ਨੌਜਵਾਨ ਨੂੰ ਰੂਸ ਭੇਜਣ ਦਾ ਝਾਂਸਾ ਦੇ ਕੇ ਮਾਰੀ 2,10,000 ਰੁਪਏ ਦੀ ਠੱਗੀ
Wednesday, Aug 26, 2026 - 03:22 PM (IST)
ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ, ਆਨੰਦ) : ਇਕ ਨੌਜਵਾਨ ਨੂੰ ਰੂਸ ਭੇਜਣ ਦਾ ਝਾਂਸਾ ਦੇ ਕੇ ਕਥਿਤ ਤੌਰ ’ਤੇ 2 ਲੱਖ 10 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਫਿਰੋਜ਼ਪੁਰ ਕੈਂਟ ਦੀ ਪੁਲਸ ਨੇ ਸੁਨੀਤਾ ਭੱਟੀ ਪੁੱਤਰੀ ਜਗਦੀਸ਼ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁੱਦਈ ਜੱਸੂ ਦਾਸ ਪੁੱਤਰ ਪਤਰਸ ਮਸੀਹ ਵਾਸੀ ਫਿਰੋਜ਼ਪੁਰ ਕੈਂਟ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਦੋਸ਼ ਲਾਉਂਦਿਆਂ ਦੱਸਿਆ ਸੀ ਕਿ ਨਾਮਜ਼ਦ ਔਰਤ ਨੇ ਸ਼ਿਕਾਇਤਕਰਤਾ ਦੇ ਪੁੱਤਰ ਹਾਰੂਨ ਨੂੰ ਵਿਦੇਸ਼ ਰੂਸ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 2 ਲੱਖ 10 ਹਜ਼ਾਰ ਰੁਪਏ ਆਨਲਾਈਨ ਹਾਸਲ ਕੀਤੇ ਸਨ।
ਇਸ ਤੋਂ ਬਾਅਦ ਨਾ ਤਾਂ ਉਸ ਨੇ ਲੜਕੇ ਨੂੰ ਰੂਸ ਭੇਜਿਆ ਹੈ ਅਤੇ ਨਾ ਹੀ ਸ਼ਿਕਾਇਤਕਰਤਾ ਮੁੱਦਈ ਤੋਂ ਲਏ ਹੋਏ ਪੈਸੇ ਵਾਪਸ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਦੀ ਡੀ. ਐੱਸ. ਪੀ. ਸਬ-ਡਵੀਜ਼ਨ ਫਿਰੋਜ਼ਪੁਰ ਵੱਲੋਂ ਜਾਂਚ ਕੀਤੀ ਗਈ ਅਤੇ ਪੜਤਾਲੀਆ ਰਿਪੋਰਟ ਦਰਖਾਸਤ ਨੰਬਰ 3783 ਪੀ. ਸੀ. ਦੇ ਆਧਾਰ ’ਤੇ ਪੁਲਸ ਵੱਲੋਂ ਨਾਮਜ਼ਦ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
