ਵਰਕ ਪਰਮਿਟ ਦਾ ਕਹਿ ਕੇ ਟੂਰਿਸਟ ਵੀਜ਼ੇ ''ਤੇ ਭੇਜਿਆ ਦੁਬਈ, ਪਤੀ-ਪਤਨੀ ਖਿਲਾਫ ਮਾਮਲਾ ਦਰਜ
Monday, Mar 26, 2018 - 03:45 PM (IST)
ਨਵਾਂਸ਼ਹਿਰ (ਤ੍ਰਿਪਾਠੀ)— ਵਰਕ ਪਰਮਿਟ 'ਤੇ ਦੁਬਈ ਭੇਜਣ ਦੀ ਥਾਂ ਟੂਰਿਸਟ ਵੀਜ਼ਾ ਲਗਾ ਕੇ 1.80 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ਾਂ ਹੇਠ ਪੁਲਸ ਨੇ ਏਜੰਟ ਪਤੀ-ਪਤਨੀ 'ਤੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਲਵਪ੍ਰੀਤ ਪੁੱਤਰ ਨਾਮਦੇਵ ਅਤੇ ਉਸ ਦੇ ਨਾਲ ਇਕ ਹੋਰ ਨੌਜਵਾਨ ਹਰਪ੍ਰੀਤ ਹੀਰ ਪੁੱਤਰ ਮਦਨ ਲਾਲ ਵਾਸੀ ਉਸਮਾਨਪੁਰ ਨੇ ਦੱਸਿਆ ਕਿ ਉਹ ਦੋਵੇਂ ਬੇਰੋਜ਼ਗਾਰ ਹਨ ਅਤੇ ਉਨ੍ਹਾਂ ਨੇ ਦੁਬਈ ਵਰਕ ਪਰਮਿਟ 'ਤੇ ਜਾਣ ਦਾ ਸੌਦਾ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਜੱਸੋਵਾਲ ਵਾਸੀ ਅਵਤਾਰ ਸਿੰਘ ਉਰਫ ਰਿੰਕੂ ਭਾਟੀਆ ਨਾਲ 1.80 ਲੱਖ ਰੁਪਏ 'ਚ ਕੀਤਾ ਸੀ। ਉਕਤ ਏਜੰਟ ਨੇ ਉਨ੍ਹਾਂ ਦਾ ਵੀਜ਼ਾ ਲਗਾ ਕੇ ਕਿਹਾ ਕਿ ਦੁਬਈ ਏਅਰਪੋਰਟ 'ਤੇ ਉਸ ਦਾ ਵਿਅਕਤੀ ਉਨ੍ਹਾਂ ਨੂੰ ਆ ਕੇ ਲੈ ਜਾਵੇਗਾ ਪਰ ਉਥੇ ਪਹੁੰਚਣ ਦੇ ਬਾਅਦ ਉਨ੍ਹਾਂ ਨੂੰ ਕੋਈ ਵਿਅਕਤੀ ਉਥੋਂ ਲੈਣ ਨਹੀਂ ਆਇਆ।
ਏਜੰਟ ਨੂੰ ਵਾਰ-ਵਾਰ ਫੋਨ ਕਰਨ 'ਤੇ ਵੀ ਉਸ ਨੇ ਫੋਨ ਨਹੀਂ ਚੁੱਕਿਆ। ਉਨ੍ਹਾਂ ਨੂੰ ਉਥੇ ਜਾ ਕੇ ਪਤਾ ਲੱਗਾ ਕਿ ਉਕਤ ਵੀਜ਼ਾ ਵਰਕ ਪਰਮਿਟ ਦਾ ਨਹੀਂ, ਸਗੋਂ ਟੂਰਿਸਟ ਵੀਜ਼ਾ ਹੈ ਅਤੇ ਇਸ ਦੀ ਮਿਆਦ 1 ਮਹੀਨੇ ਦੀ ਹੈ। ਉਨ੍ਹਾਂ ਵਾਪਸ ਇੰਡਿਆ ਆ ਕੇ ਜਦੋਂ ਉਕਤ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਉਲਟਾ ਉਨ੍ਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਕੋਲ ਸ਼ਿਕਾਇਤ ਦੇਣ ਦੇ ਬਾਅਦ ਉਸ ਨੇ ਪੰਚਾਇਤ ਅਤੇ ਪੁਲਸ ਦੀ ਹਾਜ਼ਰੀ 'ਚ ਪੈਸੇ ਵਾਪਸ ਕਰਨ ਦਾ ਵਾਅਦਾ ਕੀਤਾ ਪਰ ਉਸ ਨੂੰ ਪੂਰਾ ਨਹੀਂ ਕੀਤਾ। ਉਪਰੰਤ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਏਜੰਟ ਅਵਤਾਰ ਸਿੰਘ ਅਤੇ ਉਸ ਦੀ ਪਤਨੀ ਪਿੰਕੀ ਖਿਲਾਫ ਧਾਰਾ 420 ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
