ਸ਼ਾਤਿਰ ਪਤੀ-ਪਤਨੀ ਦਾ ਕਾਰਾ,NRI ਔਰਤ ਨਾਲ ਵਿਆਹ ਦਾ ਸੁਪਨਾ ਵਿਖਾ ਕੇ ਮਾਰੀ ਵੱਡੀ ਠੱਗੀ

Saturday, Oct 12, 2019 - 11:03 AM (IST)

ਸ਼ਾਤਿਰ ਪਤੀ-ਪਤਨੀ ਦਾ ਕਾਰਾ,NRI ਔਰਤ ਨਾਲ ਵਿਆਹ ਦਾ ਸੁਪਨਾ ਵਿਖਾ ਕੇ ਮਾਰੀ ਵੱਡੀ ਠੱਗੀ

ਜਲੰਧਰ (ਸ਼ੋਰੀ)— ਤਲਾਕਸ਼ੁਦਾ ਵਿਅਕਤੀ ਨੂੰ ਸ਼ਾਤਿਰ ਪਤੀ-ਪਤਨੀ ਨੇ ਵਿਦੇਸ਼ ਸੈੱਟ ਕਰਵਾਉਣ ਦਾ ਲਾਰਾ ਲਗਾ ਕੇ ਉਸ ਨਾਲ ਕਰੀਬ 31 ਲੱਖ ਦੀ ਠੱਗੀ ਮਾਰ ਲਈ। ਇੰਨਾ ਹੀ ਨਹੀਂ ਉਸ ਦੀ ਇਕ ਔਰਤ ਨਾਲ ਮੁਲਾਕਾਤ ਕਰਵਾ ਕੇ ਉਸ ਨਾਲ ਵਿਆਹ ਦਾ ਕਹਿ ਉਸ ਕੋਲੋਂ ਕਰੀਬ 15 ਤੋਲੇ ਸੋਨਾ ਵੀ ਹੜੱਪ ਲਿਆ। ਪੀੜਤ ਸੁਖਦੇਵ ਰਾਜ ਪੁੱਤਰ ਮਿਤੂ ਰਾਮ ਜੋ ਕਿ ਬੀ. ਐੱਸ. ਐੱਨ. ਐੱਲ. ਵਿਭਾਗ 'ਚ ਕੰਮ ਕਰਦਾ ਹੈ, ਦੀ ਸ਼ਿਕਾਇਤ 'ਤੇ ਪੁਲਸ ਅਧਿਕਾਰੀਆਂ ਨੇ ਜਾਂਚ ਤੋਂ ਬਾਅਦ ਥਾਣਾ ਭਾਰਗੋ ਕੈਂਪ 'ਚ ਮੁਲਜ਼ਮ ਪਤੀ-ਪਤਨੀ ਸਣੇ 2 ਔਰਤਾਂ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕਰ ਪਤੀ-ਪਤਨੀ ਨੂੰ ਬੀਤੇ ਦਿਨ ਐਂਟੀ ਫਰਾਡ ਵਿਭਾਗ 'ਚ ਤਾਇਨਾਤ ਐੱਸ. ਆਈ. ਸੋਢੀ ਲਾਲ ਨੇ ਕਾਫੀ ਮਿਹਨਤ ਕਰਕੇ ਗ੍ਰਿਫਤਾਰ ਕਰ ਲਿਆ।

ਜਾਣਕਾਰੀ ਦਿੰਦੇ ਸਬ-ਇੰਸਪੈਕਟਰ ਸੋਢੀ ਲਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਸੁਖਦੇਵ ਰਾਜ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਗਿਆ ਸੀ ਅਤੇ ਉਹ ਆਪਣੀ ਮਾਂ ਨਾਲ ਰਹਿੰਦਾ ਹੈ। ਉਸ ਦੇ ਘਰ ਕੰਮ ਕਰਨ ਵਾਲੀ ਬਖਸ਼ੋ ਨਾਂ ਦੀ ਔਰਤ ਨੇ ਸੁਖਦੇਵ ਨੂੰ ਆਪਣੀ ਬੇਟੀ ਨੀਤੂ ਅਤੇ ਜਵਾਈ ਗੁਰਮੀਤ ਪੁੱਤਰ ਹੰਸ ਰਾਜ ਦੋਵੇਂ ਪਿੰਡ ਹੁਸੈਨਪੁਰ ਥਾਣਾ ਲਾਂਬੜਾ ਦੇ ਨਾਲ ਮਿਲਾਇਆ ਅਤੇ ਕਿਹਾ ਕਿ ਉਨ੍ਹਾਂ ਦੀ ਜਾਣ-ਪਛਾਣ 'ਚ ਹੁਸ਼ਿਆਰਪੁਰ ਦੀ ਇਕ ਔਰਤ ਹੈ ਜੋ ਇੰਗਲੈਂਡ ਵਿਚ ਪੱਕੀ ਹੈ ਅਤੇ ਪਰਿਵਾਰ ਵੀ ਬਾਹਰ ਹੀ ਸੈੱਟ ਹੈ। ਤਿੰਨਾਂ ਨੇ ਸੁਖਦੇਵ ਨੂੰ ਝਾਂਸੇ 'ਚ ਲੈ ਲਿਆ ਅਤੇ ਉਸ ਦੀ ਮੁਲਾਕਾਤ ਸੰਜੋਗ ਨਾਂ ਦੀ ਔਰਤ ਨਾਲ ਕਰਵਾਈ ਅਤੇ ਹੌਲੀ-ਹੌਲੀ ਵਿਦੇਸ਼ ਭੇਜਣ ਦੇ ਖਰਚੇ ਦੇ ਨਾਂ 'ਤੇ ਉਸ ਕੋਲੋਂ 31 ਲੱਖ ਰੁਪਏ ਠੱਗ ਲਏ।

