ਵਿਦੇਸ਼ ਭੇਜਣ ਦੇ ਨਾਂ ''ਤੇ ਠੱਗੀ ਮਾਰਨ ਵਾਲੇ 3 ਏਜੰਟਾਂ ਖਿਲਾਫ ਮਾਮਲਾ ਦਰਜ
Saturday, Jul 01, 2017 - 05:36 PM (IST)

ਸ੍ਰੀ ਅਨੰਦਪੁਰ ਸਾਹਿਬ(ਬਾਲੀ)— ਵਿਦੇਸ਼ ਭੇਜਣ ਦੇ ਨਾਂ 'ਤੇ 4 ਵਿਅਕਤੀਆਂ ਤੋਂ 37 ਲੱਖ 68 ਹਜਾਰ ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਵਿਅਕਤੀਆਂ ਖਿਲਾਫ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੇ ਮੁੱਖ ਮੁਨਸ਼ੀ ਗੁਰਮੇਲ ਸਿੰਘ ਨੇ ਦੱਸਿਆ ਕਿ ਨਿੱਕਾ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਪਿੰਡ ਢਾਹਾਂ ਨੇ ਜ਼ਿਲਾ ਪੁਲਸ ਮੁਖੀ ਰੂਪਨਗਰ ਨੂੰ ਇਕ ਲਿਖਤੀ ਦਰਖਾਸਤ 'ਚ ਦੱਸਿਆ ਕਿ ਵਿਦੇਸ਼ ਭੇਜਣ ਲਈ ਬਿਨੈ ਬੋਸ, ਸੁਨੀਲ ਬੋਸ ਪੁਤਰਾਨ ਮਨੋਰੰਜਨ ਬੋਸ ਵਾਸੀ ਵਿਸ਼ਵਕਰਮਾ ਮੰਦਰ ਕੁਰਾਲੀ ਅਤੇ ਸ਼ਮਾ ਵਾਸੀ ਮਕਾਨ ਨੰਬਰ 3 ਉੱਤਮ ਨਗਰ ਨਵੀਂ ਦਿੱਲੀ ਨੇ ਕੁਰਾਲੀ ਵਿਖੇ ਆਪਣਾ ਦਫਤਰ ਖੋਲ੍ਹਿਆ ਹੋਇਆ ਸੀ। ਇਨ੍ਹਾਂ ਵੱਲੋਂ ਸਾਲ 2016 'ਚ ਕਨੈਡਾ ਭੇਜਣ ਦੇ ਨਾਂ 'ਤੇ ਉਸ ਦੇ ਲੜਕੇ ਅਨਮੋਲ ਸਿੰਘ ਤੋਂ 19 ਲੱਖ 78 ਹਜ਼ਾਰ ਅਤੇ ਹੋਰ 3 ਨੌਜਵਾਨ ਇਕਬਾਲ ਸਿੰਘ ਤੋਂ 16 ਲੱਖ 20 ਹਜਾਰ, ਹਰਜਿੰਦਰ ਸਿੰਘ ਤੋਂ 1 ਲੱਖ 20 ਹਜਾਰ, ਸਤਨਾਮ ਸਿੰਘ ਤੋਂ 50 ਹਜਾਰ ਰੁਪਏ ਲੈ ਲਏ। ਅੱਗੇ ਜਾਣਕਾਰੀ ਦਿੰਦੇ ਹੋਏ ਗੁਰਮੇਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੁਝ ਪੈਸੇ ਨਕਦੀ ਅਤੇ ਕੁਝ ਪੈਸੇ ਉਕਤ ਏਜੰਟਾਂ ਦੇ ਖਾਤਿਆਂ 'ਚ ਜਮ੍ਹਾ ਕਰਵਾਏ ਗਏ। ਪਰ ਇਹਨਾਂ ਵੱਲੋਂ ਪੈਸੇ ਲੈਣ ਦੇ ਬਾਵਜੂਦ ਚਾਰੇ ਨੌਜਵਾਨਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ ਅਤੇ ਨਾ ਹੀ ਇਨ੍ਹਾਂ ਨੂੰ ਪੈਸੇ ਵਾਪਿਸ ਵਾਪਸ ਕੀਤੇ ਗਏ। ਜ਼ਿਲਾ ਪੁਲਸ ਮੁਖੀ ਵੱਲੋਂ ਇਸ ਕੇਸ ਦੀ ਪੜਤਾਲ ਡੀ. ਐੱਸ. ਪੀ(ਜਾਂਚ) ਰੂਪਨਗਰ ਤੋਂ ਕਰਵਾਈ ਗਈ ਅਤੇ ਪੜਤਾਲ ਤੋਂ ਬਾਅਦ ਉਕਤ ਤਿੰਨਾਂ ਏਜੰਟਾਂ ਖਿਲਾਫ ਵਿਦੇਸ਼ ਭੇਜਣ ਦੇ ਨਾਂ 'ਤੇ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰਨ ਦੀ ਹਦਾਇਤ ਕੀਤੀ। ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ।