ਡੇਟਿੰਗ ਐਪ ਜ਼ਰੀਏ ਲੱਖਾਂ ਰੁਪਏ ਦੀ ਠੱਗੀ, ਪੈਸੇ ਵਾਪਸ ਕਰਵਾਉਣ ਦੇ ਨਾਂ ''ਤੇ ਵੀ ਲਾਇਆ ਚੂਨਾ
Wednesday, Jan 31, 2024 - 01:40 AM (IST)
ਚੰਡੀਗੜ੍ਹ (ਸੁਸ਼ੀਲ): ਡੇਟਿੰਗ ਐਪਸ ਰਾਹੀਂ ਸਾਢੇ 16 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਸਾਈਬਰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗਿਰੋਹ ਦੇ ਸਰਗਨੇ ਕੋਲਕਾਤਾ ਨਿਵਾਸੀ ਕ੍ਰਿਸ਼ਨ ਅਚਾਰੀਆ ਅਤੇ ਪੱਛਮੀ ਬੰਗਾਲ ਦੇ ਕੋਲਕਾਤਾ ਸਥਿਤ ਕੇਦਾਰ ਭਵਨ ਨਿਵਾਸੀ ਦੱਤਾਤਨੇਅ ਕੁੰਡੂ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 10 ਮੋਬਾਇਲ ਫੋਨ, 27 ਸਿਮ ਕਾਰਡ, ਦੋ ਲੈਪਟਾਪ ਅਤੇ 9 ਏ. ਟੀ. ਐੱਮ. ਕਾਰਡ ਬਰਾਮਦ ਕੀਤੇ ਹਨ। ਮੁਲਜ਼ਮ ਦੱਤਾਤਨੇਅ ਕੋਲਕਾਤਾ (ਪੱਛਮੀ ਬੰਗਾਲ) ਵਿਚ ਫਰਜ਼ੀ ਕਾਲ ਸੈਂਟਰ ਚਲਾਉਂਦਾ ਸੀ। ਪੁਲਸ ਨੇ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਦੱਤਾਤਨੇਯ ਕੁੰਡੂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ।
ਕੁੜੀਆਂ ਨਾਲ ਦੋਸਤੀ ਕਰਨ ਦਾ ਦਿੱਤਾ ਝਾਂਸਾ
ਸੈਕਟਰ-48 ਨਿਵਾਸੀ ਰਵਿੰਦਰ ਕੁਮਾਰ ਬਾਵਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਵੱਖ-ਵੱਖ ਡੇਟਿੰਗ ਐਪਸ ਦੀ ਵਰਤੋਂ ਕਰਦਾ ਸੀ। 20 ਅਗਸਤ 2023 ਨੂੰ ਉਸ ਨੂੰ ਇਕ ਅਣਜਾਣ ਨੰਬਰ ਤੋਂ ਕਾਲ ਆਈ, ਜਿਸ ਨੇ ਆਪਣੀ ਜਾਣ-ਪਛਾਣ ਤੰਨੂ ਵਜੋਂ ਕਰਵਾਈ ਅਤੇ ਉਸ ਤੋਂ ਪੁੱਛਿਆ ਕਿ ਕੀ ਉਹ ਚੰਡੀਗੜ੍ਹ ਵਿਚ ਕੁੜੀਆਂ ਨਾਲ ਦੋਸਤੀ ਕਰਨਾ ਚਾਹੁੰਦਾ ਹੈ। ਫਿਰ ਕਾਲ ਕਰਨ ਵਾਲੇ ਨੇ ਉਸ ਨੂੰ ਇਕ ਗੂਗਲ ਪੇਅ ਨੰਬਰ ਦਿੱਤਾ ਅਤੇ ਰਜਿਸਟ੍ਰੇਸ਼ਨ ਕਰਨ ਲਈ 2 ਹਜ਼ਾਰ ਰੁਪਏ ਦੇਣ ਲਈ ਕਿਹਾ। ਫਿਰ ਉਸ ਨੇ ਵੱਖ-ਵੱਖ ਲੜਕੀਆਂ ਦੀਆਂ ਤਸਵੀਰਾਂ ਭੇਜੀਆਂ ਅਤੇ ਉਨ੍ਹਾਂ ਵਿਚੋਂ ਸ਼ਿਕਾਇਤਕਰਤਾ ਨੇ ਕ੍ਰਿਤੀ ਨਾਂ ਦੀ ਲੜਕੀ ਦੀ ਚੋਣ ਕੀਤੀ। ਸ਼ਿਕਾਇਤਕਰਤਾ ਨੇ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਫਿਰ ਕ੍ਰਿਤੀ ਨੇ ਗੋਲਡ ਕਾਰਡ ਦੇ ਬਹਾਨੇ ਉਸ ਤੋਂ 10, 200 ਰੁਪਏ ਮੰਗੇ, ਜੋ ਸ਼ਿਕਾਇਤਕਰਤਾ ਨੇ ਟ੍ਰਾਂਸਫਰ ਕਰ ਦਿੱਤੇ।
ਇਹ ਖ਼ਬਰ ਵੀ ਪੜ੍ਹੋ - 2 ‘ਵੱਡੀਆਂ ਮੱਛੀਆਂ’ ਸਣੇ 5 ਨਸ਼ਾ ਤਸਕਰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ, DRI ਮੁੰਬਈ ਨੂੰ ਵੀ ਸੀ ਮੁਲਜ਼ਮਾਂ ਦੀ ਭਾਲ
ਇਸ ਤੋਂ ਬਾਅਦ ਲੜਕੀ ਨੇ ਸ਼ਿਕਾਇਤਕਰਤਾ ਨੂੰ ਦੂਜੀ ਲੜਕੀ ਰੋਹਿਨੀ ਅਗਰਵਾਲ ਦਾ ਮੋਬਾਇਲ ਨੰਬਰ ਦੇ ਦਿੱਤਾ। ਇਸ ਤੋਂ ਬਾਅਦ ਕ੍ਰਿਤੀ ਅਤੇ ਰੋਹਿਨੀ ਅਗਰਵਾਲ ਨੇ ਸ਼ਿਕਾਇਤਕਰਤਾ ਨਾਲ ਵ੍ਹਟਸਐਪ ’ਤੇ ਚੈਟ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਵੱਖ-ਵੱਖ ਸੇਵਾਵਾਂ ਦੇ ਨਾਂ ’ਤੇ 118,000 ਰੁਪਏ ਲੈ ਲਏ ਅਤੇ ਇਹ ਰਕਮ ਸ਼ਿਕਾਇਤਕਰਤਾ ਵਲੋਂ ਵੱਖ-ਵੱਖ ਖਾਤਿਆਂ ਵਿਚ ਜਮ੍ਹਾ ਕਰਵਾ ਦਿੱਤੀ ਗਈ। ਇਸ ਤਰ੍ਹਾਂ ਕਿਸੇ ਵੀ ਲੜਕੀ ਨਾਲ ਬਿਨ੍ਹਾਂ ਮੁਲਾਕਾਤ ਕਰਵਾਏ ਸ਼ਿਕਾਇਤਕਰਤਾ ਤੋਂ 16,50,000 ਰੁਪਏ ਲੈ ਲਏ ਗਏ।
ਪੈਸੇ ਵਾਪਸ ਕਰਵਾਉਣ ਦੇ ਨਾਂ ’ਤੇ ਵੀ ਠੱਗ ਲਿਆ
ਇਸ ਤੋਂ ਬਾਅਦ ਦੁਬਾਰਾ ਇਕ ਲੜਕੀ, ਜਿਸ ਨੇ ਆਪਣਾ ਨਾਂ ਰਸ਼ਮੀ ਦੇਸਾਈ ਦੱਸਿਆ, ਨੇ ਸ਼ਿਕਾਇਤਕਰਤਾ ਨੂੰ ਫੋਨ ਕੀਤਾ। ਉਸ ਨੇ ਦੱਸਿਆ ਕਿ ਤੰਨੂ ਨੇ ਉਸ ਦਾ ਨੰਬਰ ਦਿੱਤਾ ਸੀ ਅਤੇ ਉਸ ਨੇ ਉਸ ਦੇ ਖਾਤੇ ਬਾਰੇ ਸਭ ਕੁਝ ਦੱਸਿਆ ਪਰ ਕੰਪਨੀ ਨੇ ਕਿਸੇ ਕਾਰਨ ਉਸ ਨੂੰ ਕੱਢ ਦਿੱਤਾ ਹੈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਅਤੇ ਹੁਣ ਉਹ ਉਸ ਦੀ ਸਾਰੀ ਰਕਮ ਵਾਪਸ ਕਰਨ ਦੀ ਕੋਸ਼ਿਸ਼ ਕਰੇਗੀ ਪਰ ਉਸ ਨੂੰ ਪੈਸੇ ਵਾਪਸ ਕਰਨ ਦੀਆਂ ਨੀਤੀਆਂ ਦੀ ਪਾਲਣਾ ਕਰਨੀ ਹੋਵੇਗੀ। ਇਸ ਲਈ ਉਸ ਨੂੰ ਹੋਰ ਪੈਸੇ ਜਮ੍ਹਾ ਕਰਵਾਉਣੇ ਪੈਣਗੇ। ਪੈਸੇ ਜਮ੍ਹਾ ਕਰਵਾਉਣ ਲਈ ਉਸ ਨੇ ਦੱਤਾਤਨੇਯ ਕੁੰਡੂ ਨੂੰ ਇਕ ਬੈਂਕ ਖਾਤਾ ਨੰਬਰ ਅਤੇ ਮੋਬਾਇਲ ਨੰਬਰ ਦਿੱਤਾ, ਜਿਸ ਤੋਂ ਬਾਅਦ ਸ਼ਿਕਾਇਤਕਰਤਾ ਵੱਲੋਂ ਉਨ੍ਹਾਂ ਦੇ ਕਹੇ ਮੁਤਾਬਿਕ ਰਕਮ ਟਰਾਂਸਫਰ ਕਰ ਦਿੱਤੀ ਗਈ ਪਰ ਇਸ ਤੋਂ ਬਾਅਦ ਵੀ ਸ਼ਿਕਾਇਤਕਰਤਾ ਨੂੰ ਪੈਸੇ ਵਾਪਸ ਨਹੀਂ ਕੀਤੇ ਗਏ।
ਇਹ ਖ਼ਬਰ ਵੀ ਪੜ੍ਹੋ - 3 ਫ਼ਰਵਰੀ ਨੂੰ ਮਿੰਨੀ ਗੋਆ 'ਚ ਕਰਵਾਈ ਜਾਵੇਗੀ ਪ੍ਰਵਾਸੀ ਭਾਰਤੀ ਮਿਲਣੀ, CM ਮਾਨ ਕਰਨਗੇ ਉਦਘਾਟਨ
ਕਿੰਗਪਿਨ ਖ਼ਿਲਾਫ਼ ਮੁੰਬਈ ’ਚ ਵੀ ਮਾਮਲਾ ਦਰਜ
ਇਸ ਤੋਂ ਬਾਅਦ ਰਵਿੰਦਰ ਕੁਮਾਰ ਬਾਵਾ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਉਸ ਦੀ ਸ਼ਿਕਾਇਤ ’ਤੇ ਜਾਂਚ ਕਰਦਿਆਂ ਪੱਛਮੀ ਬੰਗਾਲ ਵਿਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰ ਕੇ ਕੋਲਕਾਤਾ ਵਿਚ ਕੇਦਾਰ ਭਵਨ ਨਿਵਾਸੀ ਦੱਤਾਤਨੇਅ ਕੁੰਡੂ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। 23 ਜਨਵਰੀ ਨੂੰ ਸਾਈਬਰ ਸੈੱਲ ਨੇ ਕੋਲਕਤਾ ਵਿਚ ਛਾਪੇਮਾਰੀ ਕਰ ਕੇ ਗਿਰੋਹ ਦੇ ਸਰਗਨੇ ਕ੍ਰਿਸ਼ਨ ਅਚਾਰੀਆ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਕਿੰਗਪਿਨ ਖ਼ਿਲਾਫ਼ ਮੁੰਬਈ ਵਿਚ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8