ਸ਼ੇਅਰਾਂ ਤੇ IPO ''ਚ ਮੁਨਾਫ਼ੇ ਦਾ ਝਾਂਸਾ ਦੇ ਕੇ 1.40 ਕਰੋੜ ਦੀ ਠੱਗੀ
Sunday, Mar 24, 2024 - 02:10 PM (IST)
ਲੁਧਿਆਣਾ (ਰਾਜ) : ਸ਼ੇਅਰਾਂ ਅਤੇ ਆਈ. ਪੀ. ਓ. ਵਿਚ ਪੈਸੇ ਇਨਵੈਸਟ ਕਰਵਾ ਕੇ ਵੱਡਾ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ ਨਿਊ ਦਿੱਲੀ ਦੇ ਕੁੱਝ ਲੋਕਾਂ ਨੇ ਲੁਧਿਆਣਾ ਦੇ ਇਕ ਵਿਅਕਤੀ ਨਾਲ 1 ਕਰੋੜ 40 ਲੱਖ ਦੀ ਠੱਗੀ ਮਾਰ ਲਈ। ਇਸ ਸਬੰਧੀ ਸਾਈਬਰ ਸੈੱਲ ਦੀ ਜਾਂਚ ਤੋਂ ਬਾਅਦ ਥਾਣਾ ਪੀ. ਏ. ਯੂ. ਵਿਚ ਕਰੀਬ 8 ਵਿਅਕਤੀਆਂ ਖ਼ਿਲਾਫ਼ ਧੋਖਾਦੇਹੀ ਅਤੇ ਹੋਰ ਧਾਰਾਵਾਂ ਦੇ ਤਹਿਤ ਕੇਸ ਦਰਜ ਹੋਇਆ ਹੈ।
ਇਹ ਕੇਸ ਅਮਿਤ ਕਿਸ਼ੋਰ ਦੀ ਸ਼ਿਕਾਇਤ ’ਤੇ ਮੁਲਜ਼ਮ ਜੋਨਾਥਨ ਸੀਮੋਨ, ਮਰਲੀਨਾ, ਏ. ਆਈ. ਪੀ. ਸ਼ਿਵਨ, ਸ਼ੇਖ ਸਮੀਰ ਰਫੀਕ, ਸਬੁਜ ਚੋਕਰਬਤੀ, ਸੋਨਿਕਾ ਸਚਿਨ ਸਾਵੰਤ, ਸਚਿਨ ਗੁਪਤਾ ’ਤੇ ਦਰਜ ਹੋਇਆ ਹੈ। ਹਾਲਾਂਕਿ ਅਜੇ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਪੁਲਸ ਦੀਆਂ ਟੀਮਾਂ ਜਲਦ ਮੁਲਜ਼ਮਾਂ ਨੂੰ ਫੜ੍ਹਨ ਲਈ ਛਾਪੇਮਾਰੀ ਕਰਨਗੀਆਂ। ਪੁਲਸ ਸ਼ਿਕਾਇਤ ਵਿਚ ਅਮਿਤ ਨੇ ਦੱਸਿਆ ਕਿ ਉਹ ਪੀ. ਏ. ਯੂ. ਕੈਂਪਸ ਵਿਚ ਰਹਿੰਦਾ ਹੈ। ਮੁਲਜ਼ਮ ਜੋਨਾਥਨ ਨੇ ਉਸ ਨੂੰ ਵਟਸਐਪ ਗਰੁੱਪਾਂ ਵਿਚ ਐਡ ਕੀਤਾ ਸੀ।
ਇਸ ਤੋਂ ਬਾਅਦ ਉਸ ਨੂੰ ਸ਼ੇਅਰ ਮਾਰਕੀਟ ਅਤੇ ਆਈ. ਪੀ. ਓ. ਵਿਚ ਪੈਸੇ ਇਨਵੈਸਟ ਕਰਵਾਉਣ ਲਈ ਕਿਹਾ ਕਿ ਉਸ ਨੂੰ ਇਨਵੈਸਟਮੈਂਟ ਵਿਚ ਵੱਡੇ ਮੁਨਾਫ਼ੇ ਦਾ ਝਾਂਸਾ ਦੇ ਕੇ ਮੁਲਜ਼ਮਾਂ ਨੇ ਵੱਖ–ਵੱਖ ਬੈਂਕ ਦੇ ਖਾਤਿਆਂ ਵਿਚ 1 ਕਰੋੜ 40 ਲੱਖ ਰੁਪਏ ਟਰਾਂਸਫਰ ਕਰਵਾ ਲਏ ਪਰ ਕਿਸੇ ਤਰ੍ਹਾਂ ਦਾ ਕੋਈ ਮੁਨਾਫ਼ਾ ਨਹੀਂ ਦਿੱਤਾ। ਇਸ ਤੋਂ ਬਾਅਦ ਉਸ ਨੂੰ ਹੋਰ ਪੈਸੇ ਜਮ੍ਹਾਂ ਕਰਵਾਉਣ ’ਤੇ ਜ਼ੋਰ ਦੇ ਰਹੇ ਸਨ। ਜਦੋਂ ਉਸ ਨੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮ ਕਾਨੂੰਨੀ ਨੋਟਿਸ ਭੇਜ ਕੇ ਉਸੇ ’ਤੇ ਹੀ ਕਾਰਵਾਈ ਕਰਵਾਉਣ ਲਈ ਧਮਕਾਉਣ ਲੱਗ ਗਏ। ਇਸ ਤੋਂ ਬਾਅਦ ਉਸ ਨੇ ਇਸ ਧੋਖਾਦੇਹੀ ਸਬੰਧੀ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਇਹ ਜਾਂਚ ਸਾਈਬਰ ਸੈੱਲ ਦੇ ਇੰਚਾਰਜ ਜਤਿੰਦਰ ਸਿੰਘ ਨੇ ਕੀਤੀ ਅਤੇ ਉਕਤ ਮੁਲਜ਼ਮਾਂ ’ਤੇ ਮੁਕੱਦਮਾ ਦਰਜ ਕਰ ਲਿਆ।