ਜਾਅਲੀ ਬਿੱਲ ਤੇ ਫਰਜ਼ੀ ਅਕਾਊਂਟ ਰਾਹੀਂ ਲੱਖਾਂ ਦੀ ਠੱਗੀ

Wednesday, Dec 06, 2017 - 06:13 AM (IST)

ਜਾਅਲੀ ਬਿੱਲ ਤੇ ਫਰਜ਼ੀ ਅਕਾਊਂਟ ਰਾਹੀਂ ਲੱਖਾਂ ਦੀ ਠੱਗੀ

ਜਲੰਧਰ(ਪ੍ਰੀਤ)-ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਠੱਗੀ ਦੇ ਮਾਮਲੇ ਵਿਚ ਲੁਧਿਆਣਾ ਦੇ ਇਕ ਇੰਡਸਟ੍ਰੀਲਿਸਟ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮ ਦੀ ਪਛਾਣ ਅੰਗਦ ਇੰਟਰਨੈਸ਼ਨਲ ਦੇ ਮਾਲਕ ਅੰਗਦ ਸਿੰਘ ਵਾਸੀ ਅਰਬਨ ਅਸਟੇਟ ਫੇਜ਼-1, ਜਮਾਲਪੁਰ ਲੁਧਿਆਣਾ ਵਜੋਂ ਹੋਈ ਹੈ। ਮੁਲਜ਼ਮ ਦੇ ਪਿਤਾ ਜਗਵਿੰਦਰ ਸਿੰਘ ਤੇ ਇਕ ਹੋਰ ਕੁਲਵੰਤ ਸਿੰਘ ਦੀ ਪੁਲਸ ਭਾਲ ਕਰ ਰਹੀ ਹੈ। ਜਲੰਧਰ ਦੇ ਗੁਰੂ ਨਾਨਕ ਟ੍ਰੇਡਰਜ਼ ਦੇ ਮਾਲਕ ਸਤਵਿੰਦਰਪਾਲ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ ਸੀ ਕਿ ਉਨ੍ਹਾਂ ਦਾ ਲੁਧਿਆਣਾ ਦੀ ਫਰਮ ਵਿਚ ਅੰਗਦ ਇੰਟਰਨੈਸ਼ਨਲ ਦੇ ਅੰਗਦ ਸਿੰਘ, ਅੰਗਦ ਦੇ ਪਿਤਾ ਜਗਵਿੰਦਰ ਸਿੰਘ ਦੀ ਫਰਮ ਕਰਤਾਰ ਰਬੜ ਪ੍ਰਾਈਵੇਟ ਲਿਮਟਿਡ ਤੇ ਇਕ ਹੋਰ ਕੁਲਵੰਤ ਸਿੰਘ ਦੀ ਫਰਮ ਐੱਸ. ਕੇ. ਇੰਟਰਨੈਸ਼ਨਲ ਦੇ ਨਾਲ ਕਾਰੋਬਾਰ ਸੀ। ਉਹ ਜਗਵਿੰਦਰ ਤੇ ਅੰਗਦ ਦੀ ਫਰਮ ਕੋਲੋਂ ਮਾਲ ਮੰਗਵਾ ਕੇ ਸਪਲਾਈ ਕਰਦੇ ਸਨ ਪਰ ਬਾਅਦ ਵਿਚ ਮਾਲ ਦੀ ਸ਼ਿਕਾਇਤ ਆਉਣ ਲੱਗੀ। ਉਨ੍ਹਾਂ ਕਾਰੋਬਾਰ ਬੰਦ ਕਰ ਦਿੱਤਾ ਪਰ ਬਾਅਦ ਵਿਚ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਲੋਕਾਂ ਨੇ ਉਨ੍ਹਾਂ ਦੀ ਫਰਮ ਦੇ ਜਾਅਲੀ ਬਿੱਲ ਤੇ ਬਿਲਟੀਆਂ ਤਿਆਰ ਕੀਤੀਆਂ ਤੇ ਫਰਜ਼ੀ ਅਕਾਊਂਟ ਖੁੱਲ੍ਹਵਾ ਕੇ ਲੱਖਾਂ ਦਾ ਫਰਾਡ ਕੀਤਾ। ਦੋਸ਼ ਹੈ ਕਿ ਉਕਤ ਵਿਅਕਤੀਆਂ ਨੇ ਸ਼ਿਕਾਇਤਕਰਤਾ ਨਾਲ 40 ਲੱਖ ਰੁਪਏ ਦਾ ਫਰਾਡ ਕੀਤਾ। ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੋਣ ਕਾਰਨ ਪੁਲਸ ਨੇ ਰਿਪੋਰਟ ਬਣਾ ਕੇ ਅਦਾਲਤ ਵਿਚ ਪੇਸ਼ ਕੀਤੀ ਤੇ ਅਦਾਲਤੀ ਹੁਕਮਾਂ 'ਤੇ ਕੁਝ ਸਮਾਂ ਪਹਿਲਾਂ ਕੇਸ ਦਰਜ ਕੀਤਾ ਗਿਆ। ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਏ. ਐੱਸ. ਆਈ. ਮੋਹਿੰਦਰ ਸਿੰਘ ਨੇ ਅੱਜ ਸਵੇਰੇ ਮੁਲਜ਼ਮ ਅੰਗਦ ਸਿੰਘ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰ ਲਿਆ। ਉਸਦੇ ਪਿਤਾ ਜਗਵਿੰਦਰ ਤੇ ਕੁਲਵੰਤ ਦੀ ਭਾਲ ਕੀਤੀ ਜਾ ਰਹੀ ਹੈ। 


Related News