ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰਾਲੇ ਦੇ ਨਾਮ ''ਤੇ ਕੰਪਨੀ ਨਾਲ ਠੱਗੀ

Tuesday, Jan 02, 2018 - 06:32 AM (IST)

ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰਾਲੇ ਦੇ ਨਾਮ ''ਤੇ ਕੰਪਨੀ ਨਾਲ ਠੱਗੀ

ਠੱਗੀ ਕਰਨ ਵਾਲੇ ਮੁਲਜ਼ਮ 6 ਮਹੀਨਿਆਂ ਬਾਅਦ ਵੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ
ਮੋਹਾਲੀ(ਕੁਲਦੀਪ)-ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰਾਲਾ ਭਾਰਤ ਸਰਕਾਰ ਨਵੀਂ ਦਿੱਲੀ ਦੇ ਨਾਮ 'ਤੇ ਕੁਝ ਵਿਅਕਤੀਆਂ ਨੇ ਫਰਜ਼ੀ ਟੈਂਡਰ ਅੰਗਰੇਜ਼ੀ ਅਖਬਾਰ ਵਿਚ ਕੱਢ ਕੇ ਮੋਹਾਲੀ ਦੀ ਇਕ ਕੰਪਨੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਅੰਗਰੇਜ਼ੀ ਅਖਬਾਰ ਵਿਚ ਸੈਂਟਰ ਆਫ ਡਿਵੈੱਲਪਮੈਂਟ ਸਟੱਡੀਜ਼ (ਸੀ. ਡੀ. ਐੱਸ.), ਮਨਿਸਟਰੀ ਆਫ ਐੱਚ. ਆਰ. ਡੀ., ਗੌਰਮਿੰਟ ਆਫ ਇੰਡੀਆ ਦੇ ਨਾਮ 'ਤੇ ਟੈਂਡਰ ਪ੍ਰਕਾਸ਼ਿਤ ਹੋਇਆ ਸੀ, ਜਿਸ ਦਾ ਐਡਰੈੱਸ ਲੋਧੀ ਰੋਡ ਮਹਿਰੌਲੀ ਇੰਸਟੀਚਿਊਸ਼ਨਲ ਏਰੀਆ ਨਵੀਂ ਦਿੱਲੀ ਦੱਸਿਆ ਗਿਆ । ਸੀ. ਡੀ. ਐੱਸ. ਨੂੰ ਮੁਲਜ਼ਮਾਂ ਨੇ ਮਨਿਸਟਰੀ ਆਫ ਐੱਚ. ਆਰ. ਡੀ. ਭਾਰਤ ਸਰਕਾਰ ਅਧੀਨ ਅਟਾਨੋਮਸ ਬਾਡੀ ਵਿਖਾਇਆ ਸੀ । ਕ੍ਰਿਸ਼ਨਾ ਗੋਪਾਲ ਪਾਂਡੇ ਨੂੰ ਡਾਇਰੈਕਟਰ, ਮਹਿਲਾ ਜਾਹਿਰਾ ਰਫੀਕ ਨੂੰ ਡਾਇਰੈਕਟਰ ਪ੍ਰਾਜੈਕਟਸ, ਕੀਰਤੀ ਰਾਜ ਤ੍ਰਿਪਾਠੀ ਨੂੰ ਸੀਨੀਅਰ ਪ੍ਰਾਜੈਕਟਸ ਕੋਆਰਡੀਨੇਟਰ, ਤਸਲੀਮ ਖਾਨ ਨੂੰ ਅਸਿਸਟੈਂਟ ਪ੍ਰਾਜੈਕਟ ਕੋਆਰਡੀਨੇਟਰ ਅਤੇ ਵਿਸ਼ਨੂ ਪ੍ਰਸਾਦ ਸੱਲ ਨੂੰ ਅਕਾਊਂਟਸ ਅਫਸਰ ਵਿਖਾਇਆ ਗਿਆ ਸੀ । ਮੋਹਾਲੀ ਦੀ ਉਕਤ ਕੰਪਨੀ ਧੋਖੇ ਵਿਚ ਆ ਗਈ ਅਤੇ ਕੰਪਨੀ ਨੇ ਉਕਤ ਟੈਂਡਰ ਨਿਕਲਣ 'ਤੇ ਪੰਜ ਵੱਖ-ਵੱਖ ਅਰਜ਼ੀਆਂ ਦਿੱਤੀਆਂ ਸਨ ਅਤੇ 50 ਹਜ਼ਾਰ ਰੁਪਏ ਪ੍ਰਤੀ ਅਰਜ਼ੀ ਅਰਨੈਸਟ ਮਨੀ ਡਿਪਾਜ਼ਿਟ ਕਰਵਾਈ ਗਈ । ਉਸ ਤੋਂ ਬਾਅਦ ਹੋਏ ਪੱਤਰ ਵਿਵਹਾਰ ਤੋਂ ਬਾਅਦ ਸਟਾਫ ਦੀ ਟ੍ਰੇਨਿੰਗ ਲਈ ਸਾਢੇ 10 ਹਜ਼ਾਰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 15 ਲੋਕਾਂ ਦਾ ਪੈਸਾ ਵੀ ਜਮ੍ਹਾ ਕਰਵਾ ਲਿਆ। ਇਸ ਤਰ੍ਹਾਂ ਕੰਪਨੀ ਵੱਲੋਂ ਕੁਲ 4 ਲੱਖ 7 ਹਜ਼ਾਰ 500 ਰੁਪਏ ਜਮ੍ਹਾ ਕਰਵਾ ਦਿੱਤੇ ਗਏ। ਉਸ ਤੋਂ ਬਾਅਦ ਮੁਲਜ਼ਮਾਂ ਨੇ ਆਪਣੇ ਮੋਬਾਇਲ ਫੋਨ ਬੰਦ ਕਰ ਲਏ । ਬਾਅਦ ਵਿਚ ਜਦੋਂ ਟੈਂਡਰ ਦਾ ਕੋਈ ਅੱਗੇ ਪ੍ਰੋਸੈੱਸ ਹੀ ਨਹੀਂ ਚਲਿਆ ਤਾਂ ਮਨੁੱਖੀ ਸੋਮਿਆਂ ਬਾਰੇ ਵਿਕਾਸ ਮੰਤਰਾਲਾ ਭਾਰਤ ਸਰਕਾਰ ਨਵੀਂ ਦਿੱਲੀ ਦਫਤਰ ਤੋਂ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਵਿਭਾਗ ਵੱਲੋਂ ਕੋਈ ਅਜਿਹਾ ਟੈਂਡਰ ਹੀ ਨਹੀਂ ਦਿੱਤਾ ਗਿਆ । ਇਹ ਟੈਂਡਰ ਕਿਸੇ ਅਣਪਛਾਤੇ ਵਿਅਕਤੀਆਂ ਨੇ ਵਿਭਾਗ ਦਾ ਨਾਮ ਗਲਤ ਇਸਤੇਮਾਲ ਕਰਕੇ ਅਖਬਾਰ ਵਿਚ ਛਪਵਾਇਆ ਹੈ । ਕੰਪਨੀ ਨਾਲ ਹੋਈ ਠੱਗੀ ਦੀ ਸ਼ਿਕਾਇਤ ਮਿਲਣ 'ਤੇ ਪੁਲਸ ਵਲੋਂ ਮੋਹਾਲੀ ਦੇ ਫੇਜ਼-10 ਨਿਵਾਸੀ ਛਿੰਦਰ ਕੁਮਾਰ ਦੀ ਸ਼ਿਕਾਇਤ 'ਤੇ ਵਿਸ਼ਨੂ ਪ੍ਰਸਾਦ ਸੱਲ, ਤਸਲੀਮ ਖਾਨ, ਕੀਰਤੀ ਰਾਜ ਤ੍ਰਿਪਾਠੀ, ਜਾਹਿਰਾ ਰਫੀਕ, ਕ੍ਰਿਸ਼ਨਾ ਗੋਪਾਲ ਪਾਂਡੇ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਪੁਲਸ ਸਟੇਸ਼ਨ ਫੇਜ਼-1 ਵਿਚ ਆਈ. ਪੀ. ਸੀ. ਦੀ ਧਾਰਾ 475, 471, 464, 468, 120ਬੀ ਅਤੇ ਆਈ. ਟੀ. ਐਕਟ ਦੀ ਧਾਰਾ 66ਸੀ ਤਹਿਤ ਕੇਸ ਦਰਜ ਕੀਤਾ ਜਾ ਚੁੱਕਿਆ ਹੈ । ਸਾਰੇ ਮੁਲਜ਼ਮ ਦਿੱਲੀ ਦੇ ਰਹਿਣ ਵਾਲੇ ਹਨ, ਜੋ ਕਿ ਪੁਲਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਹੇ ਹਨ, ਪੁਲਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ ।


Related News