ਐਕਸਾਈਜ਼ ਵਿਭਾਗ ਦੇ ਅਧਿਕਾਰੀ ਬਣ ਕੇ ਘੁੰਮ ਰਹੇ ਲੁਟੇਰੇ, ਫਰੂਟ ਵਪਾਰੀ ਦੀ ਗੱਡੀ ਘੇਰ ਲੁੱਟੀ ਨਕਦੀ

Sunday, Mar 26, 2023 - 01:26 AM (IST)

ਐਕਸਾਈਜ਼ ਵਿਭਾਗ ਦੇ ਅਧਿਕਾਰੀ ਬਣ ਕੇ ਘੁੰਮ ਰਹੇ ਲੁਟੇਰੇ, ਫਰੂਟ ਵਪਾਰੀ ਦੀ ਗੱਡੀ ਘੇਰ ਲੁੱਟੀ ਨਕਦੀ

ਫਿਲੌਰ (ਭਾਖੜੀ) : ਟਯੋਟਾ ਦੀ ਸਫ਼ੇਦ ਰੰਗ ਦੀ ਇਟੀਓਜ ਕਾਰ ਵਿੱਚ ਐਕਸਾਈਜ਼ ਵਿਭਾਗ ਦੇ ਅਧਿਕਾਰੀ ਬਣ ਕੇ ਘੁੰਮ ਰਹੇ 3 ਲੁਟੇਰੇ ਸਵੇਰ ਪੌਣੇ 5 ਵਜੇ ਫਰੂਟ ਵਪਾਰੀ ਦੇ ਛੋਟੇ ਹਾਥੀ ਨੂੰ ਘੇਰ ਕੇ ਉਸ ਤੋਂ 57 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਵਪਾਰੀ ਨੂੰ ਡਰਾਉਣ ਲਈ ਗੋਲ਼ੀ ਮਾਰਨ ਦੀ ਵੀ ਧਮਕੀ ਦਿੱਤੀ। ਹਾਈ ਅਲਰਟ ਦੇ ਬਾਵਜੂਦ ਸ਼ਹਿਰ ਅਤੇ ਨਜ਼ਦੀਕੀ ਪਿੰਡ ਵਿਚ ਲੁੱਟ ਦੀ ਚੌਥੀ ਵਾਰਦਾਤ ਨੂੰ ਲੁਟੇਰਿਆਂ ਨੇ ਅੰਜਾਮ ਦਿੱਤਾ। ਫਿਲੌਰ ਸ਼ਹਿਰ ਅਤੇ ਉਸ ਦੇ ਨਜ਼ਦੀਕੀ ਪਿੰਡਾਂ 'ਚ ਲੁੱਟਖੋਹ ਦੀਆਂ ਘਟਨਾਵਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਲੋਕ ਸੜਕਾਂ ’ਤੇ ਨਿਕਲਦੇ ਸਮੇਂ ਖੁਦ ਨੂੰ ਮਹਿਫੂਜ਼ ਨਹੀਂ ਪਾ ਰਹੇ।

ਇਹ ਵੀ ਪੜ੍ਹੋ : ਪਾਕਿਸਤਾਨ ’ਚ ਮਰਦਾਂ ਨਾਲ ਅਸ਼ਲੀਲ ਵੀਡੀਓ ਬਣਾ ਕੇ ਲੱਖਾਂ ਦੀ ਫਿਰੌਤੀ ਵਸੂਲਣ ਵਾਲਾ ਮਹਿਲਾ ਗਿਰੋਹ ਕਾਬੂ

