ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮਾਰੀ 6,28,000 ਰੁਪਏ ਦੀ ਠੱਗੀ
Monday, Jun 29, 2026 - 10:54 AM (IST)
ਜ਼ੀਰਾ (ਗੁਰਮੇਲ ਸੇਖਵਾਂ) : ਇਕ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੀੜਤ ਨੇ ਪੁਲਸ ਦੇ ਸਪੈਸ਼ਲ ਵਿੰਗ ’ਚ 14 ਫਰਵਰੀ 2026 ਨੂੰ ਸ਼ਿਕਾਇਤ ਕੀਤੀ ਸੀ, ਜਿਸ ’ਤੇ ਪੁਲਸ ਨੇ ਡੀ. ਐੱਸ. ਪੀ. ਫਿਰੋਜ਼ਪੁਰ ਦੀ ਜਾਂਚ ਦੇ ਬਾਅਦ ਪੀੜਤ ਦੇ ਬਿਆਨ ’ਤੇ ਦੋਸ਼ੀ ਦੇ ਖ਼ਿਲਾਫ਼ ਕਾਰਵਾਈ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਜ਼ੀਰਾ ਦੇ ਏ. ਐੱਸ. ਆਈ. ਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ ’ਚ ਸੁਖਬੀਰ ਸਿੰਘ ਪੁੱਤਰ ਸ਼ਿੰਦਰ ਵਾਸੀ ਸਨੇਰ ਨੇ ਦੱਸਿਆ ਕਿ ਦੋਸ਼ੀ ਰਮਨਦੀਪ ਸਿੰਘ ਪੁੱਤਰ ਮੋਦਨ ਸਿੰਘ ਵਾਸੀ ਥਰਾਜ ਜ਼ਿਲ੍ਹਾ ਮੋਗਾ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਦੇ ਨਾਲ 6 ਲੱਖ 28 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਡੀ. ਐੱਸ. ਪੀ. ਫਿਰੋਜ਼ਪੁਰ ਦੀ ਜਾਂਚ ਦੇ ਬਾਅਦ ਸ਼ਿਕਾਇਤਕਰਤਾ ਸੁਖਬੀਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਰਮਨਦੀਪ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
