ਪਹਿਲਾਂ ਨਿਵੇਸ਼ ਕਰਵਾ ਲਏ ਕਰੋੜਾਂ ਰੁਪਏ, ਫ਼ਿਰ ਬਲਾਕ ਕਰ''ਤਾ ਅਕਾਊਂਟ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ''ਕਾਂਡ''
Tuesday, Aug 27, 2024 - 05:46 AM (IST)
ਚੰਡੀਗੜ੍ਹ (ਪ੍ਰੀਕਸ਼ਿਤ) : ਚੰਡੀਗੜ੍ਹ ਸਾਈਬਰ ਥਾਣਾ ਪੁਲਸ ਨੇ ਇਕ ਸਰਕਾਰੀ ਰਿਟਾਇਰਡ ਅਧਿਕਾਰੀ ਪੈਸੇ ਨਿਵੇਸ਼ ਕਰ ਕੇ ਚੰਗਾ ਮੁਨਾਫ਼ਾ ਕਮਾਉਣ ਦਾ ਝਾਂਸਾ ਦੇ ਕੇ ਇੱਕ ਕਰੋੜ 68 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪਟਿਆਲਾ ਦੇ ਰਹਿਣ ਵਾਲੇ ਸਾਹਿਲ ਅਤੇ ਬਲਵਿੰਦਰ ਵਜੋਂ ਹੋਈ ਹੈ।
ਧੋਖੇਬਾਜ਼ ਇੰਨੇ ਚਲਾਕ ਸਨ ਕਿ ਸ਼ੁਰੂ ਵਿਚ ਨਿਵੇਸ਼ ਕੀਤੇ ਪੈਸੇ ’ਤੇ ਪੀੜਤ ਨੂੰ ਚੰਗਾ ਮੁਨਾਫਾ ਦਿਖਾਇਆ। ਫਿਰ ਬਾਅਦ ਵਿਚ ਜਦੋਂ ਉਸ ਨੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਸ ਦਾ ਖਾਤਾ ਹੀ ਬਲਾਕ ਕਰ ਦਿੱਤਾ। ਮਾਮਲੇ ’ਚ ਸਾਈਬਰ ਥਾਣਾ ਪੁਲਸ ਨੇ ਪੀੜਤ ਰਿਟਾਇਰਡ ਅਧਿਕਾਰੀ ਦੀ ਸ਼ਿਕਾਇਤ ’ਤੇ ਮੁਲਜ਼ਮਾਂ ਖਿਲਾਫ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਜਾਂਚ ਦੌਰਾਨ ਪੁਲਸ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਰਿਮਾਂਡ ’ਤੇ ਲੈ ਲਿਆ ਹੈ। ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਪੁਲਸ ਇਸ ਧੋਖਾਧੜੀ ਕਰਨ ਵਾਲੇ ਗਰੋਹ ਦੇ ਸਰਗਨਾ ਦਾ ਪਤਾ ਲਾਉਣ ’ਚ ਲੱਗੀ ਹੈ, ਜੋ ਕਿ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ।
ਮੁਲਜ਼ਮ ਨੇ 4 ਹਜ਼ਾਰ ’ਚ ਵੇਚਿਆ ਸੀ ਆਪਣਾ ਬੈਂਕ ਖਾਤਾ
ਪੀੜਤ ਦੀ ਸ਼ਿਕਾਇਤ ’ਤੇ ਖਾਤੇ ’ਚੋਂ ਟਰਾਂਸਫਰ ਕੀਤੇ ਗਏ ਪੈਸਿਆਂ ਦਾ ਮਨੀ ਟ੍ਰੇਲ ਪਤਾ ਲਗਾਉਂਦੇ ਹੋਏ ਸਾਈਬਰ ਥਾਣਾ ਪੁਲਸ ਨੇ ਪਾਇਆ ਕਿ ਪੀੜਤ ਦੇ ਖਾਤੇ ’ਚੋਂ ਟਰਾਂਸਫਰ ਕੀਤੀ ਗਈ ਰਕਮ ’ਚੋਂ 5 ਲੱਖ ਰੁਪਏ ਬਲਵਿੰਦਰ ਨਾਂ ਦੇ ਵਿਅਕਤੀ ਦੇ ਖਾਤੇ ’ਚ ਗਏ ਹਨ। ਇਸ ਤੋਂ ਬਾਅਦ ਪੁਲਸ ਨੇ ਮੁਲਜ਼ਮ ਬਲਵਿੰਦਰ ਦੇ ਬੈਂਕ ਖਾਤੇ ਦੀ ਮਦਦ ਨਾਲ ਉਸ ਦਾ ਪਤਾ ਲੱਭਿਆ ਅਤੇ ਉਸ ਦੇ ਨਾਲ ਹੀ ਇੱਕ ਹੋਰ ਮੁਲਜ਼ਮ ਸਾਹਿਲ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਸੂਤਰਾਂ ਅਨੁਸਾਰ ਰਿਮਾਂਡ ਦੌਰਾਨ ਮੁਲਜ਼ਮ ਬਲਵਿੰਦਰ ਨੇ ਪੁਲਸ ਦੇ ਸਾਹਮਣੇ ਖੁਲਾਸਾ ਕੀਤਾ ਹੈ ਕਿ ਉਸ ਨੇ ਆਪਣਾ ਬੈਂਕ ਖਾਤਾ ਧੋਖਾਧੜੀ ਦੀ ਇਸ ਸਾਰੀ ਖੇਡ ਦੇ ਮਾਸਟਰਮਾਈਂਡ ਨੂੰ ਸਿਰਫ਼ 4 ਹਜ਼ਾਰ ਰੁਪਏ ਵਿਚ ਵੇਚਿਆ ਸੀ। ਫੜੇ ਗਏ ਮੁਲਜ਼ਮ ਵੱਲੋਂ ਰਿਮਾਂਡ ਦੌਰਾਨ ਕੀਤੇ ਗਏ ਇਸ ਖ਼ੁਲਾਸੇ ਤੋਂ ਬਾਅਦ ਪੁਲਸ ਠੱਗੀ ਦੇ ਇਸ ਗਰੋਹ ਦੇ ਫਰਾਰ ਚੱਲ ਰਹੇ ਸਰਗਨਾ ਦਾ ਪਤਾ ਲਗਾਉਣ ’ਚ ਲੱਗੀ ਹੈ।
ਇਹ ਵੀ ਪੜ੍ਹੋ- ਕੰਗਨਾ 'ਤੇ ਰਾਜਾ ਵੜਿੰਗ ਦਾ ਤਿੱਖਾ ਹਮਲਾ, ਕਿਹਾ- ''ਅਜਿਹੇ ਬਿਆਨ ਦੇਣਾ ਪਾਗਲ ਇਨਸਾਨ ਦੀ ਨਿਸ਼ਾਨੀ...''
ਸੈਕਟਰ 40 ਦੇ ਅਮਰਵੀਰ ਨਾਲ ਹੋਈ ਸੀ ਠੱਗੀ
ਸੈਕਟਰ-40 ਦੇ ਰਹਿਣ ਵਾਲੇ ਅਮਰ ਵੀਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਦੇ ਮੋਬਾਈਲ ’ਤੇ ਇੱਕ ਮੈਸੇਜ ਆਇਆ ਸੀ, ਜਿਸ ’ਚ ਨਿਵੇਸ਼ ਕਰਨ ’ਤੇ ਜ਼ਿਆਦਾ ਵਿਆਜ ਦਰਾਂ ’ਤੇ ਮੁਨਾਫ਼ਾ ਮਿਲਣ ਦਾ ਵਾਅਦਾ ਕੀਤਾ ਗਿਆ ਸੀ। ਮੈਸੇਜ ਪੜ੍ਹਨ ਤੋਂ ਬਾਅਦ ਉਸ ਨੇ ਹੇਠਾਂ ਦਿੱਤੇ ਨੀਲੇ ਲਿੰਕ ’ਤੇ ਕਲਿੱਕ ਕੀਤਾ ਤਾਂ ਉਹ ਇੱਕ ਆਨਲਾਈਨ ਗਰੁੱਪ ਨਾਲ ਜੁੜ ਗਿਆ। ਉਸ ਗਰੁੱਪ ਵਿਚ 100 ਤੋਂ ਵੱਧ ਗਰੁੱਪ ਮੈਂਬਰਾਂ ਨੂੰ ਪੈਸੇ ਨਿਵੇਸ਼ ਕਰਕੇ ਚੰਗਾ ਮੁਨਾਫ਼ਾ ਕਮਾਉਣ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਸਨ।
ਇਸ ਤੋਂ ਬਾਅਦ ਗਰੁੱਪ ’ਚ ਸ਼ਾਮ ਨੂੰ ਇੱਕ ਮੈਂਬਰ ਨੇ ਅਮਰ ਵੀਰ ਸਿੰਘ ਦਾ ਖਾਤਾ ਬਣਾ ਕੇ ਉਸ ਨੂੰ ਸ਼ੁਰੂ ਵਿਚ ਥੋੜ੍ਹੀ ਜਿਹੀ ਰਕਮ ਨਿਵੇਸ਼ ਕਰਨ ਲਈ ਕਿਹਾ। ਪੀੜਤ ਦੁਆਰਾ ਪਹਿਲੇ ਨਿਵੇਸ਼ ਤੋਂ ਬਾਅਦ ਉਸ ਦੇ ਖਾਤੇ ਵਿਚ ਚੰਗਾ ਵਾਧਾ ਦਿਖਾਈ ਦੇਣ ਲੱਗਾ। ਇਸ ਤੋਂ ਬਾਅਦ ਸ਼ਾਤਿਰ ਧੋਖੇਬਾਜਾਂ ਨੇ ਰਿਟਾਇਰਡ ਅਧਿਕਾਰੀ ਨੂੰ ਹੋਰ ਜ਼ਿਆਦਾ ਪੈਸੇ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਤਰ੍ਹਾਂ ਉਸ ਨੇ ਮੁਲਜ਼ਮਾਂ ਵੱਲੋਂ ਦੱਸੇ ਗਏ ਖਾਤੇ ’ਚ ਕੁੱਲ 1 ਕਰੋੜ 68 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋਏ ਟਰਾਂਸਫਰ ਕਰ ਦਿੱਤੇ।
ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗ਼ਦਾਰ, ਮਾਂ ਕਹਿੰਦੀ- 'ਕੋਈ ਗੱਲ ਨਹੀਂ...'
ਇਸ ਨਿਵੇਸ਼ ਤੋਂ ਬਾਅਦ ਮੁਲਜ਼ਮ ਧੋਖੇਬਾਜ਼ ਉਸ ਨੂੰ ਮੁਨਾਫਾ ਦਿਵਾਉਣ ਵਿਚ ਅਸਫਲ ਰਹੇ ਅਤੇ ਇਸ ਤੋਂ ਬਾਅਦ ਵੀ ਉਹ ਉਸ ਨੂੰ ਵਾਧੂ ਰਕਮ ਨਿਵੇਸ਼ ਕਰਨ ਲਈ ਕਹਿਣ ਲੱਗੇ। ਇਸ ਤੋਂ ਬਾਅਦ ਸ਼ਿਕਾਇਤਕਰਤਾ ਅਮਰ ਵੀਰ ਸਿੰਘ ਨੂੰ ਅਹਿਸਾਸ ਹੋਇਆ ਕਿ ਉਹ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਹੈ ਅਤੇ ਉਸ ਨੇ ਮਾਮਲੇ ਦੀ ਸ਼ਿਕਾਇਤ ਸੈਕਟਰ 17 ਸਥਿਤ ਸਾਈਬਰ ਪੁਲਸ ਥਾਣੇ ਵਿਚ ਦਰਜ ਕਰਵਾਈ। ਪੁਲਸ ਨੇ ਪੀੜਤ ਦੀ ਸ਼ਿਕਾਇਤ ’ਤੇ ਕੀਤੀ ਮੁੱਢਲੀ ਜਾਂਚ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਤਫ਼ਤੀਸ਼ ਦੌਰਾਨ ਪਟਿਆਲਾ ਦੇ ਰਹਿਣ ਵਾਲੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e