PunjabKesari

ਇੰਨਾ ਹੀ ਨਹੀਂ ਔਰਤ ਨਾਲ ਵਿਆਹ ਕਰਵਾਉਣ ਦਾ ਕਹਿ ਕੇ ਉਸ ਕੋਲੋਂ 15 ਤੋਲੇ ਦੇ ਸੋਨੇ ਦੇ ਗਹਿਣੇ ਵੀ ਠੱਗ ਲਏ ਪਰ ਬਾਅਦ 'ਚ ਔਰਤ ਨਾਲ ਵਿਆਹ ਕਰਵਾਉਣ ਤੋਂ ਮੁੱਕਰ ਗਏ ਅਤੇ ਪੈਸੇ ਸਮੇਤ ਗਹਿਣੇ ਵੀ ਵਾਪਸ ਨਹੀਂ ਕੀਤੇ। ਸੁਖਦੇਵ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਕੇਸ ਦਰਜ ਕਰ ਕੇ ਨੀਤੂ ਅਤੇ ਉਸ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਭਾਵੇਂਕਿ ਨੀਤੂ ਨੇ ਪੁਲਸ ਜਾਂਚ 'ਚ ਕਿਹਾ ਕਿ ਉਸ ਦੀ ਤਬੀਅਤ ਠੀਕ ਨਹੀਂ ਹੈ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਸਬ-ਇੰਸਪੈਟਰ ਸੋਢੀ ਰਾਮ ਨੇ ਦੱਸਿਆ ਕਿ ਕੇਸ 'ਚ ਬਖਸ਼ੋ ਅਤੇ ਸੰਯੋਗ ਨਾਂ ਦੀਆਂ ਦੋਵਾਂ ਔਰਤਾਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੂਰੀ ਪੜਤਾਲ ਕਰਨ ਤੋਂ ਬਾਅਦ ਹੀ ਕਰੋ ਵਿਸ਼ਵਾਸ
ਜੇਕਰ ਕੋਈ ਤੁਹਾਨੂੰ ਵਿਦੇਸ਼ ਸੈੱਟ ਕਰਨ ਦੇ ਨਾਂ 'ਤੇ ਕੋਈ ਨੌਜਵਾਨ ਜਾਂ ਲੜਕੀ ਵਿਆਹ ਕਰਨ ਦਾ ਕਹਿੰਦਾ ਹੈ ਤਾਂ ਪਹਿਲਾਂ ਆਪਣੇ ਤੌਰ 'ਤੇ ਜਾਂਚ ਕਰੋ ਕਿ ਉਹ ਵਿਦੇਸ਼ 'ਚ ਸੈੱਟ ਹੈ ਜਾਂ ਨਹੀਂ, ਉਸ ਦਾ ਪਾਸਪੋਰਟ ਚੈੱਕ ਕਰੋ ਅਤੇ ਦੇਖੋ ਕਿ ਉਹ ਕਦੀ ਵਿਦੇਸ਼ ਗਿਆ ਹੈ ਜਾਂ ਨਹੀਂ। ਇਸ ਤੋਂ ਇਲਾਵਾ ਉਸ ਦੇ ਵਿਦੇਸ਼ 'ਚ ਪੱਕੇ ਹੋਣ ਦੇ ਸਬੂਤ ਦੀ ਕਾਪੀ ਲੈ ਕੇ ਉਸ ਦੀ ਭਾਰਤ 'ਚ ਰਿਹਾਇਸ਼ ਵਿਖੇ ਜਾ ਕੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਕੋਲੋਂ ਜਾਂਚ ਕਰੋ। ਕੁੱਲ ਮਿਲਾ ਕੇ ਸਾਵਧਾਨ ਰਹਿਣ ਦੀ ਲੋੜ ਹੈ। ਨਹੀਂ ਤਾਂ ਵਿਦੇਸ਼ ਜਾਣ ਦੇ ਨਾਂ 'ਤੇ ਤੁਹਾਨੂੰ ਵੀ ਕੋਈ ਚੂਨਾ ਲਾ ਸਕਦਾ ਹੈ।


author

shivani attri

Content Editor

Related News