ਦੀਨਾਨਗਰ ਦੇ ਪਿੰਡ ਕੋਠੇ ਮਜੀਠੀ ਵਿਖੇ ਨੌਸਰਬਾਜ਼ਾਂ ਨੇ ਨਵੇਂ ਢੰਗ ਵਰਤ ਕੇ ਠੱਗੀਆਂ ਔਰਤਾਂ

Saturday, Jun 29, 2024 - 10:38 AM (IST)

ਦੀਨਾਨਗਰ ਦੇ ਪਿੰਡ ਕੋਠੇ ਮਜੀਠੀ ਵਿਖੇ ਨੌਸਰਬਾਜ਼ਾਂ ਨੇ ਨਵੇਂ ਢੰਗ ਵਰਤ ਕੇ ਠੱਗੀਆਂ ਔਰਤਾਂ

ਬਹਿਰਾਮਪੁਰ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਨੇੜਲੇ ਪਿੰਡ ਕੋਠੇ ਮਜੀਠੀ ਪਿੰਡ ਦੀਆਂ ਭੋਲੀਆਂ-ਭਾਲੀਆਂ ਲੋੜਵੰਦ ਦਰਜ਼ਨਾਂ ਔਰਤਾਂ ਨੂੰ ਨੌਸਰਬਾਜ਼ਾਂ ਦੇ ਇੱਕ ਗਿਰੋਹ ਵੱਲੋਂ ਕਰਜ਼ਾ ਦੇਣ ਦਾ ਝਾਂਸਾ ਦੇ ਕੇ ਨਵਾਂ ਢੰਗ ਤਰੀਕਾ ਵਰਤ ਕੇ ਠੱਗੀ ਮਾਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਠੱਗੀ ਦਾ ਸ਼ਿਕਾਰ ਹੋਈਆਂ ਪਿੰਡ ਕੋਠੇ ਮਜੀਠੀ ਦੀਆਂ ਔਰਤਾਂ ਕਾਂਤਾ ਦੇਵੀ ਸਮੇਤ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਲੋਕਾਂ ਦੇ ਘਰਾਂ ਅੰਦਰ 4-5 ਨੌਸਰਬਾਜ਼ਾਂ ਦੀ ਇੱਕ ਜੁੰਡਲੀ 2-3 ਦਿਨ ਲਗਾਤਾਰ ਘੁੰਮਦੀ ਰਹੀ ਸੀ ਅਤੇ ਉਨ੍ਹਾਂ ਨੂੰ ਇੱਕ-ਇੱਕ ਲੱਖ ਰੁਪਿਆ ਘੱਟ ਵਿਆਜ ਅਤੇ ਆਸਾਨ ਕਿਸ਼ਤਾਂ 'ਤੇ ਕਰਜ਼ਾ ਦੇਣ ਦਾ ਝਾਂਸਾ ਦੇ ਕੇ ਗੁੰਮਰਾਹ ਕਰ ਲਿਆ। ਉਨ੍ਹਾਂ ਨੇ ਔਰਤਾਂ ਨੂੰ ਗੁਰਦਾਸਪੁਰ ਦੇ ਇੱਕ ਫਰਜ਼ੀ ਖੋਲ੍ਹੇ ਦਫ਼ਤਰ 'ਚ ਬੁਲਾ ਲਿਆ।

ਔਰਤਾਂ ਨੇ ਦੱਸਿਆ ਕਿ ਨੌਸਰਬਾਜ਼ਾਂ ਦਾ ਇਹ ਵੀ ਕਹਿਣਾ ਸੀ ਕਿ ਵੱਖੋ-ਵੱਖ ਪਿੰਡਾਂ ਅੰਦਰ ਅਨੇਕਾਂ ਲੋੜਵੰਦ ਔਰਤਾਂ ਨੂੰ ਉਨ੍ਹਾਂ ਵੱਲੋਂ ਇੱਕ-ਇੱਕ ਲੱਖ ਰੁਪਏ ਦਾ ਕਰਜ਼ਾ ਦੇ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਕੰਪਨੀ ਦਾ ਟੀਚਾ ਹੈ ਕਿ ਉਹ ਪਿੰਡ ਪੱਧਰ 'ਤੇ ਹਰੇਕ ਲੋੜਵੰਦ ਪਰਿਵਾਰ ਨੂੰ ਆਸਾਨ ਕਿਸ਼ਤਾਂ 'ਤੇ ਕਰਜ਼ਾ ਮੁਹੱਈਆ ਕਰਵਾਉਣ। ਇੱਕ ਲੱਖ ਰੁਪਏ ਕਰਜ਼ੇ ਦੇ ਲਾਲਚ 'ਚ ਅਗਲੇ ਦਿਨ ਹੀ ਕਾਂਤਾ ਦੇਵੀ ਪਿੰਡ ਦੀਆਂ ਕਰੀਬ ਇੱਕ ਦਰਜਨ ਔਰਤਾਂ ਨੂੰ ਨਾਲ ਲੈ ਗੁਰਦਾਸਪੁਰ ਸਥਿਤ ਨੌਸਰਬਾਜ਼ਾਂ ਦੇ  ਦਫ਼ਤਰ ਪੁੱਜ ਗਈ। ਇਨ੍ਹਾਂ ਔਰਤਾਂ ਵਲੋਂ 3200 ਰੁਪਏ ਪ੍ਰਤੀ ਕਰਜ਼ਾ ਫਾਈਲ ਘਰੋਂ ਲਿਆਂਦੀ ਨਕਦੀ ਨੌਸਰਬਾਜ਼ਾਂ ਨੂੰ ਜਮ੍ਹਾਂ ਕਰਵਾ ਦਿੱਤੀ ਗਈ।

ਔਰਤਾਂ ਦੇ ਦੱਸਣ ਅਨੁਸਾਰ ਇਨ੍ਹਾਂ ਨੌਸਰਬਾਜ਼ਾਂ ਵੱਲੋਂ ਸਾਰੀਆਂ ਔਰਤਾਂ ਤੋਂ ਪੈਸੇ ਵਸੂਲਣ ਤੋਂ ਬਾਅਦ ਉਨ੍ਹਾਂ ਨੂੰ ਕਰਜ਼ਾ ਲੈਣ ਲਈ 2 ਦਿਨ ਬਾਅਦ ਆਉਣ ਲਈ ਕਿਹਾ ਗਿਆ। ਜਦੋਂ 2 ਦਿਨ ਬਾਅਦ ਉਹ ਔਰਤਾਂ ਕਰਜ਼ੇ ਦੇ ਇੱਕ-ਇੱਕ ਲੱਖ ਰੁਪਏ ਲੈਣ ਦੀ ਉਮੀਦ ਨਾਲ ਦੁਬਾਰਾ ਉਕਤ ਦਫ਼ਤਰ ਪੁੱਜੀਆਂ ਤਾਂ ਉਨ੍ਹਾਂ ਦੱਸਿਆ ਕਿ ਉਹ ਦਫ਼ਤਰ ਬੰਦ ਮਿਲਿਆ ਅਤੇ ਦਫ਼ਤਰ 'ਤੇ ਲੱਗੇ ਫਲੈਕਸੀ ਬੋਰਡ ਵੀ ਉਤਾਰ ਲਏ ਗਏ ਸਨ। ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਕਰਜ਼ੇ ਦੇ ਲਾਲਚ 'ਚ ਠੱਗੀ ਦਾ ਸ਼ਿਕਾਰ ਹੋ ਚੁੱਕੀਆਂ ਹਨ। ਉਨ੍ਹਾਂ ਨੇ ਪੁਲਸ ਤੋਂ ਇਨਸਾਫ਼ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਤਾਂ ਪਹਿਲਾਂ ਹੀ ਆਰਥਿਕ ਤੰਗੀਆਂ ਨਾਲ ਜੂਝ ਰਹੇ ਹਨ ਤੇ ਉੱਪਰੋਂ ਨੌਸਰਬਾਜ਼ਾਂ ਵੱਲੋਂ ਠੱਗੀ ਮਾਰ ਲੈਣ ਕਾਰਨ ਉਹ ਮਾਨਸਿਕ ਪਰੇਸ਼ਾਨੀ ਦੇ ਆਲਮ 'ਚ ਹਨ। ਉਨ੍ਹਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।


author

Babita

Content Editor

Related News