ਠੱਗੀ ਕਰਨ ਵਾਲੇ ਨਟਵਰ ਲਾਲ ਖਿਲਾਫ ਚੌਥਾ ਮਾਮਲਾ ਦਰਜ

Thursday, Jun 28, 2018 - 01:30 AM (IST)

ਠੱਗੀ ਕਰਨ ਵਾਲੇ ਨਟਵਰ ਲਾਲ ਖਿਲਾਫ ਚੌਥਾ ਮਾਮਲਾ ਦਰਜ

ਅਬੋਹਰ(ਸੁਨੀਲ)–ਸਰਕਾਰੀ  ਤੇ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਨੂੰ ਸੁਚੇਤ ਰੱਖਣ ਲਈ ਵੱਖ-ਵੱਖ ਸਮੇਂ ’ਤੇ ਵੱਖ-ਵੱਖ ਨਿਰਦੇਸ਼ ਜਾਰੀ ਕਰਦੇ ਹਨ। ਇਸ ਦੇ ਬਾਵਜੂਦ ਚਲਾਕ ਲੋਕ ਆਮ ਜਨਤਾ ਨੂੰ ਆਪਣੀਆਂ ਗੱਲਾਂ ’ਚ ਫਸਾ ਕੇ ਉਨ੍ਹਾਂ ਦੀ ਜੀਵਨ ਭਰ ਦੀ ਕਮਾਈ ਲੈ ਕੇ ਫਰਾਰ ਹੋ ਜਾਂਦੇ ਹਨ। ਉਸ ਤੋਂ  ਬਾਅਦ ਧੋਖੇ ਦਾ ਸ਼ਿਕਾਰ ਹੋਏ ਨਿਵੇਸ਼ਕ  ਸਿਰਫ ਆਪਣੇ ਨਸੀਬ ਨੂੰ ਕੋਸਣ ਤੋਂ ਇਲਾਵਾ ਕੁਝ ਨਹੀਂ ਕਰ ਪਾਉਂਦਾ। ਨਵੀਂ ਘਟਨਾ ਅਬੋਹਰ ਵਾਸੀ ਦੇਵੀ ਲਾਲ ਵੱਲੋਂ ਬਠਿੰਡਾ ਦੇ ਮੈਹਨਾ ਚੌਕ ’ਚ ਸਥਾਪਤ ਕੋਆਪ੍ਰੇਟਿਵ ਕ੍ਰੈਡਿਟ ਥਰੈਪਟ ਸੋਸਾਇਟੀ  ਦੇ ਜ਼ਰੀਏ ਦਰਜਨਾਂ ਨਿਵੇਸ਼ਕਾਂ ਦੇ ਨਾਲ ਕੀਤੀਆਂ ਗਈਅਾਂ ਕਰੋਡ਼ਾਂ ਰੁਪਏ ਦੀਆਂ ਠੱਗੀਆਂ ਦੀਆਂ ਪਰਤਾਂ ਖੁੱਲ੍ਹਣ ਤੋਂ ਬਾਅਦ ਪੂਰੇ ਸ਼ਹਿਰ ’ਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਨਿਵੇਸ਼ਕਾਂ ਦੀਆਂ ਸ਼ਿਕਾਇਤਾਂ ’ਤੇ ਮੁਲਜ਼ਮ ਵਿਰੁੱਧ ਥਾਣਾ ਸਿਟੀ-1 ਤੇ ਥਾਣਾ ਸਿਟੀ-2 ਅਬੋਹਰ ’ਚ  4 ਮੁਕੱਦਮੇ ਦਰਜ ਕਰ ਲਏ ਗਏ ਹਨ। ਤਾਜ਼ਾ ਘਟਨਾ ’ਚ ਗਊਸ਼ਾਲਾ ਰੋਡ ਵਾਸੀ ਮਹਾਵੀਰ ਪ੍ਰਸਾਦ  ਪੁੱਤਰ ਰਾਮਰੱਖ ਨੇ 30 ਮਈ 2018 ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ  ਦੋਸ਼ ਲਾਇਆ ਕਿ ਮੈਹਨਾ ਚੌਕ ਬਠਿੰਡਾ ’ਚ ਸਥਿਤ ਦਿ ਬਠਿੰਡਾ ਬੈਂਕ ਇੰਪਲਾਈਜ਼ ਕੋਆਪ੍ਰੇਟਿਵ ਅਰਬਨ ਸੈਲਰੀ ਥਰੈਪਟ ਕ੍ਰੈਡਿਟ ਸੋਸਾਇਟੀ ਦੇ ਬਸੰਤ ਨਗਰੀ ਵਾਸੀ ਸਕੱਤਰ/ਪ੍ਰਬੰਧਕ ਦੇਵੀ ਲਾਲ ਪੁੱਤਰ ਚੁੰਨੀ ਲਾਲ ਨੇ ਉਕਤ ਸੋਸਾਇਟੀ  ਦੇ ਆਰ. ਡੀ. ਅਤੇ ਐੱਫ. ਡੀ. ਖਾਤਿਆਂ ’ਚ ਨਿਵੇਸ਼ ਕੀਤੇ ਹੋਏ 6, 55, 919 ਰੁਪਏ ਸ਼ਿਕਾਇਤਕਰਤਾ ਦੇ ਬਠਿੰਡੇ ਸੈਂਟਰਲ ਕੋਆਪ੍ਰੇਟਿਵ ਬੈਂਕ ਬਠਿੰਡਾ ਦੇ ਬੱਚਤ ਖਾਤੇ ’ਚ ਜਮ੍ਹਾ ਨਾ ਕਰਵਾ ਕੇ ਆਪ ਹਡ਼ੱਪ ਲਏ। ਮਹਾਵੀਰ ਪ੍ਰਸਾਦ ਦੀ ਸ਼ਿਕਾਇਤ ’ਤੇ ਮੁਲਜ਼ਮ ਦੇਵੀ  ਲਾਲ  ਵਿਰੁੱਧ ਥਾਣਾ ਸਿਟੀ-1 ਅਬੋਹਰ ’ਚ ਧਾਰਾ 420  ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਸੁਖਪਾਲ ਸਿੰਘ ਕਰ ਰਹੇ ਹਨ। ਇਸ ਤੋਂ ਇਲਾਵਾ ਪਹਿਲਾਂ ਡੀ. ਏ. ਵੀ. ਕੈਂਪਸ ਰੋਡ ਵਾਸੀ ਤੇ ਇੰਸ਼ੋਰੈਂਸ ਕੰਪਨੀ  ਦੇ ਅਧਿਕਾਰੀ ਰਾਜ ਕੁਮਾਰ  ਕੁੱਕਡ਼ ਪੁੱਤਰ ਵੇਦ ਪ੍ਰਕਾਸ਼ ਨੇ 11 ਜੂਨ 2018 ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੋਸ਼ ਲਾਏ ਸੀ ਕਿ ਬਠਿੰਡਾ ਬੈਂਕ ਇੰਪਲਾਈਜ਼ ਕੋਆਪ੍ਰੇਟਿਵ ਅਰਬਨ ਸੈਲਰੀ ਥਰੈਪਟ ਕ੍ਰੈਡਿਟ ਸੋਸਾਇਟੀ ਦੇ ਬਸੰਤ ਨਗਰੀ ਗਲੀ ਵਾਸੀ ਸਕੱਤਰ/ਪ੍ਰਬੰਧਕ ਦੇਵੀ ਲਾਲ ਨੇ ਉਸ ਨੂੰ ਉਕਤ ਸੋਸਾਇਟੀ  ਦੇ ਆਰ. ਡੀ. ਤੇ ਐੱਫ . ਡੀ. ਖਾਤਿਆਂ  ’ਚ ਨਿਵੇਸ਼ ਦਾ ਝਾਂਸਾ ਦੇ ਕੇ 7,5,200 ਰੁਪਏ ਦੀ ਠੱਗੀ  ਕਰ ਲਈ।   ਇਸ ਤੋਂ ਪਹਿਲਾਂ ਵੀ ਇਕ ਮਾਮਲੇ  ’ਚ ਸੁੰਦਰ ਨਗਰੀ ਵਾਸੀ ਜੀਵਨ ਛਾਬਡ਼ਾ ਤੇ ਉਸ ਦੀ ਪਤਨੀ ਸੰਗੀਤਾ ਰਾਣੀ ਦੇ ਨਾਲ 75 ਲੱਖ  ਰੁਪਏ ਦੀ ਠੱਗੀ ਕੀਤੀ ਹੈ।


Related News