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਹਿਰ ਬੰਗਾ ਦੇ ਰਹਿਣ ਵਾਲੇ ਫਰੂਟ ਵਪਾਰੀ ਮਿਥਲੇਸ਼ ਕੁਮਾਰ ਨੇ ਦੱਸਿਆ ਕਿ ਉਹ ਹਫ਼ਤੇ ਵਿੱਚ ਦੋ ਵਾਰ ਬੰਗਾ ਸ਼ਹਿਰ ਦੇ ਹੀ ਰਹਿਣ ਵਾਲੇ ਵਿਜੇ ਕੁਮਾਰ ਜੋ ਛੋਟੇ ਹਾਕੀ ਦਾ ਮਾਲਕ ਅਤੇ ਉਸ ਦਾ ਚਾਲਕ ਵੀ ਹੈ, ਉਸ ਦੇ ਨਾਲ ਸਵੇਰ ਲੁਧਿਆਣਾ ਮੰਡੀ ਵਿਚ ਫ਼ਲ ਖਰੀਦਣ ਜਾਂਦਾ ਹੈ। ਸ਼ਨਿਵਾਰ ਸਵੇਰ ਪੌਣੇ ਪੰਜ ਵਜੇ ਜਿਵੇਂ ਹੀ ਉਹ ਫਿਲੌਰ ਦੇ ਨੇੜਲੇ ਪਿੰਡ ਨਗਰ ਤੋਂ ਗੁਜ਼ਰ ਰਹੇ ਸਨ, ਉਸ ਸਮੇਂ ਬਾਰਿਸ਼ ਹੋ ਰਹੀ ਸੀ ਜਿਸ ਕਾਰਨ ਉਨ੍ਹਾਂ ਨੇ ਆਪਣੀ ਗੱਡੀ ਦੇ ਸ਼ੀਸ਼ੇ ਬੰਦ ਕੀਤੇ ਹੋਏ ਸਨ ਤਾਂ ਉਸੇ ਸਮੇਂ ਇਕ ਸਫ਼ੇਦ ਰੰਗ ਦੀ ਇਟੀਓਜ ਕਾਰ ਉਨ੍ਹਾਂ ਦੀ ਗੱਡੀ ਦੇ ਕੋਲ ਆ ਗਈ। ਉਨ੍ਹਾਂ ਨੇ ਚਾਲਕ ਵਿਜੇ ਕੁਮਾਰ ਨੂੰ ਕਿਹਾ ਕਿ ਉਹ ਐਕਸਾਈਜ਼ ਵਿਭਾਗ ਦੇ ਅਧਿਕਾਰੀ ਹਨ। ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਗੱਡੀ ਵਿਚ ਨਾਜਾਇਜ਼ ਸ਼ਰਾਬ ਦੀ ਸਪਲਾਈ ਹੋਣ ਜਾ ਰਹੀ ਹੈ। ਉਹ ਆਪਣੀ ਗੱਡੀ ਨੂੰ ਰੁਕਵਾ ਕੇ ਉਨ੍ਹਾਂ ਨੂੰ ਜਾਂਚ ਕਰਵਾ ਦੇਣ।

ਇਹ ਵੀ ਪੜ੍ਹੋ : ਨੀਤੂ ਘੰਘਾਸ ਤੋਂ ਬਾਅਦ ਸਵੀਟੀ ਬੂਰਾ ਨੇ ਰਚਿਆ ਇਤਿਹਾਸ, ਭਾਰਤ ਦੀ ਝੋਲੀ ਪਾਇਆ ਦੂਜਾ ਸੋਨ ਤਮਗਾ

ਵਿਜੇ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਉਸ ਨੇ ਆਪਣੇ ਛੋਟੇ ਹਾਥੀ ਨੂੰ ਰੋਕਿਆ ਤਾਂ ਉਨ੍ਹਾਂ ਨੇ ਆਪਣੀ ਕਾਰ ਉਸ ਦੇ ਅੱਗੇ ਲਾ ਦਿੱਤੀ ਅਤੇ ਉਸ ਵਿਚੋਂ 3 ਲੁਟੇਰਿਆਂ ਨੇ ਉੱਤਰਦੇ ਸਾਰ ਹੀ ਜਿਨ੍ਹਾਂ ਵਿੱਚੋਂ ਇਕ ਦੇ ਹੱਥ ਵਿੱਚ ਦਾਤ ਫੜਿਆ ਹੋਇਆ ਸੀ, ਨੇ ਵਿਜੇ ਕੁਮਾਰ ਦੀ ਗਰਦਨ ’ਤੇ ਰੱਖ ਦਿੱਤਾ, ਜਦੋਂਕਿ ਉਸ ਦੇ ਦੂਜੇ ਦੋਵੇਂ ਸਾਥੀ ਵਪਾਰੀ ਮਿਥਲੇਸ਼ ਕੁਮਾਰ ਦੇ ਕੋਲ ਜਾ ਕੇ ਬੋਲੇ ਜੇਕਰ ਉਨ੍ਹਾਂ ਨੇ ਕੋਈ ਵੀ ਹਰਕਤ ਕੀਤੀ ਤਾਂ ਉਹ ਉਨ੍ਹਾਂ ਨੂੰ ਗੋਲ਼ੀ ਮਾਰ ਦੇਣਗੇ। ਉਨ੍ਹਾਂ ਦੇ ਕੋਲ ਜਿੰਨੀ ਵੀ ਨਕਦੀ ਹੈ ਚੁੱਪ ਚਾਪ ਉਨ੍ਹਾਂ ਨੂੰ ਫੜਾ ਦੇਣ। ਲੁਟੇਰਿਆਂ ਨੇ ਵਪਾਰੀ ਦੀ ਜੇਬ੍ਹ ਵਿੱਚੋਂ 35 ਹਜ਼ਾਰ ਰੁਪਏ ਅਤੇ ਚਾਲਕ ਵਿਜੇ ਕੁਮਾਰ ਦੀ ਜੇਬ ਵਿਚੋਂ 22 ਹਜ਼ਾਰ ਰੁਪਏ ਅਤੇ ਨਾਲ ਹੀ ਦੋਵਾਂ ਦੇ ਮੋਬਾਇਲ ਖੋਹ ਕੇ ਫਿਲੌਰ ਸ਼ਹਿਰ ਵੱਲ ਨਿਕਲ ਗਏ। ਲੁੱਟ ਦੀ ਘਟਨਾ ਤੋਂ ਬਾਅਦ ਵਪਾਰੀ ਅਤੇ ਚਾਲਕ ਦੋਵੇਂ ਇੰਨਾ ਡਰ ਗਏ ਕਿ ਉਹ ਵਾਪਸ ਆਪਣੇ ਸ਼ਹਿਰ ਬੰਗਾ ਨੂੰ ਚਲੇ ਗਏ।

