ਟੈਲੀਫੋਨ ''ਤੇ ਮਾਰੀ 10 ਲੱਖ ਦੀ ਠੱਗੀ
Friday, Sep 01, 2017 - 06:57 AM (IST)

ਝਬਾਲ (ਨਰਿੰਦਰ)-ਬੇਸ਼ਕ ਵੱਖ-ਵੱਖ ਪ੍ਰਚਾਰ ਸਾਧਨਾਂ ਰਾਹੀਂ ਲੋਕਾਂ ਨੂੰ ਕੁਝ ਠੱਗ ਕਿਸਮ ਦੇ ਲੋਕਾਂ ਕੋਲੋਂ ਬਚ ਕੇ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਇਹ ਠੱਗ ਕਿਸੇ ਨਾ ਕਿਸੇ ਤਰੀਕੇ ਨਾਲ ਕੁਝ ਭਲੇਮਾਣਸ ਲੋਕਾਂ ਨੂੰ ਆਪਣੀਆਂ ਮੋਮੋ ਠੱਗਣੀਆਂ ਗੱਲਾਂ ਵਿਚ ਫਸਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਠੱਗ ਹੀ ਲੈਂਦੇ ਹਨ, ਜਿਸ ਦੀ ਤਾਜ਼ਾ ਮਿਸਾਲ ਝਬਾਲ ਨੇੜੇ ਬਾਬਾ ਲੰਗਾਹ ਪੰਚਾਇਤ ਦੇ ਇਕ ਵਿਅਕਤੀ ਨੂੰ ਟੈਲੀਫੋਨ 'ਤੇ ਉਸ ਦੀ 50 ਲੱਖ ਦੀ ਲਾਟਰੀ ਨਿਕਲਣ ਦੀ ਗੱਲ ਕਹਿ ਕੇ ਉਸ ਕੋਲੋਂ ਥੋੜ੍ਹੇ-ਥੋੜ੍ਹੇ ਕਰ ਕੇ 10 ਲੱਖ ਰੁਪਏ ਠੱਗ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।
ਦਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਬਾਬਾ ਲੰਗਾਹ ਨੇ ਠੱਗਾਂ ਵੱਲੋਂ ਭੇਜੇ 25 ਲੱਖ 57 ਹਜ਼ਾਰ ਦੇ ਦੋ ਚੈੱਕ ਵਿਖਾਉਂਦਿਆਂ ਦੱਸਿਆ ਕਿ ਅਗਸਤ 2016 ਵਿਚ ਉਸ ਨੂੰ ਇਕ ਕਾਲ ਆਈ, ਜਿਸ 'ਤੇ ਬੋਲਣ ਵਾਲੇ ਵਿਅਕਤੀ ਨੇ ਕਿਹਾ ਕਿ ਤੁਹਾਡੀ 50 ਲੱਖ ਦੀ ਲਾਟਰੀ ਨਿਕਲੀ ਹੈ, ਇਸ ਲਈ ਤੁਸੀਂ 20 ਹਜ਼ਾਰ ਰੁਪਏ ਤੁਰੰਤ ਦੱਸੇ ਅਡਰੈਸ 'ਤੇ ਭੇਜੋ, ਜਿਸ 'ਤੇ ਉਸ ਨੇ ਲਾਲਚ ਵਿਚ ਆ ਕੇ 20 ਹਜ਼ਾਰ ਭੇਜ ਦਿੱਤੇ ਅਤੇ ਉਸ ਦੇ ਬਾਅਦ ਲਗਾਤਰ ਥੋੜ੍ਹੇ-ਥੋੜ੍ਹੇ ਕਰ ਕੇ ਉਨ੍ਹਾਂ ਵੱਲੋਂ ਪੈਸੇ ਮੰਗਣ ਦਾ ਸਿਲਸਿਲਾ ਜਾਰੀ ਰਿਹਾ ਅਤੇ ਹੁਣ ਤੱਕ ਉਸ ਕੋਲੋਂ 10 ਲੱਖ ਰੁਪਏ ਠੱਗ ਚੁੱਕੇ ਹਨ। ਉਸ ਨੇ ਕਿਹਾ ਕਿ ਉਸ ਦਾ ਭਰੋਸਾ ਪੱਕਾ ਕਰਨ ਲਈ ਉਨ੍ਹਾਂ ਉਸ ਨੂੰ ਡਾਕ ਰਾਹੀਂ ਬੈਂਕ ਦੇ ਦੋ ਚੈੱਕ ਵੀ ਭੇਜੇ। ਜਦੋਂ ਉਸ ਨੇ ਉਨ੍ਹਾਂ ਨੂੰ ਬੈਂਕ ਵਿਚ ਲਾਇਆ ਤਾਂ ਉਹ ਚੈੱਕ ਬਾਊਂਸ ਹੋ ਗਏ। ਹੁਣ ਪੀੜਤ ਪੁਲਸ ਪ੍ਰਸ਼ਾਸਨ ਕੋਲੋਂ ਠੱਗ ਵਿਰੁੱਧ ਟੈਲੀਫੋਨ ਨੰਬਰਾਂ ਰਾਹੀਂ ਪਤਾ ਲਗਾ ਕੇ ਇਨਸਾਫ ਦੀ ਮੰਗ ਕਰ ਰਿਹਾ ਹੈ।