ਜਲਦ ਰਜਿਸਟਰੀ ਕਰਵਾਉਣ ਦਾ ਝਾਂਸਾ ਦੇ ਕੇ ਕਲਰਕ ਨੇ ਲਈ ਰਿਸ਼ਵਤ

Wednesday, Jun 06, 2018 - 01:04 PM (IST)

ਜਲਦ ਰਜਿਸਟਰੀ ਕਰਵਾਉਣ ਦਾ ਝਾਂਸਾ ਦੇ ਕੇ ਕਲਰਕ ਨੇ ਲਈ ਰਿਸ਼ਵਤ

ਨਵਾਂਸ਼ਹਿਰ (ਤ੍ਰਿਪਾਠੀ)— ਮੰਗਲਵਾਰ ਨੂੰ ਨਵਾਂਸਹਿਰ ਦੇ ਤਹਿਸੀਲ ਦਫਤਰ 'ਚ ਰਜਿਸਟਰੀ ਕਰਵਾਉਣ ਪੁੱਜੇ ਲੋਕਾਂ  ਦੁਆਰਾ ਤਹਿਸੀਲਦਾਰ ਦੇ ਇਕ ਕਲਰਕ 'ਤੇ ਰਿਸ਼ਵਤ ਲੈਣ ਦੇ ਲੱਗੇ ਦੋਸ਼ਾਂ ਬਾਅਦ ਸਬੰਧਤ ਕਲਰਕ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਤਹਿਸੀਲਦਾਰ ਦੇਰ ਸ਼ਾਮ 7 ਵਜੇ ਤੋਂ ਬਾਅਦ ਵੀ ਤਹਿਸੀਲ ਦਫਤਰ ਮੌਜੂਦ ਲੋਕਾਂ ਦੀ ਰਜਿਸਟਰੀ ਕਰਨ 'ਚ ਲੱਗੇ ਹੋਏ ਸਨ। ਤਹਿਸੀਲਦਾਰ ਤੋਂ ਜਦੋਂ ਕਰਮਚਾਰੀ ਦੁਆਰਾ ਰਿਸ਼ਵਤ ਲਏ ਜਾਣ ਸਬੰਧੀ ਜਾਣਕਾਰੀ ਮੰਗੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਨੇ ਰਿਸ਼ਵਤ ਲਈ ਹੈ ਤਾਂ ਉਸ ਤੋਂ ਰਿਸ਼ਵਤ ਦੀ ਰਾਸ਼ੀ ਬੁੱਧਵਾਰ ਨੂੰ ਵਾਪਸ ਕਰਵਾਈ ਜਾਵੇਗੀ। ਇਸ ਮੌਕੇ ਰਜਿਸਟਰੀ ਕਰਵਾਉਣ ਆਏ ਮਨਦੀਪ ਸਿੰਘ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ ਤੱਕ ਤਹਿਸੀਲਦਾਰ ਦਫਤਰ ਨਹੀਂ ਸਨ ਅਤੇ ਦੱਸਿਆ ਜਾ ਰਿਹਾ ਸੀ ਕਿ ਕਿਸੇ ਸਰਕਾਰੀ ਮੀਟਿੰਗ 'ਚ ਗਏ ਹੋਏ ਹਨ, ਇਸ ਉਪਰੰਤ ਜਦੋਂ ਤਹਿਸੀਲਦਾਰ ਦਫਤਰ ਪਹੁੰਚੇ ਤਾਂ ਰਜਿਸਟਰੀ ਕਰਵਾਉਣ ਵਾਲੇ ਲੋਕਾਂ ਦੀ ਕਾਫੀ ਭੀਡ ਸੀ। ਇਕ ਕਲਰਕ ਵੱਲੋਂ ਰਜਿਸਟਰੀ ਸਬੰਧੀ ਜਦੋਂ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਅੱਜ ਉਸ ਦੀ ਰਜਿਸਟਰੀ ਨਹੀਂ ਹੋ ਸਕੇਗੀ ਪਰ ਬਾਅਦ 'ਚ ਉਸ ਨੇ 4 ਹਜਾਰ ਰੁਪਏ 'ਚ ਸੌਦਾ ਤੈਅ ਕਰਕੇ ਕੁਝ ਹੀ ਮਿੰਟਾਂ 'ਚ ਰਜਿਸਟਰੀ ਕਰਵਾਉਣ ਦਾ ਭਰੋਸਾ ਦਿੱਤਾ। ਪੈਸੇ ਲੈਣ ਦੇ ਬਾਵਜੂਦ ਕਈ ਘੰਟੇ ਖੜ੍ਹੇ ਰਹਿਣ ਦੇ ਬਾਅਦ ਵੀ ਰਜਿਸਟਰੀ ਨਹੀਂ ਹੋਈ। ਉਸ ਨੇ ਦੱਸਿਆ ਕਿ ਇਸੇ ਤਰ੍ਹਾਂ ਉਕਤ ਕਲਰਕ ਹੋਰ ਕਈ ਲੋਕਾਂ ਤੋਂ ਵੀ ਰਜਿਸਟਰੀ ਜਲਦ ਕਰਵਾਉਣ ਦੇ ਨਾ 'ਤੇ ਪੈਸੇ ਠੱਗ ਰਿਹਾ ਸੀ। ਜਦੋਂ ਰਜਿਸਟਰੀ ਨਾ ਹੋ ਸਕਣ 'ਤੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਉਕਤ ਕਲਰਕ ਉਥੋਂ ਭੱਜ ਗਿਆ ।  

PunjabKesari
ਕੀ ਕਹਿੰਦੇ ਹਨ ਤਹਿਸੀਲਦਾਰ
ਜਦੋਂ ਇਸ ਸਬੰਧੀ ਤਹਿਸੀਲਦਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਖਟਕੜਕਲਾਂ 'ਚ ਇਕ ਸਰਕਾਰੀ ਸਮਾਗਮ ਸੀ, ਜਿਸ 'ਚ ਉਹ ਭਾਗ ਲੈਣ ਲਈ ਗਏ ਹੋਏ ਸਨ। ਜਿਸ ਕਾਰਨ ਰਜਿਸਟਰੀਆਂ ਕਰਨ 'ਚ ਦੇਰੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਨੇ ਗਲਤ ਤੌਰ 'ਤੇ ਪੈਸੇ ਲਏ ਹਨ ਤਾਂ ਉਸ ਤੋਂ ਪੈਸੇ ਵਾਪਸ ਕਰਵਾਏ ਜਾਣਗੇ ਅਤੇ ਬਣਦੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ।


Related News