ਟਰੱਕ ਮਾਲਕ ਨੇ ਫਾਇਨੈਂਸ ਕੰਪਨੀ ਨੂੰ ਲਾਇਆ 8 ਲੱਖ ਦਾ ਚੂਨਾ

Sunday, Aug 26, 2018 - 12:44 AM (IST)

ਟਰੱਕ ਮਾਲਕ ਨੇ ਫਾਇਨੈਂਸ ਕੰਪਨੀ ਨੂੰ ਲਾਇਆ 8 ਲੱਖ ਦਾ ਚੂਨਾ

ਮੋਗਾ, (ਅਾਜ਼ਾਦ)-ਜੀ. ਟੀ. ਰੋਡ ਮੋਗਾ ’ਤੇ ਸਥਿਤ ਮੈਸ. ਸੁਰਜੀਤ ਹਾਇਰ ਪਰਚੇਜ਼ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਸੰਚਾਲਕ ਰਜਿੰਦਰ ਸਿੰਘ ਨੇ ਟਰੱਕ ਮਾਲਕ ਮੇਜਰ ਸਿੰਘ ਨਿਵਾਸੀ ਪਿੰਡ ਘਰਿਆਲਾ (ਤਰਨਤਾਰਨ) ਅਤੇ ਟਰੱਕਾਂ ਦੀ ਸੇਲ-ਪਰਚੇਜ਼ ਕਰਨ ਵਾਲੇ ਗੁਰਨਾਮ ਸਿੰਘ ਨਿਵਾਸੀ ਗੋਬਿੰਦਗਡ਼੍ਹ ਬਸਤੀ ਮੋਗਾ ’ਤੇ ਕਥਿਤ ਮਿਲੀਭੁਗਤ ਕਰ ਕੇ 8 ਲੱਖ ਰੁਪਏ ਦਾ ਚੂਨਾ ਲਾਉਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
 ਕੀ ਹੋਈ ਪੁਲਸ ਕਾਰਵਾਈ
 ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ. ਸਿਟੀ ਮੋਗਾ ਵੱਲੋਂ ਕੀਤੀ ਗਈ। ਜਾਂਚ ਤੋਂ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਗੁਰਨਾਮ ਸਿੰਘ ਨਿਵਾਸੀ ਗੋਬਿੰਦਗਡ਼੍ਹ ਬਸਤੀ ਮੋਗਾ ਅਤੇ ਮੇਜਰ ਸਿੰਘ ਨਿਵਾਸੀ ਪਿੰਡ ਘਰਿਆਲਾ  ਖਿਲਾਫ ਧੋਖਾਦੇਹੀ ਦਾ ਮਾਮਲਾ ਥਾਣਾ ਸਿਟੀ ਮੋਗਾ ’ਚ  ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ  ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
 ਕੀ ਹੈ ਸਾਰਾ ਮਾਮਲਾ
 ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਹਿਬ ਸਿੰਘ ਪੁੱਤਰ ਕਸ਼ਮੀਰ ਸਿੰਘ ਨਿਵਾਸੀ ਪਿੰਡ ਅਰਾਈਆਂ ਵਾਲਾ ਖੁਰਦ (ਫਰੀਦਕੋਟ) ਨੇ ਆਪਣਾ ਇਕ ਟਰੱਕ ਮੇਜਰ ਸਿੰਘ ਪੁੱਤਰ ਆਤਮਾ ਸਿੰਘ ਨਿਵਾਸੀ ਪਿੰਡ ਘਰਿਆਲਾ (ਪੱਟੀ) ਨੂੰ ਟਰੱਕਾਂ ਦੀ ਸੇਲ-ਪਰਚੇਜ਼ ਦਾ ਕੰਮ ਕਰਦੇ ਗੁਰਨਾਮ ਸਿੰਘ ਨਿਵਾਸੀ ਬਸਤੀ ਗੋਬਿੰਦਗਡ਼੍ਹ  ਰਾਹੀਂ ਵੇਚਿਆ ਸੀ। ਕਥਿਤ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ 5 ਮਾਰਚ, 2016 ਨੂੰ ਸੁਰਜੀਤ ਫਾਇਨੈਂਸ ਕੰਪਨੀ ਤੋਂ 8 ਲੱਖ ਰੁਪਏ ਦਾ ਕਰਜ਼ਾ ਟਰੱਕ ’ਤੇ ਲਿਆ ਪਰ ਕਰਜ਼ੇ ਦੀ ਕੋਈ ਕਿਸ਼ਤ ਵਾਪਸ ਨਹੀਂ ਕੀਤੀ ਅਤੇ ਇਸ ਦੇ ਇਲਾਵਾ ਗੁਰਨਾਮ ਸਿੰਘ ਅਤੇ ਮੇਜਰ ਸਿੰਘ ਨੇ ਕਥਿਤ ਮਿਲੀਭੁਗਤ ਕਰ ਕੇ ਫਾਇਨੈਂਸ ਕੰਪਨੀ ਨੂੰ ਹਨੇਰੇ ਵਿਚ ਰੱਖ ਕੇ ਕਰਜ਼ਾ ਪ੍ਰਾਪਤ ਕਰਨ ਤੋਂ ਬਾਅਦ ਟਰੱਕ ਦੀ ਰਜਿਸਟ੍ਰੇਸ਼ਨ ਤੇ ਐੱਚ. ਪੀ. ਐਂਟਰੀ ਨਹੀਂ ਕਰਵਾਈ। ਇਸ ਤਰ੍ਹਾਂ ਦੋਵਾਂ ਨੇ ਕਥਿਤ ਮਿਲੀਭੁਗਤ ਕਰ ਕੇ ਕੰਪਨੀ ਨਾਲ 8 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ।
 


Related News