ਸਸਤਾ ਲੋਨ ਦਿਵਾਉਣ ਦੇ ਨਾਂ ''ਤੇ ਕਰੋੜਾਂ ਦੀ ਠੱਗੀ, ਕੰਪਨੀ ਫਰਾਰ
Saturday, Sep 09, 2017 - 06:11 AM (IST)
ਬਠਿੰਡਾ(ਸੁਖਵਿੰਦਰ)-ਇਕ ਕੰਪਨੀ ਲੋਕਾਂ ਨੂੰ ਸਸਤਾ ਲੋਨ ਦਿਵਾਉਣ ਦੇ ਨਾਂ 'ਤੇ ਲੋਕਾਂ ਦੇ ਕਰੋੜਾਂ ਰੁਪਏ ਲੈ ਕੇ ਫਰਾਰ ਹੋ ਗਈ। ਪੀੜਤ ਲੋਕਾਂ ਵੱਲੋਂ ਐੱਸ. ਐੱਸ. ਪੀ. ਨੂੰ ਮਿਲ ਕੇ ਉਕਤ ਕੰਪਨੀ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਅਜੀਤ ਰੋਡ 'ਤੇ ਇਕ ਕੰਪਨੀ ਵੱਲੋਂ ਸਸਤਾ ਲੋਨ ਦਿਵਾਉਣ ਦੇ ਨਾਂ 'ਤੇ ਦਫ਼ਤਰ ਖੋਲ੍ਹਿਆ ਗਿਆ ਸੀ। ਇਸ ਦੌਰਾਨ ਉਕਤ ਕੰਪਨੀ ਨੇ ਲੋਕਾਂ ਨੂੰ ਸਬਸਿਡੀ 'ਤੇ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਆਪਣੇ ਜਾਲ ਵਿਚ ਫਸਾ ਲਿਆ। ਕੰਪਨੀ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸਬਸਿਡੀ 'ਤੇ ਲੋਨ ਦਿਵਾਉਣ ਬਦਲੇ ਇਕ ਲੱਖ ਬਦਲੇ 10 ਹਜ਼ਾਰ ਰੁਪਏ ਪਹਿਲਾਂ ਜਮ੍ਹਾ ਕਰਵਾਏ ਜਾਂਦੇ ਸਨ। ਜਾਣਕਾਰੀ ਦਿੰਦਿਆਂ ਪੀੜਤ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਨ ਲੈਣ ਲਈ ਕੰਪਨੀ ਕੋਲ 60 ਹਜ਼ਾਰ ਰੁਪਏ ਜਮ੍ਹਾ ਕਰਵਾਏ ਗਏ ਸਨ। ਉਨ੍ਹਾਂ ਦੱਸਿਆ ਸੀ ਕਿ ਇਕ ਲੱਖ ਰੁਪਏ ਦਾ ਲੋਨ ਲੈਣ 'ਤੇ 30 ਫੀਸਦੀ ਸਬਸਿਡੀ ਦੇਣ ਦਾ ਲਾਲਚ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜਦੋਂ ਉਹ ਆਪਣਾ ਲੋਨ ਲੈਣ ਲਈ ਗਏ ਤਾਂ ਦਫ਼ਤਰ ਨੂੰ ਤਾਲਾ ਲੱਗਾ ਹੋਇਆ ਸੀ। ਇਸ ਤੋਂ ਬਾਅਦ ਜਦੋਂ ਕੰਪਨੀ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜਲਦੀ ਹੀ ਲੋਨ ਦੇਣ ਦਾ ਭਰੋਸਾ ਦਿਵਾਇਆ ਸੀ। ਇਸ ਤੋਂ ਬਾਅਦ ਕੰਪਨੀ ਦੇ ਅਧਿਕਾਰੀਆਂ ਨੇ ਫੋਨ ਬੰਦ ਕਰ ਦਿੱਤੇ। ਅਮਨਦੀਪ ਕੌਰ, ਪਰਮਜੀਤ ਕੌਰ ਵਾਸੀ ਜੰਡਵਾਲਾ, ਨਸੀਬ ਕੌਰ ਵਾਸੀ ਜੰਡਵਾਲਾ, ਪਰਮਜੀਤ ਕੌਰ ਵਾਸੀ ਜੰਡਵਾਲਾ ਤੇ ਬਲਜੀਤ ਕੌਰ ਨੇ ਕਿਹਾ ਕਿ ਉਕਤ ਕੰਪਨੀ 'ਚ ਪਿੰਡਾਂ ਦੀਆ ਗਰੀਬ ਔਰਤਾਂ ਦੇ ਵੀ ਲੱਖਾਂ ਰੁਪਏ ਲੱਗੇ ਹੋਏ ਹਨ। ਇਸ ਤੋਂ ਬਾਅਦ ਪੀੜਤ ਲੋਕਾਂ ਵੱਲੋਂ ਇਕੱਠੇ ਹੋ ਕਿ ਥਾਣਾ ਸਿਵਲ ਲਾਈਨ ਨੂੰ ਉਕਤ ਠੱਗੀ ਖਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਗਈ। ਇਸ ਤੋਂ ਇਲਾਵਾ ਐੱਸ. ਐੱਸ. ਪੀ. ਨੂੰ ਮਿਲ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਕੰਪਨੀ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਐੱਸ. ਐੱਸ. ਪੀ. ਵੱਲੋਂ ਜਲਦੀ ਹੀ ਕੰਪਨੀ ਮੁਲਾਜ਼ਮਾਂ ਖਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ।
ਲੋਨ ਦੇਣ ਲਈ ਔਰਤਾਂ ਦੇ ਬਣਾਏ ਸਨ ਗਰੁੱਪ
ਠੱਗੀ ਮਾਰਨ ਵਾਲੀ ਕੰਪਨੀ ਵੱਲੋਂ ਲੋਨ ਦੇਣ ਲਈ ਪਿੰਡਾਂ ਅਤੇ ਸ਼ਹਿਰਾਂ ਦੀਆਂ ਔਰਤਾਂ ਦੇ ਗਰੁੱਪ ਬਣਾਏ ਗਏ ਸਨ, ਜੋ ਆਪਣੇ ਆਸ-ਪਾਸ ਦੀਆਂ ਔਰਤਾਂ ਦੇ ਪੈਸੇ ਇਕੱਠੇ ਕਰ ਕੇ ਲਗਾਉਂਦੀਆਂ ਸਨ। ਇਸ ਤੋਂ ਇਲਾਵਾ ਗਰੁੱਪ ਦੇ ਇਕ ਮੈਂਬਰ ਨੂੰ ਹੀ ਪੈਸੇ ਦਿੱਤੇ ਜਾਂਦੇ ਸਨ ਜੋ ਅੱਗੇ ਲੋਕਾਂ ਨੂੰ ਪੈਸੇ ਦਿੰਦੇ ਸਨ। ਲੋਨ ਦੇਣ ਦੀ ਰਕਮ 'ਚੋਂ ਵੀ ਕੰਪਨੀ ਦੇ ਅਧਿਕਾਰੀਆਂ ਵੱਲੋਂ 20 ਫੀਸਦੀ ਪੈਸੇ ਵਾਪਸ ਲੈ ਲਏ ਜਾਂਦੇ ਸਨ।
