ਪਤੀ ਨੂੰ ਤਲਾਕ ਦਿੱਤੇ ਬਿਨ੍ਹਾਂ ਕਰਵਾਇਆ ਚੌਥਾ ਵਿਆਹ, ਮਾਮਲਾ ਦਰਜ
Tuesday, Jan 28, 2020 - 10:03 PM (IST)
ਮੋਗਾ, (ਆਜ਼ਾਦ)— ਪਤੀ ਨੂੰ ਤਲਾਕ ਦਿੱਤੇ ਬਿਨ੍ਹਾਂ ਚੋਥਾ ਵਿਆਹ ਕਰਵਾਉਣ ਦੇ ਦੋਸ਼ 'ਚ ਪੁਲਸ ਨੇ ਜਾਂਚ ਉਪਰੰਤ ਔਰਤ ਸਮੇਤ ਉਸ ਦੇ ਪੰਜ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਔਰਤ ਵਲੋਂ ਆਪਣੇ ਪਤੀਆਂ ਨੂੰ ਦੋਸਤੀ ਤੇ ਪ੍ਰੇਮ ਜਾਲ 'ਚ ਫਸਾ ਕੇ ਜਬਰ-ਜ਼ਨਾਹ ਦਾ ਕੇਸ, ਵਿਆਹ ਜਾਂ ਲੱਖਾਂ ਰੁਪਏ ਦੀ ਡਿਮਾਂਡ ਕੀਤੀ ਜਾਂਦੀ ਸੀ। ਔਰਤ ਨੇ ਆਪਣੀਆਂ ਚਚੇਰੀਆਂ ਭੈਣਾਂ ਤੇ ਹੋਰ ਲੋਕਾਂ ਨਾਲ ਜੁੜ ਕੇ ਗਿਰੋਹ ਬਣਾਇਆ ਸੀ। ਤਿੰਨ ਸਾਲ ਪਹਿਲਾਂ ਸ਼ਿਕਾਇਤਕਰਤਾ ਖਿਲਾਫ ਦਾਜ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ, ਜੋ ਕਿ ਅਦਾਲਤ 'ਚ ਵਿਚਾਰ ਅਧੀਨ ਹੈ।
ਥਾਣਾ ਸਿਟੀ-1 ਦੇ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਚੱਕੀ ਵਾਲੀ ਗਲੀ ਮੋਗਾ ਨਿਵਾਸੀ ਕਮਲਜੀਤ ਸਿੰਘ ਨਾਂ ਦੇ ਨੌਜਵਾਨ ਨੇ 5 ਦਸੰਬਰ, 2019 ਨੂੰ ਐੱਸ. ਐੱਸ. ਪੀ. ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਉਹ ਫਰੀਦਕੋਟ ਦੇ ਦੀਪ ਸਿੰਘ ਵਾਲਾ ਦਾ ਰਹਿਣ ਵਾਲਾ ਹੈ। ਅਗਸਤ 2016 'ਚ ਅਮਨਦੀਪ ਕੌਰ ਨਿਵਾਸੀ ਦੋਦੜਾ ਜ਼ਿਲ੍ਹਾ ਮਾਨਸਾ ਨਾਲ ਉਸ ਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦੇ 3 ਵਿਆਹ ਪਹਿਲਾਂ ਹੀ ਹੋ ਚੁੱਕੇ ਹਨ। ਪਹਿਲਾ ਵਿਆਹ ਸਰਬਜੀਤ ਸਿੰਘ ਨਿਵਾਸੀ ਭੰਮੇ ਖੁਰਦ ਜ਼ਿਲ੍ਹਾ ਮਾਨਸਾ ਨਾਲ ਹੋਇਆ ਸੀ। ਪਹਿਲੇ ਵਿਆਹ ਤੋਂ ਉਸ ਦਾ 10 ਸਾਲ ਦਾ ਲੜਕਾ ਵੀ ਹੈ। ਉਸ ਦੇ ਬਾਅਦ ਦੂਸਰਾ ਵਿਆਹ ਇਕਬਾਲ ਸਿੰਘ ਨਿਵਾਸੀ ਚੰਡੀਗੜ੍ਹ ਨਾਲ ਹੋਇਆ ਸੀ, ਜੋ ਕਿ ਚੰਡੀਗੜ੍ਹ 'ਚ ਪੰਜਾਬ ਪੁਲਸ 'ਚ ਨੌਕਰੀ ਕਰਦਾ ਹੈ। ਦੂਸਰੇ ਪਤੀ ਨੂੰ ਬਲੈਕਮੇਲ ਕਰ ਕੇ ਮੋਟੀ ਰਾਸ਼ੀ ਠੱਗ ਚੁੱਕੀ ਹੈ।
ਇਸ ਦੇ ਬਾਅਦ ਤੀਸਰਾ ਵਿਆਹ ਹਰਿਆਣਾ ਦੇ ਅਨਿਲ ਕੁਮਾਰ ਨਾਲ ਕਰਵਾਇਆ ਸੀ। ਇਸ ਤੋਂ ਬਾਅਦ ਉਸਨੇ ਉਸ ਨਾਲ ਚੋਥਾ ਵਿਆਹ ਕੀਤਾ। ਵਿਆਹ ਦੇ ਬਾਅਦ ਇਕ ਲੜਕਾ, ਜਿਸ ਦਾ ਨਿਕ ਨੇਮ ਪ੍ਰੇਮ ਗੁਰੀ ਹੈ ਤੇ ਉਹ ਪਟਿਆਲਾ ਪੁਲਸ 'ਚ ਨੌਕਰੀ ਕਰਦਾ ਹੈ। ਨਾਜਾਇਜ਼ ਸਬੰਧ ਹੋਣ ਕਾਰਣ ਖੁਦ ਨੂੰ ਗਰਭਵਤੀ ਦੱਸ ਕੇ ਉਸ ਨੂੰ ਬਲੈਕਮੇਲ ਕਰਦੇ ਹੋਏ ਮੋਟੀ ਰਾਸ਼ੀ ਠੱਗਣ ਦੀ ਯੋਜਨਾ ਬਣਾਈ ਸੀ। ਬਾਅਦ 'ਚ ਉਸ ਨੂੰ ਪਤਾ ਲੱਗਾ ਕਿ ਉਹ ਇਕ ਗਿਰੋਹ ਦੀ ਮੈਂਬਰ ਹੈ, ਜੋ ਕਿ ਮਾਨਸਾ, ਬੁੱਢਲਾਡਾ, ਧੂਰੀ ਨਾਲ ਸਬੰਧਤ ਲੜਕੇ-ਲੜਕੀਆਂ ਹਨ, ਜੋ ਕਿ ਗਿਰੋਹ 'ਚ ਕੰਮ ਕਰਦੀਆਂ ਹਨ। ਲੜਕੀਆਂ ਪਹਿਲਾਂ ਲੜਕੇ ਨਾਲ ਦੋਸਤੀ ਕਰਦੀਆਂ ਹਨ। ਬਾਅਦ 'ਚ ਪ੍ਰੇਮ ਜਾਲ 'ਚ ਫਸਾ ਕੇ ਉਸ ਨੂੰ ਵਿਆਹ ਲਈ ਮਜਬੂਰ ਕਰਦੀਆਂ ਹਨ ਅਤੇ ਬਲੈਕਮੇਲ ਕਰਦੇ ਹੋਏ ਜੇਕਰ ਮੋਟੀ ਰਾਸ਼ੀ ਨਹੀਂ ਮਿਲਦੀ ਤਾਂ ਉਨ੍ਹਾਂ 'ਤੇ ਝੂਠਾ ਕੇਸ 'ਚ ਫਸਾ ਕੇ ਧਮਕੀਆਂ ਦਿੰਦੀਆਂ ਹਨ। ਅਜਿਹੇ 'ਚ ਇਨ੍ਹਾਂ ਲੜਕੀਆਂ ਦੇ ਝਾਂਸੇ 'ਚ ਆਏ ਲੜਕੇ ਆਪਣੀ ਬਦਨਾਮੀ ਤੋਂ ਬਚਣ ਲਈ ਹਰ ਸ਼ਰਤ ਮੰਨਣ ਲਈ ਮਜਬੂਰ ਹੋ ਜਾਂਦੇ ਹਨ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਕਤ ਗਿਰੋਹ ਇਕ ਸੱਭਿਆਚਾਰਕ ਗਰੁੱਪ ਚਲਾਉਂਦਾ ਹੈ। ਉਸ ਦੀ ਆੜ 'ਚ ਸਾਰਾ ਖੇਡ ਖੇਡਿਆ ਜਾ ਰਿਹਾ ਹੈ। ਉਸ ਨੂੰ ਪ੍ਰੇਮ ਜਾਲ 'ਚ ਫਸਾਉਣ ਦੇ ਬਾਅਦ 20 ਲੱਖ ਰੁਪਏ ਦੇਣ ਜਾਂ ਵਿਆਹ ਕਰਵਾਉਣ ਲਈ ਕਿਹਾ ਗਿਆ ਸੀ, ਜਿਸ ਕਾਰਣ ਉਸ ਨੇ ਅਮਨਦੀਪ ਕੌਰ ਉਰਫ ਰਾਜਵਿੰਦਰ ਕੌਰ ਨਾਲ ਅਗਸਤ 2016 'ਚ ਵਿਆਹ ਕੀਤਾ ਸੀ, ਜਦਕਿ ਉਸ ਖਿਲਾਫ 14 ਦਸੰਬਰ, 2016 ਨੂੰ ਪਤਨੀ ਨੇ ਥਾਣਾ ਸਿਟੀ 1 'ਚ ਦਾਜ ਉਤਪੀੜਨ ਅਤੇ ਗਬਨ ਦੇ ਦੋਸ਼ 'ਚ ਕੇਸ ਦਰਜ ਕਰਵਾਇਆ ਸੀ, ਜੋ ਕਿ ਅਦਾਲਤ 'ਚ ਕੇਸ ਵਿਚਾਰ ਅਧੀਨ ਹੈ। ਪਤਨੀ ਵੱਲੋਂ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਉਸ ਨੂੰ ਲਗਾਤਾਰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਨ ਕਰ ਕੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦਿੱਤੀ ਗਈ ਸੀ।
ਕੀ ਹੋਈ ਪੁਲਸ ਕਾਰਵਾਈ
ਐੱਸ. ਐੱਸ. ਪੀ. ਵੱਲੋਂ ਮਾਮਲੇ ਦੀ ਜਾਂਚ ਡੀ. ਐੱਸ. ਪੀ. ਕ੍ਰਾਈਮ ਵੂਮੈਨ ਨੂੰ ਸੌਂਪ ਦਿੱਤੀ ਗਈ ਸੀ। ਜਾਂਚ ਅਧਿਕਾਰੀ ਨੇ ਉਸ ਵਲੋਂ ਲਾਏ ਗਏ ਦੋਸ਼ ਸਹੀ ਪਾਏ ਜਾਣ 'ਤੇ ਪਤਨੀ ਅਮਨਦੀਪ ਕੌਰ ਨਿਵਾਸੀ ਦੋਦੜਾ ਜ਼ਿਲ੍ਹਾ ਮਾਨਸਾ ਹਾਲ ਆਬਾਦ ਲਾਡੀ ਕਾਲੋਨੀ ਬੁੱਢਲਾਡਾ, ਚਚੇਰੀ ਭੈਣ ਬਬਲਜੀਤ ਕੌਰ, ਸੁਖਪਾਲ ਕੌਰ ਨਿਵਾਸੀ ਬੁੱਢਲਾਡਾ, ਲਾਭ ਸਿੰਘ ਦੋਦੜਾ, ਨਿਵਾਸੀ ਮਾਨਸਾ, ਨਰਿੰਦਰ ਕੌਰ ਅਤੇ ਉਸ ਦਾ ਪਤੀ ਕਸ਼ਮੀਰ ਸਿੰਘ ਨਿਵਾਸੀ ਕਾਜੀ ਦੀ ਟਿੱਬੀ ਰਵਿਦਾਸਪੁਰ ਜ਼ਿਲ੍ਹਾ ਮਾਨਸਾ ਖਿਲਾਫ ਮਾਮਲਾ ਦਰਜ ਕੀਤਾ ਸੀ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।