ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਧਾਰਮਿਕ ਡੇਰੇ ਦੇ ਮੁਖੀ ਨੇ ਲੱਖਾਂ ਦੀ ਮਾਰੀ ਠੱਗੀ, ਦੇਖੋ ਵੀਡੀਓ

Friday, Jul 29, 2022 - 08:06 PM (IST)

ਗੜ੍ਹਸ਼ੰਕਰ (ਸੰਜੀਵ) : ਰੁਜ਼ਗਾਰ ਦੀ ਭਾਲ 'ਚ ਪੰਜਾਬ ਦੇ ਨੌਜਵਾਨ ਲਗਾਤਾਰ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ, ਜਿਸ ਦੇ ਲਈ ਜ਼ਿਆਦਾਤਰ ਨੌਜਵਾਨ ਫਰਜ਼ੀ ਏਜੰਟਾਂ ਦੇ ਧੱਕੇ ਚੜ੍ਹ ਕੇ ਆਪਣੀ ਜਮ੍ਹਾ ਪੂੰਜੀ ਨੂੰ ਵੀ ਬਰਬਾਦ ਕਰ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਗੜ੍ਹਸ਼ੰਕਰ ਦੇ ਪਿੰਡ ਮਜਾਰਾ ਡਿੰਗਰਿਆ ਦਾ, ਜਿੱਥੇ ਰਛਪਾਲ ਸਿੰਘ ਪੁੱਤਰ ਬੂਟਾ ਰਾਮ ਨਾਲ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਪਾਂਸ਼ਟਾ ਡੇਰੇ ਦੇ ਮੁਖੀ ਨੇ ਠੱਗੀ ਮਾਰ ਲਈ।

ਇਹ ਵੀ ਪੜ੍ਹੋ : ਪਾਣੀ ਦੀ ਕਿਉਂ ਪੈਂਦੀ ਹੈ ਮਿੱਡਾ ਪਿੰਡ 'ਚ ਮਾਰ, ਇਸ ਨੌਜਵਾਨ ਨੇ CM ਮਾਨ ਅੱਗੇ ਰੱਖੀ ਸੱਚਾਈ

ਰਛਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਛੋਟਾ ਭਰਾ ਜਸਪਾਲ ਸਿੰਘ 2017 'ਚ ਪਿੰਡ ਪਾਂਸ਼ਟਾ ਦੇ ਡੇਰਾ ਮਾਈ ਭੁੱਲੀ ਘੁਮਾਰੀ ਵਿਖੇ ਰੰਗ ਦਾ ਕੰਮ ਕਰਨ ਗਿਆ ਸੀ, ਜਿੱਥੇ ਡੇਰੇ ਦੇ ਮੁਖੀ ਜਗਤਾਰ ਰਾਮ ਪੁੱਤਰ ਪ੍ਰਕਾਸ਼ ਰਾਮ ਨੇ ਉਸ ਦੇ ਭਰਾ ਨੂੰ ਦੱਸਿਆ ਕਿ ਉਹ ਵਿਦੇਸ਼ ਵੀ ਭੇਜਦਾ ਹੈ। ਉਨ੍ਹਾਂ ਦੱਸਿਆ ਕਿ ਧਾਰਮਿਕ ਡੇਰੇ ਦਾ ਮੁਖੀ ਹੋਣ ਕਾਰਨ ਉਨ੍ਹਾਂ ਯਕੀਨ ਕਰ ਲਿਆ ਅਤੇ ਉਸ ਨੇ ਕੈਨੇਡਾ ਭੇਜਣ ਦਾ ਲਾਰਾ ਲਾ ਕੇ 15 ਲੱਖ ਰੁਪਏ ਲੈ ਲਏ। ਉਸ ਨੇ ਦੱਸਿਆ ਕਿ ਉਨ੍ਹਾਂ ਆਪਣਾ ਮਕਾਨ ਗਿਰਵੀ ਰੱਖ ਕੇ ਇਹ ਪੈਸੇ ਲਏ ਸਨ ਤੇ ਜੋ ਵੀਜ਼ਾ ਲੱਗਾ ਹੋਇਆ ਦਿਖਾਇਆ, ਉਹ ਵੀ ਜਾਅਲੀ ਨਿਕਲਿਆ। ਉਸ ਤੋਂ ਬਾਅਦ ਡੇਰਾ ਮੁਖੀ ਨੇ ਲਿਖਤੀ ਤੌਰ 'ਤੇ ਵੀ ਮੰਨਿਆ ਪਰ ਪੈਸੇ ਨਹੀਂ ਮੋੜੇ।

ਇਹ ਵੀ ਪੜ੍ਹੋ : ਗੁਰਦਾਸਪੁਰ : ਭਾਰੀ ਮੀਂਹ ਕਾਰਨ ਡਿੱਗੀ ਛੱਤ, ਮਲਬੇ ਹੇਠਾਂ ਦੱਬੇ ਚਾਚਾ-ਭਤੀਜਾ (ਵੀਡੀਓ)

ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਜਗਤਾਰ ਰਾਮ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਪਹਿਲਾਂ ਉਨ੍ਹਾਂ ਨੂੰ ਟਾਲਦਾ ਰਿਹਾ ਤੇ ਫਿਰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ 'ਤੇ ਉਨ੍ਹਾਂ ਇਸ ਦੀ ਸ਼ਿਕਾਇਤ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਦਿੱਤੀ ਤੇ ਇਨਸਾਫ਼ ਦੀ ਗੁਹਾਰ ਲਾਈ ਹੈ। ਉੱਧਰ ਥਾਣਾ ਮਾਹਿਲਪੁਰ ਦੀ ਪੁਲਸ ਨੇ ਪੜਤਾਲ ਤੋਂ ਬਾਅਦ ਜਗਤਾਰ ਰਾਮ ਤੇ ਉਸ ਦੀ ਪਤਨੀ ਭੋਲਾ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News