''ਜਗ ਬਾਣੀ'' ਦੀ ਖ਼ਬਰ ''ਤੇ ਲੱਗੀ ਮੋਹਰ, ਬਟਾਲਾ ''ਚ ਡਾਕਾ ਹੋਇਆ ਬੇਨਕਾਬ
Wednesday, Feb 28, 2018 - 07:43 AM (IST)

ਬਟਾਲਾ (ਸੈਂਡੀ/ਸਾਹਿਲ, ਬੇਰੀ) - ਬਟਾਲਾ ਪੁਲਸ ਨੂੰ ਲੈ ਕੇ 'ਜਗ ਬਾਣੀ' ਵੱਲੋਂ ਛਾਪੀ ਗਈ ਸਨਸਨੀਖੇਜ਼ ਖ਼ਬਰ 'ਤੇ ਮੋਹਰ ਲੱਗ ਗਈ ਹੈ। ਪੁਲਸ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਮਾਲਖਾਨੇ 'ਚ ਹਥਿਆਰਾਂ ਦੀ ਹੋਈ ਗੁਪਤ ਲੁੱਟ ਨੂੰ ਬੇਨਕਾਬ ਕਰ ਦਿੱਤਾ ਹੈ। ਪੁਲਸ ਮਹਿਕਮੇ ਦੇ ਮਾਲਖਾਨੇ 'ਚ ਹੋਈ ਗੁਪਤ ਲੁੱਟ ਦਾ ਮਾਮਲਾ ਬਹੁਤ ਹੀ ਗੰਭੀਰ ਸੀ ਪਰ ਇਸ ਦੇ ਬਾਵਜੂਦ ਆਲਾ ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਤੋਂ ਪਾਸਾ ਵੱਟੀ ਰੱਖਿਆ ਤੇ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਵੱਲੋਂ ਪ੍ਰੈੱਸ ਨੋਟ ਜਾਰੀ ਕਰਨ ਦੇ ਨਾਲ-ਨਾਲ ਪ੍ਰੈੱਸ ਕਾਨਫਰੰਸ 'ਚ ਸਿਰਫ ਐੱਸ. ਐੱਚ. ਓ. ਪੱਧਰ ਦਾ ਅਧਿਕਾਰੀ ਹੀ ਸਾਹਮਣੇ ਆਇਆ ਹੈ। ਇਸ ਸਬੰਧੀ ਐੱਸ. ਐੱਚ. ਓ. ਸਿਵਲ ਲਾਈਨ ਬਟਾਲਾ ਪਰਮਜੀਤ ਸਿੰਘ ਵੱਲੋਂ ਜਾਰੀ ਕੀਤੇ ਪ੍ਰੈੱਸ ਨੋਟ ਵਿਚ ਦੱਸਿਆ ਗਿਆ ਕਿ ਪੁਲਸ ਨੇ ਮਾਲਖਾਨੇ ਦੀ ਚੈਕਿੰਗ ਦੌਰਾਨ ਪਾਇਆ ਸੀ ਕਿ ਇਥੋਂ ਕੁਝ ਅਸਲਾ ਗੁੰਮ ਹੋ ਗਿਆ ਹੈ, ਇਸ ਤੋਂ ਬਾਅਦ ਐੱਸ. ਐੱਸ. ਪੀ. ਓਪਿੰਦਰਜੀਤ ਸਿੰਘ ਘੁੰਮਣ ਦੀਆਂ ਸਖ਼ਤ ਹਦਾਇਤਾਂ 'ਤੇ ਉਕਤ ਮਾਮਲੇ ਦੀ ਛਾਣਬੀਣ ਸ਼ੁਰੂ ਕੀਤੀ ਗਈ।
ਬਲਜੋਤ ਸਿੰਘ ਅਤੇ ਤੇਜਿੰਦਰ ਸਿੰਘ ਮਾਲਖਾਨੇ ਤੋਂ ਹਥਿਆਰ ਚੋਰੀ ਕਰ ਕੇ ਅੱਗੇ ਵੇਚ ਦਿੰਦੇ ਸਨ : ਮਾਲਖਾਨਾ ਅਧਿਕਾਰੀ
ਗ੍ਰਿਫ਼ਤਾਰ ਕੀਤੇ ਮਾਲਖਾਨਾ ਅਧਿਕਾਰੀ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਇਹ ਹਥਿਆਰ ਉਸ ਦਾ ਲੜਕਾ ਬਲਜੋਤ ਸਿੰਘ ਤੇ ਨਜ਼ਦੀਕੀ ਰਿਸ਼ਤੇਦਾਰ ਤੇਜਿੰਦਰ ਸਿੰਘ ਉਰਫ ਸਾਬੀ ਪੁੱਤਰ ਜਸਵਿੰਦਰ ਸਿੰਘ ਵਾਸੀ ਕਾਹਨੂੰਵਾਨ ਰੋਡ ਬਟਾਲਾ ਮਿਲ ਕੇ ਮਾਲਖਾਨੇ 'ਚ ਚੋਰੀ ਕਰ ਕੇ ਅੱਗੇ ਵੇਚ ਦਿੰਦੇ ਸਨ। ਡੀ. ਐੱਸ. ਪੀ. ਨੇ ਅੱਗੇ ਦੱਸਿਆ ਕਿ ਉਕਤ ਫੜੇ ਲੋਕਾਂ ਦੀ ਨਿਸ਼ਾਨਦੇਹੀ ਦੇ ਆਧਾਰ 'ਤੇ ਹੀ ਪੁਲਸ ਨੇ ਗੁਰਮੀਤ ਸਿੰਘ ਉਰਫ ਗੋਲਡੀ ਪੁੱਤਰ ਅਵਤਾਰ ਸਿੰਘ ਵਾਸੀ ਲੰਬੀ ਗਲੀ ਸਿੰਬਲ ਚੌਕ ਬਟਾਲਾ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੇ ਪੁੱਛਗਿੱਛ ਦੌਰਾਨ ਕੁਝ ਹੋਰ ਲੋਕਾਂ ਦੇ ਨਾਂ ਕਬੂਲੇ।
ਇਹ ਹਨ ਗ੍ਰਿਫਤਾਰ ਮੁਲਜ਼ਮ
ਬਲਜੋਤ ਸਿੰਘ
ਲਵਪ੍ਰੀਤ ਸਿੰਘ ਉਰਫ ਭੋਲੀ
ਲਵਦੀਪ ਸਿੰਘ ਉਰਫ ਲਵੀ
ਜਸਜੀਤ ਸਿੰਘ
ਨਵਰੂਪ ਸਿੰਘ
ਗੁਰਬਾਜ਼ ਤੋਂ ਬਰਾਮਦ ਹੋਇਆ 32 ਬੋਰ ਦਾ ਪਿਸਤੌਲ
ਡੀ. ਐੱਸ. ਪੀ. ਦੇ ਦੱਸਣ ਮੁਤਾਬਕ ਫੜੇ ਗਏ ਵਿਅਕਤੀਆਂ ਦੀ ਨਿਸ਼ਾਨਦੇਹੀ 'ਤੇ ਗੁਰਬਾਜ ਸਿੰਘ ਉਰਫ ਬਾਜ ਪੁੱਤਰ ਮੇਜਰ ਸਿੰਘ ਵਾਸੀ ਐਲਗੋ ਕੋਠੀ ਥਾਣਾ ਵਲਟੋਹਾ ਜ਼ਿਲਾ ਤਰਨਤਾਰਨ ਨੂੰ ਸੀ. ਆਈ. ਏ. ਸਟਾਫ਼ ਨੇ ਕਾਬੂ ਕਰ ਕੇ ਉਸ ਕੋਲੋਂ ਇਕ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਹੈ, ਜਿਸ ਤਹਿਤ ਪੁਲਸ ਨੇ ਉਕਤ ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਅਸਲਾ ਚੋਰੀ ਕਾਂਡ ਦੀਆਂ ਤਾਰਾਂ ਪੂਰੇ ਮਾਝੇ ਨਾਲ ਜੁੜੀਆਂ ਹਨ
