ਕੈਮੀਕਲ ਨਾਲ ਪਕਾ ਕੇ ਵੇਚੇ ਜਾ ਰਹੇ ਹਨ ਫਲ
Sunday, Jun 11, 2017 - 07:02 AM (IST)
ਰੂਪਨਗਰ, (ਕੈਲਾਸ਼)- ਕੈਮੀਕਲ ਲਾ ਕੇ ਪਕਾਏ ਗਏ ਫਲਾਂ ਦੀ ਵਿਕਰੀ ਨਾਲ ਸ਼ਹਿਰ ਵਾਸੀਆਂ ਲਈ ਜਿਥੇ ਬੀਮਾਰੀਆਂ ਦਾ ਸੱਦਾ ਦਿੱਤਾ ਜਾ ਰਿਹਾ ਹੈ, ਉਥੇ ਹੀ ਪੈਸਾ ਕਮਾਉਣ ਦੇ ਚੱਕਰ 'ਚ ਫਲ ਵੇਚਣ ਵਾਲੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।
ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਰਾਜ ਕੁਮਾਰ ਕਪੂਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਅੰਬਾਂ ਨੂੰ ਤੁਰੰਤ ਤਿਆਰ ਕਰਨ ਲਈ ਕੈਮੀਕਲ ਵਰਤੇ ਜਾਂਦੇ ਹਨ, ਜੋ ਦੁਕਾਨਦਾਰਾਂ ਵੱਲੋਂ ਖੁੱਲ੍ਹੇਆਮ ਇਸਤੇਮਾਲ ਕੀਤੇ ਜਾ ਰਹੇ ਹਨ। ਇਸ ਨਾਲ ਲੋਕਾਂ ਦੀ ਸਿਹਤ 'ਤੇ ਮਾੜਾ ਪ੍ਰਭਾਵ ਪੈਣ ਦਾ ਖਤਰਾ ਬਣਿਆ ਹੋਇਆ ਹੈ। ਕਪੂਰ ਨੇ ਦੱਸਿਆ ਕਿ ਪਹਿਲਾਂ ਹੀ ਪੰਜਾਬ 'ਚ ਕਈ ਕਾਰਨਾਂ ਕਰਕੇ ਕੈਂਸਰ ਵਰਗੇ ਰੋਗ ਫੈਲਦੇ ਜਾ ਰਹੇ ਹਨ। ਜੇਕਰ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਇਹ ਵੀ ਇਕ ਰੋਗ ਫੈਲਣ ਦਾ ਵੱਡਾ ਕਾਰਨ ਬਣ ਸਕਦਾ ਹੈ।
ਬੀਤੇ ਦਿਨੀਂ ਹੀ ਨਸ਼ਟ ਕਰਵਾਏ ਸਨ ਮਸਾਲਿਆਂ ਵਾਲੇ ਅੰਬ : ਜ਼ਿਲਾ ਸਿਹਤ ਅਫਸਰ
ਜ਼ਿਲਾ ਸਿਹਤ ਅਫਸਰ ਡਾ. ਸਵਰਨ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਨ੍ਹਾਂ ਨੂੰ ਉਕਤ ਤਰ੍ਹਾਂ ਦੀ ਸੂਚਨਾ ਮਿਲੀ ਸੀ ਤਾਂ ਉਨ੍ਹਾਂ ਸਬਜ਼ੀ ਮੰਡੀ 'ਚ ਜਾ ਕੇ ਚੈਕਿੰਗ ਕੀਤੀ ਤੇ ਮੌਕੇ 'ਤੇ ਮੌਜੂਦ ਇਕ ਜੀਪ 'ਚ ਭਰੇ ਅੰਬ ਤੇ ਸਬਜ਼ੀਆਂ, ਜਿਨ੍ਹਾਂ 'ਤੇ ਮਸਾਲਾ ਲਾਇਆ ਗਿਆ ਸੀ, ਨੂੰ ਨਸ਼ਟ ਕਰਵਾ ਦਿੱਤਾ ਗਿਆ ਸੀ ਤੇ ਉਨ੍ਹਾਂ ਭਵਿੱਖ 'ਚ ਉਕਤ ਤਰ੍ਹਾਂ ਦਾ ਮਸਾਲਾ ਨਾ ਲਾਉਣ ਦੀ ਚਿਤਾਵਨੀ ਵੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਮੰਡੀ ਬੋਰਡ ਤੇ ਸਬੰਧਤ ਅਧਿਕਾਰੀ ਨੂੰ ਵੀ ਸੂਚਿਤ ਕੀਤਾ ਗਿਆ ਪਰ ਮੌਕੇ 'ਤੇ ਕੋਈ ਵੀ ਅਧਿਕਾਰੀ ਨਹੀਂ ਪੁੱਜਿਆ।
'ਚੀਨ ਤੋਂ ਆ ਰਹੇ ਮਸਾਲੇ 'ਤੇ ਪਾਬੰਦੀ ਦੇ ਕੋਈ ਹੁਕਮ ਨਹੀਂ'
ਉਨ੍ਹਾਂ ਦੱਸਿਆ ਕਿ ਅੰਬ ਤੇ ਹੋਰ ਫਲ ਪਕਾਉਣ ਲਈ ਕੈਲਸ਼ੀਅਮ ਕਾਰਬਾਈਡ ਕੈਮੀਕਲ 'ਤੇ ਪਾਬੰਦੀ ਹੈ, ਜਦੋਂਕਿ ਚੀਨ ਤੋਂ ਆ ਰਹੇ ਮਸਾਲੇ 'ਤੇ ਹਾਲੇ ਕੋਈ ਪਾਬੰਦੀ ਦੇ ਆਦੇਸ਼ ਨਹੀਂ ਮਿਲੇ ਤੇ ਨਾ ਹੀ ਉਨ੍ਹਾਂ ਦੇ ਮਾਪਦੰਡਾਂ ਦੀ ਜਾਂਚ ਰਿਪੋਰਟ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ 'ਚ ਉਨ੍ਹਾਂ ਦਿੱਲੀ 'ਚ ਆਯੋਜਿਤ ਇਕ ਮੀਟਿੰਗ 'ਚ ਉਕਤ ਮਾਮਲਾ ਚੁੱਕਿਆ ਸੀ ਤੇ ਚੀਨ ਤੋਂ ਦਰਾਮਦ ਹੋ ਰਹੇ ਮਸਾਲੇ ਨੂੰ ਵੀ ਪਾਬੰਦੀ ਅਧੀਨ ਲਿਆਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
