ਕੋਠੀ ਦਿਵਾਉਣ ਦੇ ਨਾਂ ’ਤੇ 2 ਲੱਖ ਠੱਗੇ, ਮਾਮਲਾ ਦਰਜ
Monday, May 27, 2024 - 11:58 AM (IST)
ਖਰੜ (ਰਣਬੀਰ) : ਖਰੜ ਅੰਦਰ ਕੋਠੀ ਵੇਚਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ ਤਹਿਤ ਸਿਟੀ ਪੁਲਸ ਨੇ ਜਾਇਦਾਦ ਦੀ ਮਾਲਕ ਸਣੇ ਬਰੋਕਰ ਦੋਵਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਖਰੜ ਦੀ ਵਸਨੀਕ ਹਰਪ੍ਰੀਤ ਕੌਰ ਮੁਤਾਬਕ ਉਹ ਅਤੇ ਉਸ ਦੇ ਪਤੀ ਆਪਣੇ ਲਈ ਇਕ ਪ੍ਰਾਪਰਟੀ ਦੀ ਭਾਲ ’ਚ ਸਨ ਕਿ ਇਸੇ ਦੌਰਾਨ ਸੌਰਭ ਸ਼ਰਮਾ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਜਿਸ ਨੇ ਉਨ੍ਹਾਂ ਨੂੰ ਸ਼ਿਵਾਲਿਕ ਹੋਮਜ਼ ਛੱਜੂ ਮਾਜਰਾ ਵਿਖੇ ਦੋ ਮੰਜ਼ਿਲਾ ਕੋਠੀ ਦਿਖਾਈ, ਜੋ ਬਲਜੀਤ ਕੌਰ ਦੇ ਨਾਂ ’ਤੇ ਸੀ।
ਕੋਠੀ ਪਸੰਦ ਆਉਣ ’ਤੇ ਸੌਰਵ ਸ਼ਰਮਾ ਨਾਲ ਉਨ੍ਹਾਂ ਦਾ ਸੌਦਾ ਕੁੱਲ 62 ਲੱਖ ਰੁਪਏ ’ਚ ਤੈਅ ਹੋਇਆ। ਜਿਸ ਸਬੰਧੀ ਸੌਰਵ ਸ਼ਰਮਾ ਨੇ 9 ਅਪ੍ਰੈਲ, 2023 ਨੂੰ ਇਕ ਬੁਕਿੰਗ ਫਾਰਮ ਦਸਤਖ਼ਤ ਕਰ ਕੇ ਦੇ ਦਿੱਤਾ। ਜਿਸ ਦੇ ਦੋ ਦਿਨ ਬਾਅਦ ਚੈੱਕ ਰਾਹੀਂ 2 ਲੱਖ ਰੁਪਏ ਦਾ ਚੈੱਕ ਬਿਆਨੇ ਵਜੋਂ ਉਕਤ ਮੁਲਜ਼ਮਾਂ ਨੂੰ ਦੇ ਦਿੱਤਾ। ਰਜਿਸਟਰੀ ਦੀ ਮਿਤੀ 15 ਜੁਲਾਈ, 2023 ਤੈਅ ਕੀਤੀ ਗਈ। ਸ਼ਿਕਾਇਤਕਰਤਾ ਮੁਤਾਬਕ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਮਕਾਨ ’ਤੇ ਆਈ. ਡੀ. ਐੱਫ. ਸੀ. ਸੈਕਟਰ 26 ਚੰਡੀਗੜ੍ਹ ਤੋਂ 43 ਲੱਖ 14 ਹਜ਼ਾਰ ਰੁਪਏ ਦਾ ਲੋਨ ਚੱਲ ਰਿਹਾ ਹੈ।
ਜਿਸ ਕਾਰਨ ਉਸ ਦੀ ਰਜਿਸਟਰੀ ਨਹੀਂ ਹੋ ਸਕਦੀ ਸੀ। ਜਿਸ ਬਾਰੇ ਬਿਆਨਾ ਕਰਨ ਸਮੇਂ ਮੁਲਜ਼ਮਾਂ ਵਲੋਂ ਨਹੀਂ ਦੱਸਿਆ ਗਿਆ। ਸ਼ਿਕਾਇਤਕਰਤਾ ਵਲੋਂ ਦੂਜੀ ਧਿਰ ਨੂੰ ਬੈਂਕ ਲੋਨ ਕਲੀਅਰ ਕਰ ਕੇ ਰਜਿਸਟਰੀ ਕਰਵਾਉਣ ਲਈ ਕਿਹਾ ਗਿਆ ਪਰ ਉਹ ਲਗਾਤਾਰ ਉਸ ਨੂੰ ਲਾਰੇ ਲਾਉਂਦੇ ਰਹੇ। ਬਿਆਨੇ ਦੀ ਰਕਮ ਵਾਪਸ ਮੰਗਣ ’ਤੇ ਉਨ੍ਹਾਂ ਵੱਲੋਂ ਰਕਮ ਵੀ ਵਾਪਸ ਨਹੀਂ ਕੀਤੀ ਗਈ। ਪੀੜਤਾਂ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਜਿਸ ’ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।