ਸੋਨੂੰ ਤੇ ਕਰਨ ਨੇ 8 ਹਜ਼ਾਰ ਰੁਪਏ ਲਈ ਦੋਸਤੀ ’ਤੇ ਲਾਇਆ ਕਲੰਕ : ਸਾਜਨ

08/08/2018 5:12:35 AM

ਜਲੰਧਰ,    (ਮ੍ਰਿਦੁਲ)—  ਦੋਸਤਾਂ ਵਲੋਂ ਕੋਲਡ ਡਰਿੰਕ ਪਿਲਾ ਕੇ ਬੇਹੋਸ਼ ਕਰਨ ਤੋਂ ਬਾਅਦ  ‘ਚਿੱਟੇ’ ਨਾਲ ਭਰਿਆ  ਇੰਜੈਕਸ਼ਨ ਲਾਉਣ ਦੇ ਮਾਮਲੇ ਵਿਚ  ਪੀੜਤ ਸਾਜਨ ਆਖਿਰ ਹਸਪਤਾਲ ਤੋਂ ਘਰ ਵਾਪਸ ਆ  ਗਿਆ, ਜਿਥੇ ਉਸ ਨੇ ਆਪਣੇ ਨਾਲ ਹੋਈ ਹੱਡਬੀਤੀ ਸੁਣਾਈ।  ਪੀੜਤ ਸਾਜਨ ਨੇ ‘ਜਗ ਬਾਣੀ’ ਨੂੰ  ਦੱਸਿਆ ਕਿ  ਉਹ ਸੋਨੂੰ ਅਤੇ ਕਰਨ ਸ਼ਰਮਾ ਨੂੰ ਪਿਛਲੇ ਢਾਈ ਸਾਲਾਂ ਤੋਂ ਜਾਣਦਾ ਹੈ। ਉਸ ਦੀ  ਕਾਫੀ ਸਾਲ ਪਹਿਲਾਂ ਸੋਨੂੰ ਅਤੇ ਕਰਨ ਸ਼ਰਮਾ ਨਾਲ ਕੁੱਟ-ਮਾਰ  ਵੀ ਹੋਈ ਸੀ। ਉਹ ਵੀ ਇਸ  ਲਈ ਕਿ ਉਹ ਦੋਵਾਂ ਨੂੰ ਨਸ਼ੇ ਦਾ ਸੇਵਨ ਕਰਨ ਤੋਂ ਰੋਕਦਾ ਸੀ  ਕਿਉਂਕਿ ਉਨ੍ਹਾਂ ਦੀ ਸੰਗਤ ਕਾਫੀ ਗਲਤ ਸੀ। ਇਸ ਲਈ ਬਾਅਦ ਵਿਚ ਉਸ ਨੇ ਉਨ੍ਹਾਂ ਤੋਂ ਦੂਰੀ  ਬਣਾਉਣਾ ਹੀ ਬਿਹਤਰ ਸਮਝਿਆ। ਬੁਰੀ ਸੰਗਤ ਛੱਡਣ ਲਈ ਉਹ ਜਲੰਧਰ ਸ਼ਹਿਰ ਛੱਡ ਕੇ ਮੁੰਬਈ ਸ਼ਿਫਟ  ਹੋ ਗਿਆ। 2 ਅਗਸਤ ਨੂੰ ਜਦ ਉਹ ਵਾਪਸ ਆਇਆ ਤਾਂ ਉਸ ਨੂੰ ਰਸਤੇ ਵਿਚ ਸੋਨੂੰ ਦਾ ਫੋਨ ਆਇਆ  ਅਤੇ ਉਸ ਨੇ ਕਿਹਾ ਕਿ ਉਹ ਜਲੰਧਰ ਹੀ ਆ ਰਿਹਾ ਹੈ।
