80 ਕਰੋੜ ਦੀ ਟਰਾਂਜ਼ੈਕਸ਼ਨ, ਵੱਡਾ ਘਪਲਾ ਆ ਸਕਦੈ ਸਾਹਮਣੇ

Saturday, Feb 24, 2018 - 07:14 AM (IST)

80 ਕਰੋੜ ਦੀ ਟਰਾਂਜ਼ੈਕਸ਼ਨ, ਵੱਡਾ ਘਪਲਾ ਆ ਸਕਦੈ ਸਾਹਮਣੇ

ਸੁਨਾਮ ਊੁਧਮ ਸਿੰਘ ਵਾਲਾ(ਬਾਂਸਲ)—ਸੂਬੇ ਦੇ ਵੱਡੇ ਸ਼ਹਿਰਾਂ 'ਚ ਜੀ. ਐੱਸ. ਟੀ. ਦੇ ਬਿੱਲਾਂ ਦੇ ਘਪਲੇ ਦੀਆਂ ਕੁਝ ਖਬਰਾਂ ਸਾਹਮਣੇ ਆਈਆਂ ਸਨ ਅਤੇ ਹੁਣ ਸ਼ਹਿਰ ਵਿਚ ਕੁਝ ਫਰਮਾਂ ਨਾਲ ਕਈ ਕਰੋੜਾਂ ਦੇ ਕੱਟੇ ਗਏ ਬਿੱਲ ਚਰਚਾ ਜ਼ੋਰਾਂ 'ਤੇ ਹੈ। ਸ਼ਹਿਰ ਵਿਚ ਕੁਝ ਵਿਅਕਤੀਆਂ ਵੱਲੋਂ ਬਣਾਈਆਂ ਗਈਆਂ ਫਰਮਾਂ ਤੋਂ ਕੱਟੇ ਬਿੱਲਾਂ 'ਚ 80 ਕਰੋੜ ਰੁਪਏ ਦੀ ਟਰਾਂਜ਼ੈਕਸ਼ਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਕਰੀਬ 5-6 ਕਰੋੜ ਰੁਪਏ ਦੀ ਟੈਕਸ ਦੀ ਅਦਾਇਗੀ ਬਣਦੀ ਹੈ। ਸੂਤਰਾਂ ਮੁਤਾਬਕ ਕੁਝ ਵਿਅਕਤੀਆਂ ਵੱਲੋਂ ਗਰੁੱਪ ਬਣਾ ਕੇ ਹੋਰ ਲੋਕਾਂ ਦੇ ਨਾਂ 'ਤੇ ਫਰਮਾਂ ਬਣਾ ਕੇ ਉਨ੍ਹਾਂ 'ਚੋਂ ਬਿੱਲ ਕੱਟੇ ਜਾਂਦੇ ਹਨ। 18 ਫੀਸਦੀ ਜੀ. ਐੱਸ. ਟੀ. ਦੇਣ ਦੀ ਬਜਾਏ ਉਨ੍ਹਾਂ ਤੋਂ 7 ਫੀਸਦੀ ਲੈ ਕੇ ਜਿਥੇ ਬਿੱਲ ਲੈਣ ਵਾਲੇ ਨੂੰ ਫਾਇਦਾ ਦਿੱਤਾ ਜਾਂਦਾ ਹੈ, ਉਥੇ 7 ਫੀਸਦੀ ਦਾ ਆਪਣਾ ਫਾਇਦਾ ਕੀਤਾ ਜਾਂਦਾ ਹੈ। ਇਸ ਸਬੰਧੀ ਸਥਾਨਕ ਈ. ਟੀ. ਓ. ਰੋਹਿਤ ਅਗਰਵਾਲ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਇਹ ਮਾਮਲਾ ਆ ਚੁੱਕਾ ਹੈ। ਇਸ ਸਬੰਧੀ ਏ. ਈ. ਟੀ. ਸੀ. ਦਰਬਾਰਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ 5 ਫਰਮਾਂ ਅਜਿਹੀਆਂ ਆਈਆਂ ਹਨ, ਜਿਨ੍ਹਾਂ 'ਚੋਂ 80 ਕਰੋੜ ਦੀ ਟਰਾਂਜ਼ੈਕਸ਼ਨ ਹੋ ਚੁੱਕੀ ਹੈ ਅਤੇ ਜਿਨ੍ਹਾਂ ਦਾ ਟੈਕਸ 5-6 ਕਰੋੜ ਦੇ ਕਰੀਬ ਬਣਦਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਦੋਂ ਇੰਨੀ ਵੱਡੀ ਟਰਾਂਜ਼ੈਕਸ਼ਨ ਬਾਰੇ ਪਹਿਲਾਂ ਪਤਾ ਨਾ ਹੋਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਵੈਟ ਦੌਰਾਨ ਉਹ ਰੋਜ਼ਾਨਾ ਚੈੱਕ ਕਰ ਸਕਦੇ ਸਨ ਪਰ ਹੁਣ ਜੀ. ਐੱਸ. ਟੀ. ਤੋਂ ਬਾਅਦ ਜਦੋਂ ਰਿਟਰਨ ਫਾਈਲ ਹੁੰਦੀ ਹੈ, ਉਦੋਂ ਪਤਾ ਲਗਦਾ ਹੈ।


Related News