ਮਹਿਲਾ ਦੁਕਾਨਦਾਰ ਦੀਆਂ ਵਾਲੀਆਂ ਲੈ ਕੇ ਫਰਾਰ ਹੋਏ ਠੱਗ
Tuesday, Dec 05, 2017 - 12:32 AM (IST)
ਫਿਰੋਜ਼ਪੁਰ(ਮਲਹੋਤਰਾ)—ਸ਼ਹੀਦਾਂ ਦੇ ਸ਼ਹਿਰ ਵਿਚ ਸੋਨਾ ਅਤੇ ਪੈਸੇ ਦੁੱਗਣੇ ਕਰਨ ਦੇ ਨਾਂ 'ਤੇ ਠੱਗੀਆਂ ਮਾਰਨ ਵਾਲਾ ਗਿਰੋਹ ਸਰਗਰਮ ਹੋ ਗਿਆ ਹੈ। ਸੋਮਵਾਰ ਸ਼ਾਮ ਟੋਕਰੀ ਬਾਜ਼ਾਰ ਵਿਚ ਗਿਰੋਹ ਦੇ ਤਿੰਨ ਮੈਂਬਰਾਂ ਨੇ ਇਕ ਔਰਤ ਦੁਕਾਨਦਾਰ ਨੂੰ ਗੱਲਾਂ ਵਿਚ ਲਾ ਲਿਆ ਤੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਲੈ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਦਿੰਦਿਆਂ ਮਿੱਟੀ ਦੇ ਭਾਂਡਿਆਂ ਦਾ ਕੰਮ ਕਰਨ ਵਾਲੀ ਨੀਲਮ ਰਾਣੀ ਨੇ ਦੱਸਿਆ ਕਿ ਉਹ ਆਪਣੀ ਦੁਕਾਨ 'ਤੇ ਬੈਠੀ ਹੋਈ ਸੀ ਕਿ ਕੁਝ ਵਿਅਕਤੀ ਉਸਦੀ ਦੁਕਾਨ 'ਤੇ ਆਏ, ਉਨ੍ਹਾਂ ਨੇ ਮਿੱਟੀ ਦੇ ਭਾਂਡੇ ਖਰੀਦਣ ਦੀ ਗੱਲ ਕਹੀ ਅਤੇ ਉਸ ਨੂੰ ਗੱਲਾਂ ਵਿਚ ਲਾ ਲਿਆ ਤੇ ਉਸ ਦੀਆਂ ਵਾਲੀਆਂ ਲੈ ਕੇ ਫਰਾਰ ਹੋ ਗਏ। ਇਸ ਸਬੰਧ ਵਿਚ ਥਾਣਾ ਸਿਟੀ ਦੇ ਮੁਖੀ ਜਸਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹਾਲੇ ਕੋਈ ਸ਼ਿਕਾਇਤ ਨਹੀਂ ਆਈ। ਜਿਵੇਂ ਹੀ ਸ਼ਿਕਾਇਤ ਆਵੇਗੀ ਤਾਂ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
