ਲਡ਼ਕੀਆਂ ਦੇ ਸਮੂਹ ਵਿਆਹ ਦੇ ਨਾਂ ’ਤੇ ਠੱਗੀ ਮਾਰਨ ਵਾਲਾ ਗਿਰੋਹ ਸਰਗਰਮ
Thursday, Aug 30, 2018 - 11:56 PM (IST)

ਮੋਗਾ,(ਗੋਪੀ ਰਾਊਕੇ)-ਫਿਰੋਜ਼ਪੁਰ ਜ਼ਿਲੇ ਦੀ ਇਕ ਸੰਸਥਾ ਵੱਲੋਂ ਲਡ਼ਕੀਆਂ ਦੇ ਸਮੂਹਿਕ ਵਿਆਹ ਕਰਨ ਦੇ ਨਾਂ ’ਤੇ ਮਾਰੀ ਕਥਿਤ ਠੱਗੀ ਦੇ ਚੱਲਦੇ ਅੱਜ ਲਡ਼ਕੀ ਦੇ ਪੀਡ਼ਤ ਪਰਿਵਾਰ ਵੱਲੋਂ ਮੋਗਾ ਜ਼ਿਲੇ ਦੇ ਪਿੰਡ ਬਹੋਨਾ ਦੇ ਸਰਪੰਚ ਹਰਭਜਨ ਸਿੰਘ ਬਹੋਨਾ ਦੀ ਅਗਵਾਈ ’ਚ ਇੰਨਸਾਫ ਲਈ ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਤੂਰ ਨੂੰ ਇਕ ਮੰਗ-ਪੱਤਰ ਦਿੱਤਾ।
ਕੀ ਹੈ ਸਾਰਾ ਮਾਮਲਾ
ਐੱਸ. ਐੱਸ. ਪੀ. ਮੋਗਾ ਨੂੰ ਮੰਗ-ਪੱਤਰ ਦੇਣ ਤੋਂ ਪਹਿਲਾਂ ਗੱਲਬਾਤ ਕਰਦਿਆਂ ਪੀਡ਼ਤਾ ਦੀ ਮਾਤਾ ਗੁਰਮੇਲ ਕੌਰ ਅਤੇ ਸਰਪੰਚ ਹਰਭਜਨ ਸਿੰਘ ਬਹੋਨਾ ਨੇ ਦੱਸਿਆ ਕਿ ਫਿਰੋਜ਼ਪੁਰ ਦੀ ਇਕ ਸੰਸਥਾ ਵੱਲੋਂ 2018 ’ਚ ਅਰਜੀਆਂ ਮੰਗੀਆਂ ਗਈਆਂ ਸਨ, ਜਿਸ ’ਤੇ ਬਹੋਨਾ ਦੀ ਪੀਡ਼ਤਾ ਗੁਰਮੇਲ ਕੌਰ ਵੱਲੋਂ ਆਪਣੀ ਬੇਟੀ ਦੇ ਵਿਆਹ ਲਈ ਫਾਰਮ ਭਰਿਆ ਸੀ, ਉਕਤ ਸੰਸਥਾ ਵੱਲੋਂ ਸਮੂਹਿਕ ਵਿਆਹ ਲਈ 15 ਫਰਵਰੀ ਨਿਸ਼ਚਿਤ ਕਰਕੇ ਵਿਆਹ ਸਮਾਗਮ ਪਿੰਡ ਖੋਸਾ ਪਾਂਡੋ ਦੇ ਗੁਰਦੁਆਰਾ ਸਾਹਿਬ ’ਚ ਰੱਖਿਆ ਗਿਆ, ਪਰ ਸਮਾਗਮ ਦੇ ਚਾਰ ਪੰਜ ਦਿਨ ਪਹਿਲਾਂ ਹੀ ਸੰਸਥਾ ਦੇ ਇਕ ਮੈਂਬਰ ਨੇ ਪੀਡ਼ਤ ਪਰਿਵਾਰ ਨੂੰ ਵਿਆਹ ਦੀ ਮਨਜ਼ੂਰੀ ਨਾ ਮਿਲਣ ਦੇ ਚੱਲਦੇ ਸਮੂਹਿਕ ਵਿਆਹ 25 ਫਰਵਰੀ ਨੂੰ ਪਿੰਡ ਤਲਵੰਡੀ ਭਾਈ ’ਚ ਕਰਨ ਦੀ ਗੱਲ ਕਹੀ, ਪੀਡ਼ਤਾ ਨੇ ਕਿਹਾ ਕਿ ਅਸੀਂ ਸੰਸਥਾ ਦੇ ਕਹਿਣ ’ਤੇ ਅਾਪਣੇ ਪੱਧਰ ’ਤੇ ਕਥਿਤ ਵਿਆਹ ਦੀ ਤਿਆਰੀ ਲਈ ਵਿਆਜ਼ ’ਤੇ ਪੈਸੇ ਉਧਾਰ ਲਏ, ਪਰ ਬਾਅਦ ’ਚ ਸੰਸਥਾ ਨੇ ਫਿਰ ਤੋਂ ਟਾਲ-ਮਟੋਲ ਕਰਦੇ ਹੋਏ ਲਡ਼ਕੀ ਦਾ ਵਿਆਹ ਆਪਣੇ ਘਰ ’ਚ ਕਰਨ ਦੀ ਗੱਲ ਕਹੀ, ਜਿਸ ’ਤੇ ਅਸੀਂ ਆਪਣੀ ਬੇਟੀ ਦਾ ਵਿਆਹ 25 ਫਰਵਰੀ ਨੂੰ ਆਪਣੇ ਘਰ ’ਤੇ ਹੀ ਰੱਖ ਲਿਆ, ਇਸ ਦੇ ਬਾਅਦ ਸੰਸਥਾ ਵੱਲੋਂ ਚਾਰ ਮਾਰਚ ਨੂੰ 17 ਦੇ ਕਰੀਬ ਲਡ਼ਕੀਆਂ ਦੇ ਦੁਬਾਰਾ ਤੋਂ ਸਮੂਹਿਕ ਵਿਆਹ ਕਰਵਾਏ ਗਏ, ਜਿਸ ’ਚ ਉਨ੍ਹਾਂ ਦੀ ਬੇਟੀ ਨੂੰ ਗੋਦ ’ਚ 71 ਹਜ਼ਾਰ ਰੁਪਏ ਦਾ ਚੈੱਕ ਵੀ ਪਾਇਆ ਗਿਆ, ਪਰ ਬਾਅਦ ’ਚ ਉਕਤ ਸੰਸਥਾ ਵੱਲੋਂ ਕਥਿਤ ਤੌਰ ’ਤੇ ਗੁਰਦੁਆਰਾ ਸਾਹਿਬ ਦਾ ਗੇਟ ਬੰਦ ਕਰਕੇ ਇਹ ਕਹਿ ਕੇ ਚੈੱਕ ਵਾਪਸ ਲੈ ਲਿਆ ਕਿ ਚੈੱਕਾਂ ’ਤੇ ਇਕ ਅਹੁਦੇਦਾਰ ਦੇ ਹਸਤਾਖਰ ਬਾਕੀ ਹਨ, ਉਹ ਕਰਵਾ ਕੇ ਵਿਆਹੁਤਾ ਨੂੰ ਚੈੱਕ ਦੇ ਦੇਵਾਂਗੇ। ਉਨ੍ਹਾਂ ਕਿਹਾ ਕਿ ਸੰਸਥਾ ਦੀ ਮੰਗ ’ਤੇ ਆਪਣੇ ਵੱਲੋਂ 10 ਹਜ਼ਾਰ ਰੁਪਏ ਖਰਚ ਕਰਕੇ ਲਡ਼ਕੀ ਨੂੰ ਦਿੱਤੇ ਸਮਾਨ ਦਾ ਬਿੱਲ ਵੀ ਸੰਸਥਾ ਨੂੰ ਦਿੱਤਾ ਗਿਆ, ਪਰ ਸੰਸਥਾ ਵੱਲੋਂ ਸਾਨੂੰ ਕਿਸੇ ਪ੍ਰਕਾਰ ਦੀ ਸਹਾਇਤਾ ਨਹੀਂ ਦਿੱਤੀ ਗਈ ਅਤੇ ਜੋ 20 ਮਾਰਚ ਅਤੇ 15 ਮਾਰਚ ਨੂੰ ਸਾਨੂੰ ਚੈੱਕ ਦਿੱਤੇ ਗਏ ਉਹ ਅਜੇ ਤੱਕ ਕੈਸ਼ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਾਡੇ ਨਾਲ ਠੱਗੀ ਮਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੰਸਥਾ ਵੱਲੋਂ ਮਾਰੀ ਗੲੀ ਠੱਗੀ ਦਾ ਸ਼ਿਕਾਰ ਹੋਏ ਉਨ੍ਹਾਂ ਦੇ ਪਤੀ ਉਧਾਰ ਪੈਸੇ ਲਏ ਪੈਸੇ ਵਾਪਸ ਕਰਨ ਲਈ ਚਿੰਤਾ ’ਚ ਰਹਿਣ ਲੱਗੇ ਅਤੇ ਉਨ੍ਹਾਂ ਦਮ ਤੋਡ਼ ਦਿੱਤਾ। ਪੀਡ਼ਤ ਨੇ ਜ਼ਿਲਾ ਪੁਲਸ ਮੁਖੀ ਤੋਂ ਮੰਗ ਕੀਤੀ ਕਿ ਉਹ ਉਕਤ ਮਾਮਲੇ ਦੀ ਜਾਂਚ ਕਰਵਾ ਕੇ ਉਕਤ ਗਿਰੋਹ ਦਾ ਪਰਦਾਫਾਸ਼ ਕਰੇ। ਉਥੇ ਅਜਿਹੇ ਗਿਰੋਹ ਦੇ ਖਿਲਾਫ ਬਣਦੀ ਕਾਰਵਾਈ ਕਰੇ।