ਇਹ ਵੀ ਪੜ੍ਹੋ : ਇਜ਼ਰਾਈਲੀ ਫੌਜ ਨਾਲ ਝੜਪ ’ਚ ਕਈ ਫਿਲਸਤੀਨੀ ਜ਼ਖ਼ਮੀ

ਰਸਤੇ ਵਿਚ ਉਨ੍ਹਾਂ ਨੂੰ ਸਮਝ ਆਇਆ ਕਿ ਉਨ੍ਹਾਂ ਦੇ ਮੋਬਾਇਲ ਲੁਟੇਰਿਆਂ ਦੇ ਕੋਲ ਹਨ, ਉਹ ਉਨ੍ਹਾਂ ਦੀ ਗਲਤ ਵਰਤੋਂ ਨਾ ਕਰ ਦੇਣ। ਇਸ ਲਈ ਪੁਲਸ ਨੂੰ ਹੁਣੇ ਸ਼ਿਕਾਇਤ ਕਰ ਦੇਣੀ ਚਾਹੀਦੀ ਹੈ। ਇਕ ਘੰਟੇ ਬਾਅਦ ਸਵੇਰ 6 ਵਜੇ ਜਿਵੇਂ ਹੀ ਉਹ ਪੁਲਸ ਥਾਣੇ ਦੇ ਨੇੜੇ ਮਾਤਾ ਵੈਸ਼ਣੋ ਦੇਵੀ ਚੌਕ ਦੇ ਕੋਲ ਪੁੱਜੇ ਤਾਂ ਲੁਟੇਰੇ ਆਪਣਾ ਅਗਲਾ ਸ਼ਿਕਾਰ ਫੜਨ ਲਈ ਉਸੇ ਚੌਕ ਦੇ ਚੁਰਸਤੇ ’ਤੇ ਕਾਰ ਲਗਾ ਕੇ ਖੜ੍ਹੇ ਸਨ। ਜਿਵੇਂ ਹੀ ਲੁਟੇਰਿਆਂ ਨੇ ਉਨ੍ਹਾਂ ਨੂੰ ਦੋਬਾਰਾ ਘੇਰ ਕੇ ਦੇਖਿਆ ਕਿ ਉਹ ਤਾਂ ਇਨ੍ਹਾਂ ਨੂੰ ਲੁੱਟ ਚੁੱਕੇ ਹਨ ਤਾਂ ਉਹ ਉਨ੍ਹਾਂ ਨੂੰ ਛੱਡ ਕੇ ਅੱਗੇ ਨਿਕਲ ਗਏ। ਵਪਾਰੀ ਨੇ ਫਿਲੌਰ ਪੁਲਸ ਦੇ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਦੱਸਿਆ ਕਿ ਫ਼ਲ ਵਪਾਰੀ ਮਿਥਲੇਸ਼ ਤੋਂ ਇਲਾਵਾ ਲੁਟੇਰਿਆਂ ਨੇ ਸਵੇਰ ਇਕ ਹੋਰ ਲੁੱਟ ਦੀ ਵਾਰਦਾਤ ਕੀਤੀ। ਜਿਸ ਦੀ ਸ਼ਿਕਾਇਤ ਉਨ੍ਹਾਂ ਦੇ ਕੋਲ ਪੁੱਜ ਚੁੱਕੀ ਹੈ। ਹੈਰਾਨੀ ਦੀ ਗੱਲ ਹੈ ਕਿ ਪੰਜਾਬ 'ਚ ਇਸ ਵੇਲੇ ਪੁਲਸ ਨੇ ਹਾਈ ਅਲਰਟ ਕੀਤਾ ਹੋਇਆ ਹੈ ਜਿਸ ਦੇ ਬਾਵਜੂਦ 24 ਘੰਟਿਆਂ ਵਿੱਚ ਲੁਟੇਰੇ ਲੁੱਟ ਦੀਆਂ 4 ਵੱਡੀਆਂ ਵਾਰਦਾਤਾਂ ਕਰ ਚੁੱਕੇ ਹਨ।


author

Mandeep Singh

Content Editor

Related News