‘ਤੁਹਾਡੇ ਭਤੀਜੇ ਨੇ ਗੋਰੇ ਦਾ ਸਿਰ ਖੋਲ੍ਹਤਾ, ਫ਼ੈਸਲੇ ਲਈ ਹੱਥੋ ਹੱਥ 5000 ਡਾਲਰ ਭੇਜੋ’, ਇਸ ਮਗਰੋਂ ਜੋ ਹੋਇਆ...
Thursday, Oct 06, 2022 - 10:52 AM (IST)
ਲੁਧਿਆਣਾ (ਤਰੁਣ) : ਕੈਨੇਡਾ ਤੋਂ ਇਕ ਕਾਲ 80 ਸਾਲਾ ਅਜੀਤ ਸਿੰਘ ਨੂੰ ਆਉਂਦੀ ਹੈ, ਜਿਸ 'ਚ ਇਕ ਵਿਅਕਤੀ ਖ਼ੁਦ ਨੂੰ ਪੀੜਤ ਦਾ ਭਤੀਜਾ ਦੱਸਦੇ ਹੋਏ ਵਕੀਲ ਨਾਲ ਗੱਲ ਕਰਵਾਉਂਦਾ ਹੈ। ਵਕੀਲ ਕਹਿੰਦਾ ਹੈ ਕਿ ਤੁਹਾਡੇ ਭਤੀਜੇ ਨੇ ਗੋਰੇ ਦਾ ਸਿਰ ਖੋਲ੍ਹਤਾ, ਉਸ ਨੇ ਮਰ ਜਾਣਾ ਹੈ, ਤੁਰੰਤ 5000 ਡਾਲਰ ਭੇਜੋ, ਨਹੀਂ ਤਾਂ ਤੁਹਾਡੇ ਭਤੀਜੇ ’ਤੇ ਕੇਸ ਦਰਜ ਹੋਜੂ। ਜਲਦਬਾਜ਼ੀ 'ਚ ਅਜੀਤ ਸਿੰਘ ਸਿਰਫ ਕੁੱਝ ਸਮੇਂ ’ਚ ਵਕੀਲ ਦੇ ਦਿੱਤੇ ਬੈਂਕ ਅਕਾਊਂਟ ’ਚ ਸਾਢੇ 7 ਲੱਖ ਦੀ ਨਕਦੀ ਜਮ੍ਹਾਂ ਕਰਵਾ ਦਿੰਦਾ ਹੈ। ਅਗਲੀ ਸਵੇਰ ਭਤੀਜੇ ਨਾਲ ਸੰਪਰਕ ਹੋਣ ’ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਕਿਸੇ ਨੇ ਫਰਜ਼ੀ ਕਾਲ ਕਰ ਕੇ ਠੱਗੀ ਦਾ ਸ਼ਿਕਾਰ ਬਣਾਇਆ ਹੈ। ਪੀੜਤ ਅਜੀਤ ਸਿੰਘ ਨਿਵਾਸੀ ਭਾਈ ਰਣਧੀਰ ਸਿੰਘ ਨੇ ਦੱਸਿਆ ਕਿ ਉਹ ਜੰਗਲਾਤ ਵਿਭਾਗ ’ਚੋਂ ਰਿਟਾ. ਡੀ. ਐੱਫ. ਓ. ਹੈ। ਉਸ ਦਾ ਭਤੀਜਾ ਜਸਦੇਵ ਸਿੰਘ ਉਰਫ਼ ਜੱਸਾ ਕੈਨੇਡਾ 'ਚ ਕੰਮ ਕਰਦਾ ਹੈ।
16 ਸਤੰਬਰ ਨੂੰ ਉਸ ਨੂੰ ਕੈਨੇਡਾ ਤੋਂ ਕਾਲ ਆਉਂਦੀ ਹੈ। ਗੱਲਬਾਤ ਕਰਨ ਵਾਲਾ ਖ਼ੁਦ ਨੂੰ ਜੱਸਾ ਦੱਸਦਾ ਹੈ ਅਤੇ ਘਬਰਾਉਂਦੇ ਹੋਏ ਰੋਂਦੇ ਹੋਏ ਵਕੀਲ ਨੂੰ ਫੋਨ ਫੜ੍ਹਾ ਦਿੰਦਾ ਹੈ। ਹੁਣ ਗੱਲਬਾਤ ਕਰਨ ਵਾਲਾ ਖ਼ੁਦ ਨੂੰ ਕੈਨੇਡਾ ਦਾ ਵਕੀਲ ਜਗਮੋਹਨ ਸਿੰਘ ਦੱਸਦਾ ਹੈ। ਉਸ ਨੇ ਵਿਸਥਾਰ 'ਚ ਦੱਸਿਆ ਕਿ ਬੀਤੀ ਰਾਤ ਉਸ ਦੇ ਭਤੀਜੇ ਦਾ ਕੈਨੇਡਾ ਦੇ ਇਕ ਹੋਟਲ ’ਚ ਪਾਰਟੀ ਦੌਰਾਨ ਵਿਦੇਸ਼ੀ ਜੋੜੇ ਨਾਲ ਝਗੜਾ ਹੋਇਆ, ਜਿਸ ਵਿਚ ਜੱਸੇ ਨੇ ਗੋਰੇ ਦੇ ਸਿਰ ’ਤੇ ਵਾਰ ਕੀਤਾ, ਜੋ ਮੌਤ ਦੀ ਦਹਿਲੀਜ ’ਤੇ ਹੈ। ਜੇਕਰ ਫ਼ੈਸਲੇ ਲਈ ਤੁਰੰਤ 5 ਹਜ਼ਾਰ ਡਾਲਰ ਨਾ ਦਿੱਤਾ ਤਾਂ ਉਸ ਦੇ ਭਤੀਜੇ ’ਤੇ ਕਤਲ ਦੇ ਦੋਸ਼ ’ਚ ਕੇਸ ਦਰਜ ਹੋ ਜਾਵੇਗਾ ਅਤੇ ਸਮਾਂ ਬਿਲਕੁਲ ਨਹੀਂ ਹੈ।
