ਲੋਕਾਂ ਨੂੰ ਸਰਕਾਰੀ ਨੌਕਰੀਆਂ ਦਾ ਝਾਂਸਾ ਦੇ ਕੇ ਪੈਸੇ ਠੱਗਣ ਵਾਲਾ ਕਾਬੂ
Friday, Apr 04, 2025 - 10:46 AM (IST)

ਬੋਹਾ/ਬੁਢਲਾਡਾ (ਅਮਨਦੀਪ, ਬਾਂਸਲ) : ਹਲਕੇ ’ਚ ਵੱਡੇ ਪੱਧਰ ’ਤੇ ਆਮ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਾ ਝਾਂਸਾ ਦੇ ਕੇ ਪੈਸੇ ਠੱਗਣ ਵਾਲਾ ਆਖ਼ਰਕਾਰ ਪੁਲਸ ਨੇ ਕਾਬੂ ਕਰ ਲਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਿਰਨਪਾਲ ਕੌਰ ਵਾਸੀ ਪਿੰਡ ਬਰ੍ਹੇ ਵੱਲੋਂ ਐੱਸ. ਐੱਸ. ਪੀ. ਮਾਨਸਾ ਨੂੰ ਦਿੱਤੀ ਦਰਖ਼ਾਸਤ ’ਤੇ ਕਾਰਵਾਈ ਕਰਦਿਆਂ ਗੁਰਦੀਪ ਸਿੰਘ ਹੀਰਾ ਵਾਸੀ ਆਲਮਪੁਰ ਮੰਦਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਹੀਰਾ ਸਿੰਘ ਪਿੰਡ ਆਲਮਪੁਰ ਮੰਦਰਾਂ ਦਾ ਵਸਨੀਕ ਹੈ। ਇਹ ਵਿਅਕਤੀ ਨਿੱਤ ਦਿਨ ਆਮ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਲੋਕਾਂ ਤੋਂ ਠੱਗ ਚੁੱਕਿਆ ਹੈ। ਪਿੰਡ ਬਰ੍ਹੇ ਦੀ ਵਸਨੀਕ ਕਿਰਨਦੀਪ ਕੌਰ ਦੀ ਦਰਖ਼ਾਸਤ ’ਤੇ ਪੁਲਸ ਨੇ ਜਾਂਚ ਕਰਨ 'ਤੇ ਹੀਰਾ ਸਿੰਘ ਨੂੰ ਕਿਰਨਦੀਪ ਕੋਲੋਂ ਦਿੱਤੇ 65 ਹਜ਼ਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਹੋਰ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ।