ਵਿਆਹ ਦਾ ਝਾਂਸਾ ਦੇ ਕੇ ਔਰਤ ਤੋਂ 2 ਲੱਖ 91 ਹਜ਼ਾਰ ਰੁਪਏ ਠੱਗੇ

Wednesday, Mar 08, 2023 - 11:20 AM (IST)

ਚੰਡੀਗੜ੍ਹ (ਸੁਸ਼ੀਲ) : ਇੱਥੇ ਟੈਕਸਸ ਨਿਵਾਸੀ ਪ੍ਰਵੀਨ ਨੇ ਵਿਆਹ ਦਾ ਝਾਂਸਾ ਦੇ ਕੇ ਔਰਤ ਤੋਂ ਦੋ ਲੱਖ 91 ਹਜ਼ਾਰ 800 ਰੁਪਏ ਦੀ ਠੱਗੀ ਕਰ ਲਈ। ਇਸ ਤੋਂ ਬਾਅਦ ਪ੍ਰਵੀਨ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਸੈਕਟਰ-39 ਨਿਵਾਸੀ ਸਰਬਪ੍ਰੀਤ ਕੌਰ ਨੇ ਮਾਮਲੇ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਦਿੱਤੀ। ਸਾਈਬਰ ਸੈੱਲ ਦੀ ਟੀਮ ਨੇ ਮਾਮਲੇ ਦੀ ਜਾਂਚ ਕਰ ਕੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸੈਕਟਰ-39 ਨਿਵਾਸੀ ਸਰਬਪ੍ਰੀਤ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਈ. ਟੀ. ਕੰਪਨੀ ਵਿਚ ਨੌਕਰੀ ਕਰਦੀ ਹੈ।

ਉਸਦਾ ਤਲਾਕ ਹੋ ਚੁੱਕਿਆ ਹੈ ਅਤੇ 12 ਸਾਲਾ ਪੁੱਤਰ ਹੈ। ਔਰਤ ਨੇ ਜੀਵਨਸਾਥੀ ਐਪ ’ਤੇ ਆਪਣੀ ਪ੍ਰੋਫਾਈਲ ਬਣਾਈ ਸੀ। 19 ਜਨਵਰੀ, 2023 ਨੂੰ ਟੈਕਸਸ ਨਿਵਾਸੀ ਪ੍ਰਵੀਨ ਦਾ ਉਸਨੂੰ ਫੋਨ ਆਇਆ। ਦੋਵਾਂ ਵਿਚਕਾਰ ਗੱਲਬਾਤ ਹੋਣ ਲੱਗੀ। ਪ੍ਰਵੀਨ ਨੇ ਕਿਹਾ ਕਿ ਉਹ ਭਾਰਤ ਆ ਕੇ ਉਸ ਨਾਲ ਵਿਆਹ ਕਰੇਗਾ। ਉਸ ਨੇ ਬੇਟੇ ਅਤੇ ਔਰਤ ਦਾ ਪਾਸਪੋਰਟ ਮੰਗਵਾ ਲਿਆ। ਪ੍ਰਵੀਨ ਨੇ ਭਾਰਤ ਆਉਣ ਦੀ ਟਿਕਟ ਵਟਸਐਪ ’ਤੇ ਭੇਜ ਦਿੱਤੀ। 13 ਫਰਵਰੀ ਨੂੰ ਦਿੱਲੀ ਏਅਰਪੋਰਟ ਸਥਿਤ ਕਸਟਮ ਵਿਭਾਗ ਵਲੋਂ ਫੋਨ ਆਇਆ। ਉਸ ਨੇ ਕਿਹਾ ਕਿ ਪ੍ਰਵੀਨ ਕੋਲ ਡਾਲਰ ਅਤੇ ਹੋਰ ਸਾਮਾਨ ਜ਼ਿਆਦਾ ਹੈ, ਜਿਸਨੂੰ ਰਿਲੀਜ਼ ਕਰਵਾਉਣ ਲਈ ਅਕਾਊਂਟ ਵਿਚ 36 ਹਜ਼ਾਰ ਅਤੇ ਦੋ ਲੱਖ 55 ਹਜ਼ਾਰ 800 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਔਰਤ ਨੇ ਦੱਸੇ ਹੋਏ ਖ਼ਾਤੇ ਵਿਚ ਰੁਪਏ ਜਮ੍ਹਾਂ ਕਰਵਾ ਦਿੱਤੇ। ਬਾਅਦ ਵਿਚ ਪ੍ਰਵੀਨ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ।       


Babita

Content Editor

Related News