ਕੈਨੇਡਾ ਭੇਜਣ ਦੇ ਨਾਂ ’ਤੇ 3.50 ਲੱਖ ਰੁਪਏ ਦੀ ਠੱਗੀ, ਜੋੜੇ ਟ੍ਰੈਵਲ ਏਜੰਟ ਖ਼ਿਲਾਫ਼ ਮਾਮਲਾ ਦਰਜ
Saturday, Apr 22, 2023 - 02:10 PM (IST)

ਲੁਧਿਆਣਾ (ਮੋਹਿਨੀ) : ਕੈਨੇਡਾ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਧੋਖਾਦੇਹੀ ਕਰਨ ਵਾਲੇ ਜੋੜੇ ਟ੍ਰੈਵਲ ਏਜੰਟ ਖ਼ਿਲਾਫ਼ ਲੰਬੀ ਚੱਲੀ ਜਾਂਚ 'ਚ 2 ਸਾਲ ਬਾਅਦ ਥਾਣਾ ਸ਼ਿਮਲਾਪੁਰੀ ਨੇ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਕੁਲਵੰਤ ਰਾਏ ਪੁੱਤਰ ਪ੍ਰੀਤਮ ਸਿੰਘ ਵਾਸੀ ਮੁਹੱਲਾ ਪੱਟੀ, ਬਿਲਗਾ ਜ਼ਿਲ੍ਹਾ ਜਲੰਧਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਇੰਦਰਜੀਤ ਸਿੰਘ ਨੂੰ ਕੈਨੇਡਾ 'ਚ ਸਟੱਡੀ ਵੀਜ਼ਾ ਲਈ ਲੁਧਿਆਣਾ ਦੇ ਦੁੱਗਰੀ 'ਚ ਰਹਿਣ ਵਾਲੇ ਟ੍ਰੈਵਲ ਏਜੰਟ ਤੋਂ ਅਪਲਾਈ ਕਰਵਾਇਆ ਸੀ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਉਸ ਦੇ ਪੁੱਤਰ ਦਾ ਵੀਜ਼ਾ ਨਹੀਂ ਆਇਆ।
ਇਸ ਦੇ ਬਦਲੇ ਟ੍ਰੈਵਲ ਏਜੰਟ ਜੋੜੇ ਨੇ 3.50 ਲੱਖ ਰੁਪਏ ਆਪਣੇ ਦਫ਼ਤਰ ਆਈ. ਟੀ. ਆਈ. ਕਾਲਜ ਰੋਡ ’ਤੇ ਲਏ ਸਨ। ਜਦੋਂ ਉਕਤ ਟ੍ਰੈਵਲ ਏਜੰਟ ਨੂੰ ਇਸ ਬਾਬਤ ਪੁੱਛਿਆ ਤਾਂ ਉਹ ਟਾਲ-ਮਟੋਲ ਕਰਨ ਲੱਗ ਗਿਆ ਅਤੇ ਉਨ੍ਹਾਂ ਨੂੰ ਗੱਲਾਂ ਵਿਚ ਉਲਝਾਈ ਰੱਖਿਆ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਨਾਲ ਧੋਖਾ ਹੋਇਆ ਹੈ ਤਾਂ ਉਨ੍ਹਾਂ ਨੇ ਜ਼ਿਲ੍ਹਾ ਪੁਲਸ ਕਮਿਸ਼ਨਰ ਨੂੰ 25 ਮਾਰਚ, 2021 ਨੂੰ ਸ਼ਿਕਾਇਤ ਦਿੱਤੀ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ ਅਤੇ ਇਨਸਾਫ਼ ਲਈ ਭਟਕਦੇ ਰਹੇ।
2 ਸਾਲ ਬੀਤ ਜਾਣ ਤੋਂ ਬਾਅਦ ਹੁਣ ਜਾ ਕੇ ਪੁਲਸ ਨੇ ਉਕਤ ਮਹਿਲਾ ਟ੍ਰੈਵਲ ਏਜੰਟ ਅਤੇ ਉਸ ਦੇ ਪਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਥਾਣਾ ਸ਼ਿਮਲਾਪੁਰੀ ਦੇ ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੁਲਵੰਤ ਰਾਏ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਔਰਤ ਟ੍ਰੈਵਲ ਏਜੰਟ ਮੁਸਕਾਨ ਵਰਮਾ ਉਰਫ਼ ਮਨਪ੍ਰੀਤ ਕੌਰ ਪਤਨੀ ਗੌਰਵ ਵਰਮਾ ਅਤੇ ਗੌਰਵ ਵਰਮਾ ਵਾਸੀ ਫੇਸ-2, ਦੁੱਗਰੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।