PUNBUS ਦੇ ਨਾਲ ''ਡਿਜੀਟਲ'' ਧੋਖਾਧੜੀ! ਪ੍ਰਾਈਵੇਟ ਕੰਪਨੀ ਦੇ ਮਾਲਕ ਖ਼ਿਲਾਫ਼ ਮਾਮਲਾ ਦਰਜ
Thursday, Apr 09, 2026 - 12:39 PM (IST)
ਲੁਧਿਆਣਾ (ਰਾਜ): ਪੰਜਾਬ ਰੋਡਵੇਜ਼ ਦੀ ਪਨਬਸ (PUNBUS) ਨੂੰ ਕਿਲੋਮੀਟਰ ਸਕੀਮ ਤਹਿਤ ਨਵੀਆਂ ਬੱਸਾਂ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਵਿਚ ਜਾਣਬੁੱਝ ਕੇ ਦੇਰੀ ਕਰਨ ਅਤੇ ਸਰਕਾਰ ਨਾਲ ਧੋਖਾਧੜੀ ਕਰਨ ਦਾ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਚੰਡੀਗੜ੍ਹ ਸਥਿਤ ਪਨਬਸ ਦੇ ਮੈਨੇਜਿੰਗ ਡਾਇਰੈਕਟਰ (MD) ਦੇ ਦਫ਼ਤਰ ਤੋਂ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ 'ਫਾਸਟ੍ਰੈਕ ਡਿਜੀਟਲ ਸੋਲਿਊਸ਼ਨ ਪ੍ਰਾਈਵੇਟ ਲਿਮਟਿਡ' ਦੇ ਮਾਲਕ ਤਨਵੀਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਨੇ ਨਾ ਸਿਰਫ਼ ਟੈਂਡਰ ਪ੍ਰਕਿਰਿਆ ਵਿਚ ਰੁਕਾਵਟ ਪਾਈ, ਸਗੋਂ ਗ਼ਲਤ ਪਤਾ ਦੇ ਕੇ ਸਰਕਾਰੀ ਤੰਤਰ ਨੂੰ ਵੀ ਗੁੰਮਰਾਹ ਕੀਤਾ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਆਦੇਸ਼ਾਂ ਅਨੁਸਾਰ ਪਨਬਸ ਵੱਲੋਂ ਕਿਲੋਮੀਟਰ ਸਕੀਮ ਤਹਿਤ ਸਾਧਾਰਨ (ਆਰਡੀਨਰੀ) ਬੱਸਾਂ ਚਲਾਉਣ ਲਈ ਟੈਂਡਰ ਜਾਰੀ ਕੀਤਾ ਗਿਆ ਸੀ। ਇਸ ਪ੍ਰਕਿਰਿਆ ਵਿਚ ਲੁਧਿਆਣਾ ਦੀ ਕੰਪਨੀ 'ਫਾਸਟ੍ਰੈਕ ਡਿਜੀਟਲ ਸੋਲਿਊਸ਼ਨ' ਦੂਜੇ ਨੰਬਰ 'ਤੇ ਰਹੀ ਸੀ। ਨਿਯਮਾਂ ਅਨੁਸਾਰ, ਟੈਂਡਰ ਦੀਆਂ ਸ਼ਰਤਾਂ ਨੂੰ ਅੱਗੇ ਵਧਾਉਣ ਲਈ ਵਿਭਾਗ ਨੇ 12 ਮਾਰਚ 2026 ਨੂੰ ਇਕ ਮਹੱਤਵਪੂਰਨ ਮੀਟਿੰਗ ਬੁਲਾਈ ਸੀ। ਵਿਭਾਗ ਨੂੰ ਉਮੀਦ ਸੀ ਕਿ ਇਸ ਮੀਟਿੰਗ ਤੋਂ ਬਾਅਦ ਬੱਸਾਂ ਨੂੰ ਰੂਟ 'ਤੇ ਉਤਾਰਨ ਦਾ ਕੰਮ ਤੇਜ਼ ਹੋਵੇਗਾ, ਪਰ ਮੁਲਜ਼ਮ ਬਿੱਡਰ ਜਾਣਬੁੱਝ ਕੇ ਮੀਟਿੰਗ ਵਿਚ ਹਾਜ਼ਰ ਨਹੀਂ ਹੋਇਆ।
ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਮੁਲਜ਼ਮ ਤਨਵੀਰ ਸਿੰਘ ਨੂੰ ਵਿਭਾਗ ਵੱਲੋਂ ਵਾਰ-ਵਾਰ ਫ਼ੋਨ ਕੀਤੇ ਗਏ, ਪਰ ਉਸ ਨੇ ਹਰ ਵਾਰ ਟਾਲਮਟੋਲ ਵਾਲਾ ਰਵੱਈਆ ਅਪਣਾਇਆ। ਇੰਨਾ ਹੀ ਨਹੀਂ, ਜਦੋਂ ਵਿਭਾਗ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਉਸ ਨੇ ਕੰਪਨੀ ਦਾ ਜੋ ਪਤਾ (B.R.S ਨਗਰ, ਗ੍ਰੈਂਡ ਵਾਕ ਮਾਲ, ਲੁਧਿਆਣਾ) ਦਿੱਤਾ ਸੀ, ਉਹ ਵੀ ਜਾਂਚ ਦੇ ਘੇਰੇ ਵਿਚ ਆ ਗਿਆ। ਮੁਲਜ਼ਮ ਨੇ ਗ਼ਲਤ ਜਾਣਕਾਰੀ ਅਤੇ ਫ਼ਰਜ਼ੀਵਾੜੇ ਰਾਹੀਂ ਸਰਕਾਰੀ ਕੰਮ ਵਿਚ ਦੇਰੀ ਕਰਵਾਈ, ਜਿਸ ਕਾਰਨ ਆਮ ਜਨਤਾ ਲਈ ਨਵੀਆਂ ਬੱਸਾਂ ਚਲਾਉਣ ਦੀ ਯੋਜਨਾ ਅੱਧ ਵਿਚਾਲੇ ਲਟਕ ਗਈ। ਪਨਬਸ ਦੇ ਮੈਨੇਜਿੰਗ ਡਾਇਰੈਕਟਰ ਦੇ ਦਫ਼ਤਰ ਤੋਂ ਪ੍ਰਾਪਤ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਭਾਗ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਇਸ ਹਰਕਤ ਦੀ ਵਜ੍ਹਾ ਨਾਲ ਟੈਂਡਰ ਨੂੰ ਦੁਬਾਰਾ ਫਲੋਟ (re-float) ਕਰਨਾ ਪਿਆ, ਜਿਸ ਨਾਲ ਨਾ ਸਿਰਫ਼ ਸਮੇਂ ਦੀ ਬਰਬਾਦੀ ਹੋਈ ਬਲਕਿ ਸਰਕਾਰ ਨੂੰ ਵਿੱਤੀ ਨੁਕਸਾਨ ਵੀ ਹੋਇਆ।
