ਲੱਖਾਂ ਦੀ ਠੱਗੀ ਮਾਰਨ ਵਾਲੇ ਅਜਿਹਾ ਭੱਜੇ ਕਿ ਮੁੜ ਵਾਪਸ ਨਹੀਂ ਆਏ

Sunday, Sep 17, 2017 - 04:06 AM (IST)

ਲੱਖਾਂ ਦੀ ਠੱਗੀ ਮਾਰਨ ਵਾਲੇ ਅਜਿਹਾ ਭੱਜੇ ਕਿ ਮੁੜ ਵਾਪਸ ਨਹੀਂ ਆਏ

ਦੋਰਾਹਾ(ਗੁਰਮੀਤ ਕੌਰ)-ਪਿਛਲੇ ਕੁਝ ਕੁ ਮਹੀਨੇ ਪਹਿਲਾਂ ਦੋਰਾਹਾ ਵਿਖੇ ਰਾਜਵੰਤ ਰੋਡ 'ਤੇ ਖੁੱਲ੍ਹੀ ਹਰੀ ਓਮ ਏਜੰਸੀ ਵਲੋਂ ਲੋਕਾਂ ਨੂੰ ਭਾਰੀ ਛੋਟ ਦੇ ਨਾਂ 'ਤੇ ਲੱਖਾਂ ਰੁਪਿਆਂ ਦੀ ਠੱਗੀ ਮਾਰਨ ਵਾਲੇ ਲੱਖਾਂ ਰੁਪਏ ਬਟੋਰ ਕੇ ਦੋਰਾਹਾ ਸ਼ਹਿਰ ਵਿਚੋਂ ਇਸ ਕਦਰ ਭੱਜੇ ਕਿ ਮੁੜ ਵਾਪਸ ਨਹੀਂ ਆਏ। ਉਧਰ ਦੂਜੇ ਪਾਸੇ ਭਾਰੀ ਛੋਟ 'ਤੇ ਸਾਮਾਨ ਲੈਣ ਲਈ ਪੈਸੇ ਜਮ੍ਹਾ ਕਰਵਾਉਣ ਵਾਲੇ ਲੋਕ ਆਪਣੇ ਡੁੱਬੇ ਪੈਸੇ ਹਾਸਲ ਕਰਨ ਲਈ ਤਰਲੋ ਮੱਛੀ ਹੋ ਕੇ ਇੰਤਜ਼ਾਰ ਕਰ ਰਹੇ ਹਨ ਅਤੇ ਲੋਕਾਂ ਦੇ ਮਨਾਂ 'ਚੋਂ ਇਹ ਸ਼ਬਦ ਨਿਕਲ ਰਹੇ ਹਨ ਕਿ 'ਮੇਲ ਕਰਾ ਦੇ ਰੱਬਾ' ਭਾਵ ਕਿ ਹਰੀ ਓਮ ਏਜੰਸੀ ਵਾਲੇ ਵਾਪਸ ਆ ਜਾਣ ਅਤੇ ਉਨ੍ਹਾਂ ਦੇ ਪੈਸੇ ਵਾਪਸ ਮਿਲ ਜਾਣ। ਹੋਇਆ ਇੰਝ ਸੀ ਕਿ ਸ਼ਹਿਰ 'ਚ ਹਰੀ ਓਮ ਏਜੰਸੀ ਜਿਸ 'ਚ ਇਲੈਕਟ੍ਰਾਨਿਕ ਦਾ ਸਾਮਾਨ, ਡਬਲ ਬੈੱਡ, ਅਲਮਾਰੀਆਂ, ਭਾਂਡੇ, ਫੋਨ, ਲੈਪਟਾਪ, ਵਾਸ਼ਿੰਗ ਮਸ਼ੀਨਾਂ ਆਦਿ ਤੋਂ ਇਲਾਵਾ ਹੋਰ ਸਾਮਾਨ ਭਾਰੀ ਛੋਟ 'ਤੇ ਮਿਲਣ ਦੀ ਖਬਰ ਦਾ ਲੋਕਾਂ ਨੂੰ ਜਿਵੇਂ ਹੀ ਪਤਾ ਲੱਗਾ ਤਾਂ ਲੋਕਾਂ ਨੇ ਹੁੰਮ-ਹੁਮਾ ਕੇ ਏਜੰਸੀ 'ਚ ਪਹੁੰਚਣਾ ਸ਼ੁਰੂ ਕਰ ਦਿੱਤਾ। ਏਜੰਸੀ ਦੇ ਨੁਮਾਇੰਦਿਆਂ ਵੱਲੋਂ ਲੋਕਾਂ ਨੂੰ ਐਡਵਾਸ ਪੈਸੇ ਲੈ ਕੇ 10 ਦਿਨ ਬਾਅਦ ਸਾਮਾਨ ਮਿਲਣ ਦੀ ਰਸੀਦ ਕੱਟ ਕੇ ਦੇ ਦਿੱਤੀ ਜਾਂਦੀ ਸੀ ਅਤੇ ਘੱਟ ਪੈਸਿਆਂ 'ਚ ਵਧੀਆ ਸਾਮਾਨ ਲੈਣ ਦੇ ਲਾਲਚ 'ਚ ਲੋਕਾਂ ਨੇ ਧੜਾਧੜ ਬੁਕਿੰਗਾਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਪਰ ਜਿਉਂ ਹੀ ਏਜੰਸੀ ਕੋਲ ਲੱਖਾਂ ਰੁਪਏ ਇਕੱਠੇ ਹੋਏ ਤਾਂ ਏਜੰਸੀ ਵਾਲੇ ਦੁਕਾਨ ਬੰਦ ਕਰਕੇ ਰਫੂਚੱਕਰ ਹੋ ਗਏ। ਕਈ ਦਿਨ ਬੀਤਣ ਦੇ ਬਾਅਦ ਜਦੋਂ ਏਜੰਸੀ ਦੇ ਨੁਮਾਇੰਦੇ ਵਾਪਸ ਨਾ ਆਏ ਤਾਂ ਠੱਗੇ ਹੋਣ ਦਾ ਅਹਿਸਾਸ ਹੋਣ 'ਤੇ ਲੋਕਾਂ ਨੇ ਦੋਰਾਹਾ ਥਾਣਾ 'ਚ ਏਜੰਸੀ ਖਿਲਾਫ ਦਰਖਾਸਤ ਦਰਜ ਕਰਵਾ ਦਿੱਤੀ।  ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਏਜੰਸੀ ਦੇ ਨੁਮਾਇੰਦਿਆਂ ਦਾ ਕੁਝ ਪਤਾ ਨਾ ਲੱਗਣਾ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ, ਕਿਉਂਕਿ ਜੇਕਰ ਪੁਲਸ ਪ੍ਰਸ਼ਾਸਨ ਅਜਿਹੇ ਠੱਗੀ ਭਰੇ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਵੇਗਾ ਤਾਂ ਆਉਣ ਵਾਲੇ ਸਮੇਂ 'ਚ ਠੱਗੀ ਮਾਰਨ ਵਾਲੇ ਲੋਕਾਂ ਦੇ ਹੌਂਸਲੇ ਹੋਰ ਵੀ ਬੁਲੰਦ ਹੋ ਜਾਣਗੇ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਕਿ ਏਜੰਸੀ ਵਾਲਿਆਂ ਨੇ ਇਕ ਜੀ. ਐੱਸ. ਟੀ. ਨੰਬਰ ਵੀ ਲਿਆ ਹੋਇਆ ਸੀ। ਦੂਜੇ ਪਾਸੇ ਦੋਰਾਹਾ ਪੁਲਸ ਵਲੋਂ ਲੋਕਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਹਾਲੇ ਤਕ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ। ਜਦੋਂ ਇਸ ਸੰਬੰਧੀ ਥਾਣਾ ਦੋਰਾਹਾ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨਾਲ ਫੋਨ 'ਤੇ ਗੱਲ ਕੀਤੀ ਕਿ ਉਨ੍ਹਾਂ ਇਥੇ ਕੁਝ ਦਿਨ ਪਹਿਲਾਂ ਹੀ ਅਹੁਦਾ ਸੰਭਾਲਿਆ ਹੈ ਅਤੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।


Related News