਤਾ ਹੈ ਕਿ ਡੇਰਾ ਮੁਖੀ ਬਾਰੇ 25 ਅਗਸਤ ਨੂੰ ਆਉਣ ਵਾਲੇ ਅਦਾਲਤੀ ਫੈਸਲੇ ਨਾਲ ਸਿੱਖਾਂ ਦਾ ਕੋਈ ਸਰੋਕਾਰ ਨਹੀਂ।
ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਕਿਹਾ ਕਿ ਆਮ ਲੋਕਾਂ ਦੀ ਸੁਰੱਖਿਆ ਲਈ ਪੰਜਾਬ ਪੁਲਸ, ਬਟਾਲੀਅਨ ਤੇ ਪੈਰਾਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ।
ਜ਼ਿਲਾ ਪੁਲਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਜ਼ਿਲਾ ਪੁਲਸ ਇਲਾਕੇ ਅੰਦਰ ਅਮਨ-ਅਮਾਨ ਬਰਕਰਾਰ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਲਈ ਵਚਣਬੱਧ ਹੈ। ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੂਰੇ ਜ਼ਿਲੇ ਵਿਚ ਪੁਲਸ ਬਲ ਤਾਇਨਾਤ ਕਰ ਦਿੱਤੇ ਗਏ ਹਨ।
ਇਸੇ ਤਰ੍ਹਾਂ ਜੈਤੋ ਵਿਖੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਤੇ ਕਿਸੇ ਅਣਹੋਣੀ ਘਟਨਾ 'ਤੇ ਕਾਬੂ ਪਾਉਣ ਲਈ ਸ਼ਹਿਰ 'ਚ ਫ਼ਲੈਗ ਮਾਰਚ ਕੀਤਾ ਗਿਆ। ਇਸ ਫ਼ਲੈਗ ਮਾਰਚ ਵਿਚ ਪੁਲਸ ਤੇ ਪੈਰਾਮਿਲਟਰੀ ਫ਼ੋਰਸ ਸ਼ਾਮਲ ਸੀ। ਇਸ ਮਾਰਚ 'ਚ 40 ਦੇ ਕਰੀਬ ਗੱਡੀਆਂ ਸਨ। ਇਹ ਫ਼ਲੈਗ ਮਾਰਚ ਪੂਰੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ 'ਚੋਂ ਲੰਘਿਆ।

 


Related News