ਇਸ ਤਰ੍ਹਾਂ ਅਜੀਤ ਸਿੰਘ ਨੂੰ ਫ਼ੈਸਲੇ ਦੀ ਰਕਮ ਤੋਂ ਇਲਾਵਾ ਕਰੀਬ ਕੁੱਲ ਸਾਢੇ 7 ਲੱਖ ਦੀ ਨਕਦੀ ਉਸ ਨੂੰ ਟਰਾਂਸਫਰ ਕਰਨ ਦੇ ਨਿਰਦੇਸ਼ ਮਿਲਦੇ ਹਨ। ਪੀੜਤ ਅਜੀਤ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਗੱਲਬਾਤ ਕਰਨ ਵਾਲੇ ਨੇ ਡਰਾਮਾ ਰਚਿਆ, ਉਸ ਨੂੰ ਜ਼ਰਾ ਵੀ ਸ਼ੱਕ ਨਹੀਂ ਹੋਇਆ ਅਤੇ ਘਬਰਾਹਟ ਅਤੇ ਹਫੜਾ-ਦਫੜੀ 'ਚ ਉਸ ਨੇ ਖ਼ੁਦ ਦੇ ਬੈਂਕ ਅਕਾਊਂਟ ’ਚੋਂ ਕਰੀਬ 7 ਲੱਖ ਰੁਪਏ ਦੀ ਨਕਦੀ ਵਕੀਲ ਵੱਲੋਂ ਦੱਸੇ ਗਏ ਬੈਂਕ ਖ਼ਾਤੇ ’ਚ ਜਮ੍ਹਾਂ ਕਰਵਾ ਦਿੱਤੀ। ਅਜੀਤ ਸਿੰਘ ਨੇ ਦੱਸਿਆ ਕਿ 16 ਸਤੰਬਰ ਦੀ ਦੁਪਹਿਰ ਨੂੰ ਉਸ ਨੂੰ ਕਾਲ ਆਈ ਅਤੇ ਸਿਰਫ 70 ਮਿੰਟ ’ਚ ਉਸ ਨੇ ਨਕਦੀ ਜਮ੍ਹਾਂ ਕਰਵਾ ਦਿੱਤੀ। ਭਾਰਤ ਦੇ ਸਮੇਂ ਮੁਤਾਬਕ ਜਦੋਂ ਕਾਲ ਆਈ, ਉਦੋਂ ਦਿਨ ਸੀ, ਜਦੋਂਕਿ ਕੈਨੇਡਾ ’ਚ ਰਾਤ ਸੀ, ਜਿਸ ਕਾਰਨ ਉਸ ਨੇ ਭਾਰਤੀ ਸਮੇਂ ਮੁਤਾਬਕ ਰਾਤ ਨੂੰ ਕੈਨੇਡਾ ਵਿਚ ਰਹਿ ਰਹੇ ਸਕੇ ਭਤੀਜੇ ਜਸਪਾਲ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੁੱਟਮਾਰ ਜਾਂ ਝਗੜਾ ਨਹੀਂ ਹੋਇਆ ਤਾਂ ਉਸ ਨੂੰ ਖ਼ੁਦ ਦੇ ਨਾਲ ਹੋਏ ਫਰਾਡ ਦਾ ਪਤਾ ਲੱਗਾ। ਇਸ ਸਬੰਧੀ ਇੰਸਪੈਕਟਰ ਸਤਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਜੀਤ ਸਿੰਘ ਦੇ ਬਿਆਨ ’ਤੇ ਆਈ. ਟੀ. ਐਕਟ ਅਤੇ ਧੋਖਾਦੇਹੀ ਦੇ ਦੋਸ਼ ’ਚ ਕੇਸ ਦਰਜ ਕਰ ਲਿਆ ਹੈ। ਘਬਰਾਹਟ ਅਤੇ ਜਜ਼ਬਾਤਾਂ ਵਿਚ ਵਹਿ ਕੇ ਅਜੀਤ ਸਿੰਘ ਨੇ ਬਿਨਾਂ ਵੈਰੀਫਾਈ ਕੀਤੇ ਜਲਦ ਹੀ ਅਮਾਊਂਟ ਟਰਾਂਸਫਰ ਕਰਵਾ ਦਿੱਤੀ, ਜਿਸ ਖ਼ਾਤੇ ਵਿਚ ਨਕਦੀ ਟਰਾਂਸਫਰ ਕੀਤੀ ਗਈ ਹੈ, ਉਹ ਅਕਾਊਂਟ ਬਿਹਾਰ ਤੋਂ ਸਾਜ਼ਿਦ ਨਾਮੀ ਵਿਅਕਤੀ ਦਾ ਹੈ। ਪੁਲਸ ਜਾਂਚ ਵਿਚ ਜੁੱਟੀ ਹੋਈ ਹੈ। ਜਲਦ ਹੀ ਕੇਸ ਨੂੰ ਬ੍ਰੇਕ ਕੀਤਾ ਜਾਵੇਗਾ।