ਸ਼ੈਲਰ ਮਿੱਲਰਾਂ ਅਤੇ ਆੜ੍ਹਤੀਆਂ ਦੀ ਮਿਲੀਭੁਗਤ ਨਾਲ ਕਿਸਾਨਾਂ ਨੂੰ ਲੱਗ ਰਿਹੈ ਚੂਨਾ

Tuesday, Oct 31, 2017 - 12:35 AM (IST)

ਮੰਡੀ ਲਾਧੂਕਾ(ਸੰਧੂ)-ਭਾਵੇਂ ਸਰਕਾਰ ਵੱਲੋਂ ਅਨਾਜ ਮੰਡੀਆਂ 'ਚ ਕਿਸਾਨਾਂ ਦੇ ਆਰਥਿਕ ਸ਼ੋਸ਼ਣ ਖਿਲਾਫ ਸਖਤ ਕਾਰਵਾਈ ਕਰਨ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਹਕੀਕਤ 'ਚ ਮੰਡੀਆਂ 'ਚ ਆਪਣੀ ਫਸਲ ਨੂੰ ਲਿਆ ਕੇ ਵੇਚ ਰਹੇ ਕਿਸਾਨ ਸ਼ੈਲਰ ਮਿੱਲਰਾਂ ਅਤੇ ਆੜ੍ਹਤੀਆਂ ਦੀ ਮਿਲੀਭੁਗਤ ਕਾਰਨ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਜਾਣਕਾਰੀ ਅਨੁਸਾਰ ਅਨਾਜ ਮੰਡੀਆਂ 'ਚ ਕਿਸਾਨਾਂ ਦੀ ਬਾਸਮਤੀ ਦੀ ਫਸਲ ਸ਼ੈਲਰ ਮਿੱਲਰਾਂ ਵੱਲੋਂ ਖਰੀਦੀ ਜਾ ਰਹੀ ਹੈ ਪਰ ਉਨ੍ਹਾਂ ਵੱਲੋਂ ਭੇਜਿਆ ਜਾ ਰਿਹਾ ਬਾਰਦਾਨਾ 550 ਗ੍ਰਾਮ ਹੈ ਪਰ ਕਿਸਾਨਾਂ ਕੋਲੋਂ ਇਸ ਦੀ ਕਾਟ 700 ਗ੍ਰਾਮ ਕੱਟੀ ਜਾ ਰਹੀ ਹੈ ਅਤੇ 150 ਗ੍ਰਾਮ ਪ੍ਰਤੀ ਗੱਟੇ ਦੇ ਹਿਸਾਬ ਨਾਲ ਕਿਸਾਨਾਂ ਦਾ ਝੋਨਾ ਵਧ ਲਿਆ ਜਾ ਰਿਹਾ ਹੈ ਅਤੇ ਇਹ ਵਧ ਝੋਨਾ ਕਿਸ ਦੇ ਖਾਤੇ 'ਚ ਜਾ ਰਿਹਾ ਹੈ, ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ 'ਚ ਨਿਯਮਾਂ ਨੂੰ ਛਿੱਕੇ ਟੰਗ ਕੇ ਉਨ੍ਹਾਂ ਦੀ ਆਰਥਿਕ ਲੁੱਟ ਹੋ ਰਹੀ ਹੈ ਪਰ ਜੇਕਰ ਅਸੀਂ ਆੜ੍ਹਤੀਆਂ ਨਾਲ ਇਸ ਬਾਰੇ ਗੱਲਬਾਤ ਕਰਦੇ ਹਾਂ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕਮੇਟੀ ਵੱਲੋਂ ਹੀ 700 ਗ੍ਰਾਮ ਗੱਟਾ ਕੱਟੇ ਜਾਣ ਦੀਆਂ ਹਦਾਇਤਾਂ ਹਨ। ਉਧਰ ਇਸ ਸਬੰਧੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਵਿਨਾਸ਼ ਕਮਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਵਾਂ ਬਾਰਦਾਨਾ 580 ਗ੍ਰਾਮ ਹੈ ਅਤੇ ਉਸ ਨੂੰ 600 ਗ੍ਰਾਮ ਤੋਲਿਆ ਜਾ ਰਿਹਾ ਹੈ ਅਤੇ ਪੁਰਾਣਾ ਬਾਰਦਾਨਾ ਕਮੇਟੀ ਵੱਲੋਂ 700 ਗ੍ਰਾਮ ਦਾ ਪਾਸ ਕੀਤਾ ਹੋਇਆ ਹੈ। ਇਸ ਸਬੰਧੀ ਮਾਰਕੀਟ ਕਮੇਟੀ ਸੈਕਟਰੀ ਕਨਵਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੰਡੀਆਂ 'ਚ ਸਰਕਾਰੀ ਹਦਾਇਤਾਂ ਮੁਤਾਬਕ ਹੀ ਬਾਰਦਾਨੇ ਦਾ ਤੋਲ ਕੀਤਾ ਜਾ ਰਿਹਾ ਹੈ ਪਰ ਜੇਕਰ ਕਿਸੇ ਜ਼ਿਮੀਂਦਾਰ ਨੂੰ ਸ਼ਿਕਾਇਤ ਹੈ ਤਾਂ ਉਹ ਲਿਖਤੀ 'ਚ ਸ਼ਿਕਾਇਤ ਕਰਨ, ਕਾਰਵਾਈ ਕੀਤੀ ਜਾਵੇਗੀ। 


Related News