ਕੈਨੇਡਾ ਭੇਜਣ ਦੇ ਨਾਂ ’ਤੇ ਇੰਡੋਨੇਸ਼ੀਆ ਭੇਜ ਕੇ ਖੋਹਿਆ ਪਾਸਪੋਰਟ ; 18.50 ਲੱਖ ਠੱਗੇ
Saturday, Jul 28, 2018 - 04:54 AM (IST)
ਲੁਧਿਆਣਾ(ਰਿਸ਼ੀ)-ਵਰਕ ਪਰਮਿਟ ’ਤੇ ਕੈਨੇਡਾ ਭੇਜਣ ਦੇ ਨਾਂ ’ਤੇ 18.50 ਲੱਖ ਦੀ ਠੱਗੀ ਕਰਨ ਦੇ ਦੋਸ਼ ’ਚ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਨੀਰਜ ਗੁਪਤਾ ਨਿਵਾਸੀ ਬਾਬਾ ਥਾਨ ਸਿੰਘ ਨਗਰ ਦੀ ਸ਼ਿਕਾਇਤ ’ਤੇ 2 ਭੈਣਾਂ ਵੀਰਵਾਰ ਕੌਰ, ਸੁਖਜਿੰਦਰ ਕੌਰ ਤੇ ਟ੍ਰੈਵਲ ਏਜੰਟ ਕਮਲਜੀਤ ਸਿੰਘ ਗਰੇਵਾਲ, ਰਿਤੇਸ਼ ਸ਼ਾਹ, ਕਿੱਟੂ ਨਿਵਾਸੀ ਮੁੰਬਈ ਤੇ ਬਾਵੇਸ਼ ਗਿਰੀ ਨਿਵਾਸੀ ਗੁਜਰਾਤ ਦੇ ਖਿਲਾਫ ਖਿਲਾਫ ਇਮੀਗ੍ਰੇਸ਼ਨ ਐਕਟ ਤੇ ਧੋਖਾਦੇਹੀ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। ਪੁਲਸ ਦੇ ਅਨੁਸਾਰ ਮਾਮਲੇ ’ਚ ਨਾਮਜ਼ਦ ਸਾਰੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪੀਡ਼ਤ ਨੇ ਦੱਸਿਆ ਕਿ 7 ਨਵੰਬਰ 2016 ਨੂੰ ਪੜ੍ਹਾਈ ਦੇ ਲਈ ਸਾਈਪ੍ਰਸ ਗਿਆ ਸੀ, ਜਿਥੇ ਉਸ ਦੀ ਜਾਣ-ਪਛਾਣ ਵੀਰਪਾਲ ਕੌਰ ਨਿਵਾਸੀ ਮੋਗਾ ਨਾਲ ਹੋਈ। ਜੋ ਕਿ ਵਰਕ ਪਰਮਿਟ ’ਤੇ ਸਾਈਪ੍ਰਸ ’ਚ ਰਹਿ ਰਹੀ ਸੀ। ਵੀਰਪਾਲ ਕੌਰ ਨੇ ਉਸ ਨੂੰ ਕਿਹਾ ਕਿ ਉਹ ਕੈਨੇਡਾ ਜਾਣਾ ਚਾਹੁੰਦੀ ਹੈ, ਜੋ ਕਿ ਪਹਿਲਾਂ 2 ਸਾਲ ਸਿੰਘਾਪੁਰ ਰਹਿ ਕੇ ਆ ਚੁੱਕੀ ਹੈ। ਵੀਰਪਾਲ ਕੌਰ ਦੀਆਂ ਗੱਲਾਂ ’ਚ ਆ ਕੇ ਨੀਰਜ ਵੀ ਕੈਨੇਡਾ ਜਾਣ ਦੇ ਸੁਪਨੇ ਦੇਖਣ ਲੱਗ ਪਿਆ ਤੇ ਸੁਖਜਿੰਦਰ ਕੌਰ ਨਾਲ ਉਸ ਦੀ ਵੀ ਗੱਲ ਕਰਨ ਨੂੰ ਕਿਹਾ, ਜਿਸ ਤੋਂ ਬਾਅਦ ਵੀਰਪਾਲ ਕੌਰ ਨੇ ਆਪਣੀ ਭੈਣ ਨਾਲ ਨੀਰਜ ਦੀ ਗੱਲ ਕਰਵਾ ਦਿੱਤੀ, ਜਿਸ ਨੇ ਕੈਨੇਡਾ ਦੇ ਲਈ ਪਹਿਲਾਂ 15 ਲੱਖ ਰੁਪਏ ਤੇ ਬਾਅਦ ’ਚ 20 ਲੱਖ ਰੁਪਏ ਉਕਤ ਟ੍ਰੈਵਲ ਏਜੰਟ ਗਰੇਵਾਲ ਨੂੰ ਦੇਣ ਦੀ ਗੱਲ ਕਹੀ ਤੇ ਸ਼ਿਕਾਇਤਕਰਤਾ ਇਸ ਗੱਲ ਨੂੰ ਮੰਨ ਗਿਆ। ਜਿਸ ਦੇ ਬਾਅਦ ਨੀਰਜ 28 ਜਨਵਰੀ 2018 ਨੂੰ ਭਾਰਤ ਵਾਪਸ ਆਇਆ। ਮੁਲਾਕਾਤ ਕਰਨ ’ਤੇ ਟ੍ਰੈਵਲ ਏਜੰਟ ਨੇ ਦੱਸਿਆ ਕਿ ਉਹ ਪਹਿਲਾਂ ਇੰਡੋਨੇਸ਼ੀਆ ਤੇ ਫਿਰ ਕੈਨੇਡਾ ਭੇਜੇਗਾ ਤੇ ਦੋਵੇਂ ਭੈਣਾਂ ਤੇ ਸ਼ਿਕਾਇਤਕਰਤਾ ਦੇ ਇੰਡੋਨੇਸ਼ੀਆ ਦੇ ਇਕ ਹੋਟਲ ’ਚ ਕਮਰੇ ਬੁੱਕ ਕਰਵਾ ਦਿੱਤੇ। ਏਅਰਪੋਰਟ ’ਤੇ ਲੈਣ ਆਏ 2 ਨੌਜਵਾਨ :7 ਫਰਵਰੀ ਨੂੰ ਦੋਵੇਂ ਭੈਣਾਂ ਤੇ ਨੀਰਜ ਅੰਮ੍ਰਿਤਸਰ ਤੋਂ ਇੰਡੋਨੇਸ਼ੀਆ ਪਹੁੰਚ ਗਏ। ਜਿਥੇ ਏਅਰਪੋਰਟ ’ਤੇ ਲੈਣ ਆਏ 2 ਨੌਜਵਾਨ ਸੈਮੀ ਤੇ ਬੂਟਰ ਆਪਣੇ ਨਾਲ ਹੋਟਲ ’ਚ ਲੈ ਗਏ ਤੇ ਕਮਰੇ ਦਾ ਕਿਰਾਇਆ 100 ਡਾਲਰ ਤੇ 700 ਡਾਲਰ ਕੈਨੇਡਾ ਦਾ ਵੀਜ਼ਾ ਲਵਾਉਣ ਲਈ ਫਾਈਲ ਚਾਰਜ ਦੇ ਰੂਪ ’ਚ ਲੈ ਲਏ, ਜਿਸ ਦੇ 2 ਦਿਨਾਂ ਬਾਅਦ ਦੋਵੇਂ ਸ਼ਾਤਿਰ ਆਪਣੇ ਨਾਲ ਉਨ੍ਹਾਂ ਨੂੰ ਇਕ ਜਗ੍ਹਾ ’ਤੇ ਲੈ ਗਏ ਤੇ ਵੀਜ਼ਾ ਲਵਾਉਣ ਦੇ ਲਈ ਪਾਸਪੋਰਟ ਮੰਗਿਆ, ਭਾਰਤ ਟ੍ਰੈਵਲ ਏਜੰਟ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਸ ਨੇ ਪਾਸਪੋਰਟ ਦੇਣ ਨੂੰ ਕਿਹਾ, ਜਿਸ ਦੇ 2 ਦਿਨ ਬਾਅਦ ਫਿਰ ਤੋਂ 200 ਡਾਲਰ ਮੈਡੀਕਲ ਕਰਵਾਉਣ ਦੇ ਨਾਂ ’ਤੇ ਲਏ। 21 ਫਰਵਰੀ ਨੂੰ ਦੋਵੇਂ ਫਿਰ ਤੋਂ ਉਨ੍ਹਾਂ ਦੇ ਕੋਲ ਆਏ ਤੇ 2 ਸਾਲ ਦਾ ਵਰਕ ਪਰਮਿਟ ਲੱਗਣ ਦੀ ਗੱਲ ਕਹਿ ਕੇ ਪਾਸਪੋਰਟ ਦਿਖਾ ਦਿੱਤਾ ਤੇ 23 ਫਰਵਰੀ ਨੂੰ ਕੈਨੇਡਾ ਦੀ ਫਲਾਈਟ ਹੋਣ ਦੀ ਗੱਲ ਕਹੀ, ਜਿਸ ਦੇ ਬਾਅਦ ਦੋਵੇਂ ਵਾਪਸ ਨਹੀਂ ਆਏ। ਕਈ ਦਿਨਾਂ ਤੱਕ ਇੰਤਜ਼ਾਰ ਕਰਨ ਦੇ ਬਾਅਦ ਸ਼ਿਕਾਇਤਕਰਤਾ ਨੇ ਭੈਣਾਂ ਦੇ ਜ਼ਰੀਏ ਟ੍ਰੈਵਲ ਏਜੰਟ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਵਲੋਂ ਪਹਿਲਾਂ ਪੂਰੇ ਪੈਸੇ ਮੰਗਣ ’ਤੇ ਪਾਸਪੋਰਟ ਦੇਣ ਦੀ ਗੱਲ ਕਹੀ ਜਾ ਰਹੀ ਹੈ। ਪੈਸੇ ਦੇਣ ’ਤੇ ਮਿਲਿਆ 10 ਰੁਪਏ ਦਾ ਨੋਟ : ਨੀਰਜ ਨੇ ਦੱਸਿਆ ਕਿ ਜਿਸ ਦੇ ਬਾਅਦ ਉਸ ਨੇ ਭਾਰਤ ਆਪਣੇ ਮਾਤਾ-ਪਿਤਾ ਨਾਲ ਗੱਲ ਦੱਸੀ ਤੇ ਉਨ੍ਹਾਂ ਨੇ ਬੈਂਕ ਤੋਂ ਮਕਾਨ ਗਿਰਵੀ ਰੱਖ ਕੇ ਲੋਨ ਲੈ ਲਿਆ ਅਤੇ ਪੈਸੇ ਏਜੰਟ ਨੂੰ ਦੇਣ ਲਈ ਮੰਨ ਗਏ। ਏਜੰਟ ਨੇ ਮਾਤਾ-ਪਿਤਾ ਨੂੰ ਘੁੰਮਾਰ ਮੰਡੀ ਇਲਾਕੇ ’ਚ ਇਕ ਦੁਕਾਨ ’ਤੇ ਬੁਲਾਇਆ, ਜਿਥੇ ਨਾਲ ਗਏ ਨੀਰਜ ਦੇ ਜੀਜੇ ਨੇ ਪੈਸੇ ਦਿੰਦੇ ਸਮੇਂ ਦੀ ਵੀਡੀਓ ਬਣਾ ਲਈ। ਪੈਸੇ ਲੈਣ ’ਤੇ ਸ਼ਾਤਿਰਾਂ ਵਲੋਂ ਇਕ 10 ਰੁਪਏ ਦਾ ਨੋਟ ਦੇ ਕੇ ਕਿਹਾ ਗਿਆ ਕਿ ਇਸ ਨੂੰ ਦਿਖਾਉਣ ’ਤੇ ਇੰਡੋਨੇਸ਼ੀਆ ’ਚ ਬੈਠੇ ਉਨ੍ਹਾਂ ਦੇ ਸਾਥੀਆਂ ਨੂੰ ਪੇਮੈਂਟ ਮਿਲਣ ਬਾਰੇ ਪਤਾ ਲੱਗ ਜਾਵੇਗਾ।
ਵ੍ਹਾਈਟ ਪਾਸਪੋਰਟ ਰਾਹੀਂ ਵਾਪਸ ਪਹੁੰਚ ਕੇ ਬਚਾਈ ਜਾਨ :ਪੈਸੇ ਦੇਣ ਦੇ ਬਾਅਦ ਵੀ ਨੀਰਜ ਨੂੰ ਕੈਨੇਡਾ ਦਾ ਵੀਜ਼ਾ ਲੱਗਿਆ ਪਾਸਪੋਰਟ ਨਹੀਂ ਮਿਲਿਆ ਤੇ ਸਾਰਿਆਂ ਨੇ ਫੋਨ ਚੁੱਕਣੇ ਬੰਦ ਕਰ ਦਿੱਤੇ, ਬਿਨਾਂ ਪਾਸਪੋਰਟ ਦੇ ਰਹਿ ਰਹੇ ਨੌਜਵਾਨ ਨੇ ਭਾਰਤ ਆਪਣੇ ਮਾਤਾ-ਪਿਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਤੁਰੰਤ ਪੁਲਸ ’ਚ ਪਾਸਪੋਰਟ ਗੁੰਮ ਹੋਣ ਦੀ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹੀ। ਇਸ ਦੌਰਾਨ ਉਸ ਦਾ ਪਾਸਪੋਰਟ ਚੈੱਕ ਕਰਨ ਇਮੀਗ੍ਰੇਸ਼ਨ ਵਿਭਾਗ ਦੇ ਲੋਕ ਹੋਟਲ ’ਚ ਪਹੁੰਚ ਗਏ। ਨੀਰਜ ਦੇ ਅਨੁਸਾਰ ਜੇਕਰ ਉਸ ਨੇ ਪਾਸਪੋਰਟ ਚੋਰੀ ਦੀ ਰਿਪੋਰਟ ਨਾ ਲਿਖਵਾਈ ਹੁੰਦੀ ਤਾਂ ਉਸ ਨੂੰ ਸਾਰੀ ਉਮਰ ਜੇਲ ’ਚ ਰਹਿਣਾ ਪੈਂਦਾ, ਜਿਸ ਦੇ ਬਾਅਦ ਇੰਡੋਨੇਸ਼ੀਆ ਦੀ ਸਰਕਾਰ ਨੇ ਵ੍ਹਾਈਟ ਪਾਸਪੋਰਟ ਦੇ ਜ਼ਰੀਏ ਉਸ ਨੂੰ ਭਾਰਤ ਵਾਪਸ ਭੇਜਿਆ।
