ਸ਼ੇਅਰ ਬਾਜ਼ਾਰ ’ਚ ਟ੍ਰੇਡਿੰਗ ਦਾ ਝਾਂਸਾ ਦੇ ਕੇ ਕਾਰੋਬਾਰੀ ਤੋਂ 40 ਲੱਖ ਦੀ ਠੱਗੀ
Saturday, Jul 13, 2024 - 03:29 PM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਸ਼ੇਅਰ ਬਾਜ਼ਾਰ ’ਚ ਨਿਵੇਸ਼ ਕਰਕੇ ਚੰਗਾ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ ਵਪਾਰੀ ਤੋਂ 40 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਥਾਣਾ ਪੁਲਸ ਨੇ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੈਕਟਰ-36-ਡੀ ਦੇ ਵਸਨੀਕ ਪੁਸ਼ਪਿੰਦਰ ਸਿੰਘ ਨੇ ਸ਼ਿਕਾਇਤ ’ਚ ਦੱਸਿਆ ਕਿ 3 ਮਾਰਚ ਨੂੰ ਫਾਇਰਸ ਗਰੁੱਪ ਦੇ ਕਸਟਮਰ ਕੇਅਰ ਤੋਂ ਫੋਨ ਆਇਆ ਸੀ।
ਸ਼ੇਅਰ ਮਾਰਕੀਟ ਲਈ ਐੱਫ. ਵਾਈ. ਐੱਸ.-ਐੱਸ.ਐੱਸ. ਐੱਪ ਡਾਊਨਲੋਡ ਕਰ ਕੇ ਇੰਸਟੀਟਿਊਸ਼ਨ ਖ਼ਾਤਾ ਖੋਲ੍ਹਣ ਲਈ ਕਿਹਾ। ਐੱਪ ਡਾਊਨਲੋਡ ਕਰਨ ਦੇ ਬਾਅਦ ਖ਼ਾਤਾ ਖੋਲ੍ਹਣ ਅਤੇ ਫੰਡ ਟਰਾਂਸਫਰ ਕਰਨ ਬਾਰੇ ਦੱਸਿਆ ਗਿਆ। ਇਵਨ ਮੋਰ ਸਟ੍ਰੇਟਜੀ ਨਾਮ ਤੋਂ ਬਣੇ ਵਟਸਐੱਪ ਗਰੁੱਪ ’ਚ ਜੋੜਿਆ ਗਿਆ, ਜਿਸ ਦੇ ਐਡਮਿਨ ਕੈਰੋਲਿਨ ਕਰੂਕ ਤੇ ਤੇਜਸ ਕੋੜੇ ਨਾਮ ਦੇ ਦੋ ਵਿਅਕਤੀ ਸਨ। ਕਰੂਕ ਨੇ ਵੀ. ਆਈ. ਪੀ. ਕੰਸਲਟੇਸ਼ਨ ਦੇ ਨਾਂ ਨਾਲ ਇਕ ਵੱਖਰਾ ਗਰੁੱਪ ਬਣਾਇਆ, ਜਿਸ ’ਚ ਟ੍ਰੇਡਿੰਗ ਬਾਰੇ ਜਾਣਕਾਰੀ ਦਿੱਤੀ ਗਈ।
ਪੀੜਤ ਨੇ ਮੁਲਜ਼ਮ ਦੇ ਕਹੇ ਮੁਤਾਬਕ 5 ਮਾਰਚ ਨੂੰ 10 ਲੱਖ ਰੁਪਏ ਖ਼ਾਤੇ ’ਚ ਜਮ੍ਹਾਂ ਕਰਵਾ ਦਿੱਤੇ। ਇਸ ਤਰ੍ਹਾਂ ਹੌਲੀ-ਹੌਲੀ 40 ਲੱਖ ਰੁਪਏ ਲੈ ਲਏ। ਉਸ ਨੂੰ ਧੋਖਾਧੜੀ ਦਾ ਉਦੋਂ ਅਹਿਸਾਸ ਹੋਇਆ, ਜਦੋਂ 20 ਲੱਖ ਰੁਪਏ ਕਢਵਾਉਣ ਦੀ ਕੋਸ਼ਿਸ਼ ਕੀਤੀ ਪਰ ਖ਼ਾਤਾ ਬਲਾਕ ਹੋ ਗਿਆ। ਪੀੜਤ ਮੁਤਾਬਕ ਐੱਪ ’ਚ ਨਿਵੇਸ਼ ਕਰਨ ਤੋਂ ਬਾਅਦ ਰਕਮ ਵੱਧਦੀ ਨਜ਼ਰ ਆ ਰਹੀ ਸੀ। 30 ਅਪ੍ਰੈਲ ਨੂੰ ਨਿਵੇਸ਼ ਕੀਤੇ 40 ਲੱਖ ਰੁਪਏ ਵਧ ਕੇ 4 ਕਰੋੜ 1 ਲੱਖ 85 ਹਜ਼ਾਰ 206 ਰੁਪਏ ਹੋ ਗਏ ਸੀ।