ਨੌਕਰੀ ਦਾ ਝਾਂਸਾ ਦੇ ਕੇ 8 ਲੱਖ ਦੀ ਮਾਰੀ ਠੱਗੀ

Friday, Aug 21, 2026 - 10:59 AM (IST)

ਨੌਕਰੀ ਦਾ ਝਾਂਸਾ ਦੇ ਕੇ 8 ਲੱਖ ਦੀ ਮਾਰੀ ਠੱਗੀ

ਫਿਰੋਜ਼ਪੁਰ (ਖੁੱਲਰ) : ਫਿਰੋਜ਼ਪੁਰ ਸ਼ਹਿਰ 'ਚ ਨੌਕਰੀ ਲਗਵਾਉਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਰ. ਐੱਸ. ਡੀ. ਕਾਲਜ ਨੇੜਲੇ ਨਿਵਾਸੀ ਜੋਗਿੰਦਰਪਾਲ ਸਿੰਘ ਦੀ ਸ਼ਿਕਾਇਤ ’ਤੇ ਪੁਲਸ ਨੇ ਪੀ. ਏ. ਪੀ. ਦੇ ਇਕ ਸੀਨੀਅਰ ਸਿਪਾਹੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਿਸ ਨੇ ਬੱਚਿਆਂ ਨੂੰ ਇੰਟੈਲੀਜੈਂਸ ਵਿਭਾਗ ਵਿਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 8 ਲੱਖ ਰੁਪਏ ਹੜੱਪ ਲਏ ਸਨ। ਇਹ ਕਾਰਵਾਈ ਪੜਤਾਲੀਆ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ ਹੈ, ਜਿਸ ਵਿਚ ਦੋਸ਼ੀ ਪੁਲਿਸ ਕਰਮਚਾਰੀ ਦੀ ਪਛਾਣ ਸੀਨੀਅਰ ਸਿਪਾਹੀ ਜਸਕਰਨ ਸਿੰਘ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਜੋਗਿੰਦਰਪਾਲ ਸਿੰਘ ਅਤੇ ਵਾਰਡ ਨੰਬਰ 5, ਗਲੀ ਨੰਬਰ 4 ਨੇੜੇ ਆਰ. ਐੱਸ. ਡੀ. ਕਾਲਜ, ਫਿਰੋਜ਼ਪੁਰ ਸ਼ਹਿਰ ਦੇ ਹੋਰ ਵਾਸੀਆਂ ਨੇ ਦੱਸਿਆ ਕਿ ਜਸਕਰਨ ਸਿੰਘ ਸੀਨੀਅਰ ਸਿਪਾਹੀ ਨੇ ਉਨ੍ਹਾਂ ਦੇ ਬੱਚਿਆਂ ਨੂੰ ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿਭਾਗ ਵਿਚ ਭਰਤੀ ਕਰਵਾਉਣ ਦਾ ਭਰੋਸਾ ਦਿੱਤਾ ਸੀ।

ਇਸ ਝਾਂਸੇ ਵਿਚ ਆ ਕੇ ਉਸ ਦੇ ਪਰਿਵਾਰਾਂ ਨੇ ਉਸ ਨੂੰ ਕੁੱਲ 8 ਲੱਖ ਰੁਪਏ ਦੀ ਰਕਮ ਸੌਂਪ ਦਿੱਤੀ। ਜੋਗਿੰਦਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਵੀ ਬੱਚਿਆਂ ਦੀ ਭਰਤੀ ਨਾ ਹੋਈ ਅਤੇ ਪੈਸੇ ਵਾਪਸ ਮੰਗਣ ’ਤੇ ਕੋਈ ਤਸੱਲੀਬਖਸ਼ ਜਵਾਬ ਨਾ ਮਿਲਿਆ, ਤਾਂ ਉਸ ਨੇ ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ। ਡੀਐੱਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਆਈ ਪੜਤਾਲੀਆ ਰਿਪੋਰਟ ਨੰਬਰ 70 ਡੀਪੀ ਸਪੈਸ਼ਲ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਮਾਮਲਾ ਦਰ ਕਰ ਲਿਆ ਗਿਆ।
 


author

Babita

Content Editor

Related News