 ਉਹ ਅੰਮ੍ਰਿਤਸਰ  ’ਚ ਇਕ ਰਿਸ਼ਤੇਦਾਰ ਦਾ ਵਿਆਹ ਅਟੈਂਡ ਕਰਨ ਤੋਂ ਬਾਅਦ ਵਿਚ  ਜਲੰਧਰ ਆ ਗਿਆ। ਟ੍ਰੈਵਲ ਕਰਨ ਅਤੇ ਵਿਆਹ ਅਟੈਂਡ ਕਰਨ ਕਾਰਨ ਉਸ ਦੀ ਸਿਹਤ ਕਾਫੀ ਵਿਗੜ ਗਈ  ਅਤੇ ਉਸ ਦਾ ਸਿਰਦਰਦ ਹੋਣ ਲੱਗਾ। ਇਸ ਦੌਰਾਨ ਉਸ ਦਾ ਦੋਸਤ ਪਹਿਲਵਾਨ ਆ ਗਿਆ। ਇੰਨੇ ਨੂੰ ਦੁਬਾਰਾ  ਸੋਨੂੰ ਉਸ ਦੇ ਘਰ ਆ ਗਿਆ ਅਤੇ ਬੋਲਿਆ ਕਿ ਬਹੁਤ ਦੇਰ ਬਾਅਦ ਮਿਲੇ ਹਾਂ, ਕਿਤੇ ਘੁੰਮਣ ਲਈ  ਚੱਲਦੇ ਹਾਂ। ਉਸ ਦੇ ਕਾਫੀ ਮਨ੍ਹਾ ਕਰਨ ’ਤੇ ਵੀ ਸੋਨੂੰ ਅੜ ਗਿਆ। ਇਸ ਦੌਰਾਨ ਉਹ ਸੋਨੂੰ ਦੇ  ਨਾਲ ਕਰਨ ਦੇ ਘਰ ਚਲਾ ਗਿਆ। ਉਸ ਨੇ ਪਹਿਲਾਂ  ਪੀੜਤ ਨੂੰ ਕੋਲਡ ਡਰਿੰਕ ਦਿੱਤੀ, ਜਿਸ ਨੂੰ  ਪੀ ਕੇ ਉਹ ਬੇਹੋਸ਼ ਹੋ ਗਿਆ ਅਤੇ ਬਾਅਦ ਵਿਚ ਉਸ ਨੂੰ ਨਹੀਂ ਪਤਾ ਲੱਗਾ ਕਿ ਉਸ ਨੂੰ ਕੀ ਦਿੱਤਾ  ਗਿਆ ਹੈ। ਸਾਜਨ ਦਾ ਦੋਸ਼ ਹੈ ਕਿ ਸੋਨੂੰ ਅਤੇ ਕਰਨ ਨੇ ਉਸ ਦੇ ਪਰਸ ਵਿਚੋਂ 8 ਹਜ਼ਾਰ ਰੁਪਏ  ਵੀ ਕੱਢ ਲਏ ਹਨ। 
ਪੁਲਸ ਸਮੱਗਲਰਾਂ ਨੂੰ ਬਚਾਉਣ ਲਈ ਨਸ਼ਿਅਾਂ ’ਚ ਟੈਲਕਮ ਪਾਊਡਰ ਮਿਲਾ ਕੇ ਕੋਰਟ ’ਚ ਕਰਦੀ ਹੈ ਪੇਸ਼!