ਬਟਾਲਾ ਦੇ ਮਾਲਖਾਨੇ 'ਚ ਵਾਪਰੀ ਵੱਡੀ ਘਟਨਾ ਨੇ ਜਿਥੇ ਬਟਾਲਾ ਪੁਲਸ ਨੂੰ ਬੈਕ-ਫੁੱਟ 'ਤੇ ਧੱਕ ਦਿੱਤਾ ਹੈ, ਉਥੇ ਇਹ ਵੀ ਪਤਾ ਲੱਗਾ ਹੈ ਕਿ ਹੁਣ ਤੱਕ ਹੋਈ ਤਫਤੀਸ਼ 'ਚ ਮਾਲਖਾਨੇ ਦੇ ਅਸਲਾ ਕਾਂਡ ਦੀਆਂ ਤਾਰਾਂ ਪੂਰੇ ਮਾਝੇ ਨਾਲ ਜੁੜੀਆਂ ਹਨ ਅਤੇ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਜਿਸ ਦਲੇਰਾਨਾ ਅੰਦਾਜ਼ ਵਿਚ ਥਾਣੇਦਾਰ ਦੇ ਕਾਕੇ ਵੱਲੋਂ ਗੁਪਤ ਡਾਕੇ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਤੋਂ ਸੰਕੇਤ ਮਿਲ ਰਹੇ ਹਨ ਕਿ ਸ਼ਾਇਦ ਉਕਤ ਪਿਸਤੌਲ ਕਾਂਡ ਪੂਰੇ ਪੰਜਾਬ ਦੇ ਨਾਲ-ਨਾਲ ਬਾਹਰ ਵੀ ਫੈਲਿਆ ਹੋਵੇ।
ਕੀ ਗੁਪਤ ਡਾਕੇ ਦੇ ਪਿਸਤੌਲ ਗੈਂਗਸਟਰਾਂ ਤੱਕ ਵੀ ਪੁੱਜੇ ਹਨ
ਉਕਤ ਘਟਨਾ ਤੋਂ ਭਾਰੀ ਚਿੰਤਤ ਬਟਾਲਾ ਪੁਲਸ ਹਾਲ ਦੀ ਘੜੀ ਖੁੱਲ੍ਹ ਕੇ ਕੁਝ ਵੀ ਕਹਿਣ ਦੀ ਸਥਿਤੀ ਵਿਚ ਨਹੀਂ ਹੈ ਪਰ ਇਸ ਦੇ ਬਾਵਜੂਦ ਜ਼ਬਰਦਸਤ ਚਰਚਾ ਹੈ ਕਿ ਕੀ ਮਾਸਟਰ ਮਾਈਂਡ ਲੜਕੇ ਨੇ ਜਿਹੜੇ ਪਿਸਤੌਲ ਵੇਚੇ ਹਨ, ਉਹ ਛੋਟੇ-ਮੋਟੇ ਬਦਮਾਸ਼ਾਂ ਜਾਂ ਉਸ ਦੇ ਫਰੈਂਡ ਸਰਕਲ ਵਿਚ ਗਏ ਹਨ ਜਾਂ ਫਿਰ ਉਕਤ ਪਿਸਤੌਲ ਇਨ੍ਹੀਂ ਦਿਨੀਂ ਜਾਨ-ਲੇਵਾ ਸਾਬਤ ਹੋ ਰਹੇ ਗੈਂਗਸਟਰਾਂ ਤੱਕ ਪੁੱਜੇ ਹਨ, ਜੇ ਅਜਿਹਾ ਹੋਇਆ ਹੋਵੇਗਾ ਤਾਂ ਫਿਰ ਨਾਜਾਇਜ਼ ਪਿਸਤੌਲਾਂ ਨਾਲ ਕਿਸੇ ਵੱਡੀ ਘਟਨਾ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
Related News
ਪੰਜਾਬ ਤੋਂ ਵੱਡੀ ਖ਼ਬਰ: ਗੁਰੂ ਨਾਨਕ ਦੇਵ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਵਿਅਕਤੀ ਨੇ ਮਾਰੀ ਛਾਲ, ਮੌਕੇ ''ਤੇ ਹੋਈ ਮੌਤ
