ਵਿਦੇਸ਼ ਲੈ ਜਾਣ ਦਾ ਝਾਂਸਾ ਦੇ ਕੇ ਵਿਆਹ ਕਰਵਾਉਣ ਵਾਲੇ ਐੱਨ. ਆਰ. ਆਈ. ਖਿਲਾਫ ਮਾਮਲਾ ਦਰਜ

11/03/2017 4:14:11 PM


ਜਲੰਧਰ - ਜਲੰਧਰ 'ਚ ਔਰਤ ਵੱਲੋਂ ਐੱਨ. ਆਰ. ਆਈ. ਵਿਅਕਤੀ 'ਤੇ ਵਿਦੇਸ਼ ਲੈ ਜਾਣ ਦਾ ਝਾਂਸਾ ਦੇ ਕੇ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਪੀੜਤ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਪਰਾਗਪੁਰ ਚੌਂਕੀ ਦੀ ਪੁਲਸ ਨੇ ਐੱਨ. ਆਰ. ਆਈ. ਪਰਮਜੀਤ ਸਿੰਘ ਅਤੇ ਉਸਦੀ ਮੁੰਹ ਬੋਲੀ ਭੈਣ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।
ਇਸ ਮੌਕੇ ਪਰਾਗਪੁਰ ਚੌਂਕੀ ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਪਵਨਦੀਪ ਕੌਰ ਨੇ ਕਮਿਸ਼ਨਰ ਦਫਤਰ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਸਦਾ ਵਿਆਹ 23 ਅਕਤੂਬਰ 2017 ਨੂੰ ਪਰਮਜੀਤ ਸਿੰਘ ਨਾਲ ਹੋਇਆ ਸੀ। ਉਸਦੀ ਉਮਰ 20 ਸਾਲ ਹੈ। ਉਸਦੀ ਪਹਿਚਾਣ ਵਾਲੇ ਜਸਵੀਰ ਸਿੰਘ ਅਤੇ ਉਸਦੀ ਪਤਨੀ ਨੀਤੂ ਨੇ ਉਸਦੇ ਮਾਤਾ-ਪਿਤਾ ਨਾਲ ਵਿਦੇਸ਼ 'ਚ ਰਹਿਦੇ ਐੱਨ. ਆਰ. ਆਈ. ਪਰਮਜੀਤ ਜੋ ਭੋਗਪੁਰ 'ਚ ਉਨ੍ਹਾਂ ਨੇ ਗੁਆਂਢ 'ਚ ਆਪਣੀ ਭੈਣ ਦਲਜੀਤ ਕੌਰ ਨਾਲ ਰਹਿਦਾ ਸੀ, ਨਾਲ ਰਿਸ਼ਤੇ ਦੀ ਗੱਲਬਾਤ ਕਰ ਕੇ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ। ਦਾਜ 'ਚ ਉਨ੍ਹਾਂ ਨੇ ਗਹਿਣੇ, ਘਰੇਲੂ ਸਾਮਾਨ ਅਤੇ 10 ਲੱਖ ਰੁਪਏ ਦਿੱਤੇ। ਵਿਆਹ ਤੋਂ 20 ਦਿਨ ਬਾਅਦ ਉਸਦਾ ਪਤੀ ਇਟਲੀ ਵਾਪਸ ਚਲਾ ਗਿਆ ਅਤੇ ਉਥੇ ਜਾ ਕੇ ਉਸ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਫੋਨ ਕਰਨ 'ਤੇ ਉਹ ਉਸਦੇ ਨਾਲ ਗਾਲੀ-ਗਲੋਚ ਕਰਦਾ। ਸਹੁਰੇ ਪਰਿਵਾਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਸਾਡੇ ਲੜਕੇ ਨੂੰ ਤੁਹਾਡੀ ਲੜਕੀ ਪਸੰਦ ਨਹੀਂ। ਇਸ ਤੋਂ ਬਾਅਦ ਪੀੜਤ ਔਰਤ ਪਵਨਦੀਪ ਨੇ ਕਿਹਾ ਕਿ ਉਨ੍ਹਾਂ ਨੇ ਕਮਿਸ਼ਨਰ ਦਫਤਰ 'ਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ 'ਤੇ ਉਸਦੇ ਅਤੇ ਉਸਦੇ ਸਹੁਰੇ ਪਰਿਵਾਰ ਨੂੰ  ਥਾਣੇ ਬੁਲਾਇਆ ਗਿਆ। ਇਸ ਮੌਕੇ ਦਲਜੀਤ ਕੌਰ ਨੇ ਲਿਖਤੀ ਰੂਪ 'ਚ ਕਰਾਰ ਕੀਤਾ ਕਿ ਇਕ ਮਹੀਨੇ ਦੇ ਅੰਦਰ-ਅੰਦਰ ਮੇਰੇ ਪਤੀ ਪਰਮਜੀਤ ਸਿੰਘ ਨੂੰ ਵਿਦੇਸ਼ ਤੋਂ ਵਾਪਸ ਪੰਜਾਬ ਬੁਲਾ ਲਿਆ ਜਾਵੇਗਾ। ਸਾਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪਰਾਗਪੁਰ ਚੌਂਕੀ ਦੇ ਇੰਚਾਰਜ ਕਮਲਜੀਤ ਸਿੰਘ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।


Related News