ਜਲੰਧਰ,  (ਮ੍ਰਿਦੁਲ)-ਸੂਬੇ ਵਿਚ ਨਸ਼ਾ ਵਿਕਰੀ ਇਸ ਸਮੇਂ ਜ਼ੋਰਾਂ ’ਤੇ ਹੈ ਪਰ ਉਸ ਨੂੰ ਰੋਕਣ ਲਈ  ਪੁਲਸ  ਉਸ ਪੱਧਰ ’ਤੇ ਕੰਮ ਨਹੀਂ ਕਰ ਰਹੀ, ਜਿਸ ਪੱਧਰ ’ਤੇ ਕਰਨਾ ਚਾਹੀਦਾ ਹੈ। ਉਥੇ ਕੁਝ ਪੁਲਸ ਕਰਮਚਾਰੀਅਾਂ ਵੱਲੋਂ ਨਸ਼ੇ ਵਾਲੇ ਪਦਾਰਥਾਂ ’ਚ ਟੈਲਕਮ ਪਾਊਡਰ ਮਿਲਾ ਕੇ ਮੁਲਜ਼ਮਾਂ ਨੂੰ ਫਾਇਦਾ ਪਹੁੰਚਾਉਣ ਦੀ ਵੀ ਗੱਲ ਸਾਹਮਣੇ ਆਈ ਹੈ।
ਜਲੰਧਰ ਦੀ ਗੱਲ ਕਰੀਏ ਤਾਂ ਵੈਸਟ ਹਲਕੇ  ਵਿਚ ਨਸ਼ਾ ਵਿਕਰੀ ਸਭ ਤੋਂ ਜ਼ਿਆਦਾ ਹੈ। ਪੁਲਸ ਵਲੋਂ ਨਸ਼ਿਆਂ ਦੀ ਸਪਲਾਈ ਚੇਨ ’ਤੇ ਸੱਟ ਮਾਰਨ ਦੇ  ਦਾਅਵੇ ਖੋਖਲੇ ਲੱਗ ਰਹੇ ਹਨ। ਪੁਲਸ ਕੇਸ ਤਾਂ ਦਰਜ ਕਰ ਰਹੀ ਹੈ ਪਰ ਬਾਅਦ ਵਿਚ ਸਮੱਗਲਰ  ਦੁਬਾਰਾ ਬਰੀ ਹੋ ਰਹੇ ਹਨ ਅਤੇ ਨਾ ਹੀ ਫੜੇ ਗਏ ਸਮੱਗਲਰਾਂ ਦੀ ਮਾਰਫਤ ਸਪਲਾਈ ਕਰਨ ਵਾਲੇ  ਅਪਰਾਧੀਆਂ ਨੂੰ ਫੜ ਰਹੀ ਹੈ।
ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ 1 ਜਨਵਰੀ  2018 ਤੋਂ ਲੈ ਕੇ ਹੁਣ ਤੱਕ ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ 132 ਮੁਕੱਦਮੇ ਦਰਜ  ਕੀਤੇ, ਜਿਸ ਵਿਚੋਂ ਐੱਨ. ਡੀ. ਪੀ. ਐੱਸ. ਐਕਟ (ਨਸ਼ਾ ਸਮੱਗਲਿੰਗ) ਤਹਿਤ ਕੇਸ ਸਿਰਫ 13 ਦਰਜ  ਕੀਤੇ। ਇਸ ਵਿਚ 15 ਮੁਲਜ਼ਮ ਫੜੇ ਗਏ। ਉਥੇ ਦੂਜੇ ਪਾਸੇ ਥਾਣਾ ਨੰਬਰ 5 ਦੀ ਪੁਲਸ ਨੇ  ਹੁਣ ਤੱਕ  17 ਕੇਸ ਦਰਜ ਕੀਤੇ, ਜਿਨ੍ਹਾਂ ਵਿਚ 21 ਲੋਕ ਗ੍ਰਿਫਤਾਰ ਹੋਏ। ਇਨ੍ਹਾਂ  ਸਾਰੇ ਕੇਸਾਂ ਵਿਚ ਫੜੇ ਗਏ ਮੁਲਜ਼ਮ ਇਸ ਸਮੇਂ ਜੇਲ ਵਿਚ ਹਨ ਅਤੇ ਕੁਝ ਜ਼ਮਾਨਤ ’ਤੇ ਬਾਹਰ ਆ  ਗਏ ਹਨ, ਜੋ ਕਿ ਦੁਬਾਰਾ ਨਸ਼ਾ ਸਮੱਗਲਿੰਗ ਕਰ ਰਹੇ ਹਨ। ਸੂਤਰਾਂ  ਦੀ ਮੰਨੀਏ ਤਾਂ ਨਸ਼ਾ ਸਮੱਗਲਰਾਂ ਨੂੰ  ਜ਼ਮਾਨਤ ਇਸ ਤਰ੍ਹਾਂ ਮਿਲਦੀ ਹੈ ਕਿ ਕਈ ਭ੍ਰਿਸ਼ਟ ਪੁਲਸ ਮੁਲਾਜ਼ਮ ਜਦ ਨਸ਼ਾ ਫੜਦੇ ਹਨ ਤਾਂ ਮੁਲਜ਼ਮ ਨਾਲ ਮਿਲ ਕੇ ਨਸ਼ੇ ਦੀ ਮਿਕਦਾਰ ਨੂੰ ਘੱਟ ਕਰ ਦਿੰਦੇ ਹਨ ਅਤੇ ਕੋਰਟ ਵਿਚ ਪੇਸ਼ ਕਰਨ ਤੋਂ ਪਹਿਲਾਂ  ਹੈਰੋਇਨ ਤੇ ਨਸ਼ੇ ਵਾਲੇ ਪਾਊਡਰ ਵਿਚ ਟੈਲਕਮ ਪਾਊਡਰ ਮਿਲਾ ਦਿੰਦੇ ਹਨ। ਕੋਰਟ ਵਿਚ ਸੈਂਪਲ ਜਮ੍ਹਾ ਕਰਵਾਏ ਜਾਂਦੇ ਹਨ, ਜੋ ਕਿ ਬਾਅਦ ਵਿਚ  ਕੇਸ ਕੋਰਟ ਵਿਚ ਚੱਲਣ ਦੌਰਾਨ ਮੋਹਾਲੀ ਦੀ ਫੋਰੈਂਸਿਕ ਲੈਬ ਵਿਚ ਭੇਜੇ ਜਾਂਦੇ ਹਨ। ਜਿਥੋਂ  ਟੈਸਟ ਹੋਣ ’ਤੇ ਜਦ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਸਮੱਗਲਰਾਂ ਨੂੰ  ਜ਼ਮਾਨਤ ਮਿਲ ਜਾਂਦੀ  ਹੈ, ਜਿਸ ਤੋਂ ਬਾਅਦ ਉਸ ਨੂੰ ਬਰੀ ਕਰਵਾਉਣ ਲਈ ਪੁਲਸ ਆਪਣੀ ਝੂਠੀ ਗਵਾਹੀ ਦਿੰਦੀ ਹੈ ਅਤੇ  ਤੱਥਾਂ ਵਿਚ ਫੇਰਬਦਲ ਕਰਦੀ ਹੈ, ਜਿਸ ਕਾਰਨ ਸਮੱਗਲਰ ਬਰੀ ਹੁੰਦੇ ਹਨ। 

ਦੋਸਤ ਪਹਿਲਵਾਨ ਜੇਕਰ ਸਾਹ ਨਾ ਦਿੰਦਾ ਤਾਂ ਭਰਾ ਸ਼ਾਇਦ ਇਸ ਦੁਨੀਆ ਵਿਚ ਨਾ ਹੁੰਦਾ : ਭੈਣ ਸਪਨਾ
ਉਥੇ  ਦੂਜੇ ਪਾਸੇ ਸਾਜਨ ਦੀ ਭੈਣ ਸਪਨਾ ਠਾਕੁਰ ਨੇ ਦੱਸਿਆ ਕਿ ਜਿਸ ਸਮੇਂ ਕਰਨ ਦੇ ਘਰ ਸਾਜਨ  ਬੇਹੋਸ਼ ਹੋਇਆ ਤਾਂ ਪਹਿਲਵਾਨ ਬਾਹਰ ਫੋਨ ’ਤੇ ਗੱਲ ਕਰ ਰਿਹਾ ਸੀ। ਉਸ ਨੇ ਅੰਦਰ ਆ ਕੇ ਵੇਖਿਆ ਕਿ ਸਾਜਨ ਜ਼ਮੀਨ ’ਤੇ ਡਿੱਗਾ ਪਿਆ ਸੀ ਅਤੇ ਉਸ ਦਾ ਸਾਹ ਬੰਦ ਹੋ ਗਿਆ ਸੀ, ਜਿਸ ’ਤੇ ਸਾਜਨ ਦੇ ਦੋਸਤ ਪਹਿਲਵਾਨ ਨੇ ਉਸ ਨੂੰ  ਸਾਹ ਦਿੱਤਾ ਅਤੇ   ਮੁਲਜ਼ਮ ਸੋਨੂੰ ਤੇ ਕਰਨ ਨੂੰ ਰੋਕ ਲਿਆ ਕਿਉਂਕਿ ਪਹਿਲਵਾਨ ਨੇ  ਦੋਵਾਂ ਨੂੰ ਕਿਹਾ  ਕਿ ਉਸ ਦੇ ਘਰ ਵਿਚ ਹੀ ਉਸ ਦੀ ਚੰਗੀ-ਭਲੀ ਹਾਲਤ ਵਿਗੜੀ ਹੈ ਤਾਂ   ਉਹ ਉਸ ਦੇ ਨਾਲ ਜਾ ਕੇ ਸਾਜਨ ਨੂੰ ਹਸਪਤਾਲ ਪਹੁੰਚਾਉਣ। ਸਪਨਾ  ਨੇ ਦੱਸਿਆ ਕਿ ਰੱਬ ਦਾ  ਸ਼ੁੱਕਰ ਹੈ ਕਿ ਜੇ ਦੋ ਦੋਸਤਾਂ ਨੇ ਮਿਲ ਕੇ ਉਸ ਦੇ ਭਰਾ ਸਾਜਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ  ਹੈ ਤਾਂ ਦੂਜੇ ਪਾਸੇ ਉਸ ਦੇ ਸੱਚੇ ਦੋਸਤ ਪਹਿਲਵਾਨ ਨੇ ਸਾਜਨ ਦੀ ਜਾਨ ਬਚਾਈ। ਪਹਿਲਵਾਨ ਹੀ  ਦੋਵਾਂ ਦੋਸ਼ੀਆਂ ਸੋਨੂੰ ਤੇ ਕਰਨ ਨੂੰ ਹਸਪਤਾਲ ਲੈ ਕੇ ਗਿਆ ਅਤੇ ਪਹਿਲਾਂ ਜਾ ਕੇ ਸਾਜਨ ਨੂੰ  ਭਰਤੀ ਕਰਵਾਇਆ, ਜਿਸ ਤੋਂ ਬਾਅਦ ਉਸ ਨੇ ਸੋਨੂੰ ਅਤੇ ਕਰਨ ਨੂੰ ਫੜ ਕੇ ਹਸਪਤਾਲ ਵਿਚ ਰੱਖਿਆ  ਜਦੋਂ ਤੱਕ ਪੁਲਸ ਨਹੀਂ ਆਈ ਪਰ ਇੰਨੇ ਵਿਚ ਸੋਨੂੰ ਪਹਿਲਵਾਨ ਦੀ ਗ੍ਰਿਫਤ ਤੋਂ ਫਰਾਰ ਹੋ  ਗਿਆ, ਜਦਕਿ ਮੁਲਜ਼ਮ ਕਰਨ ਨੂੰ  ਉਸ ਨੇ ਫੜ ਕੇ ਬੰਨ੍ਹ ਲਿਆ ਤਾਂ ਕਿ ਉਹ ਭੱਜ ਨਾ ਸਕੇ।  ਸਪਨਾ ਨੇ ਦੱਸਿਆ ਕਿ  ਡਾਕਟਰ ਨੇ ਪਹਿਲਵਾਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਿਹਾ ਸੀ ਕਿ ਜੇ 2 ਮਿੰਟ ਹੋਰ ਲੇਟ ਹੋ ਜਾਂਦੇ ਤਾਂ ਸਾਜਨ ਦੀ ਮੌਤ ਹੋ ਸਕਦੀ ਸੀ। 
 


Related News