ਚੋਰਾਂ ਇਕੋ ਰਾਤ ਚਾਰ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ, 2.50 ਲੱਖ ਰੁਪਏ ਦਾ ਨੁਕਸਾਨ
Sunday, Jul 08, 2018 - 01:35 AM (IST)
ਤਰਨਤਾਰਨ, (ਰਮਨ, ਰਾਜੂ)- ਸ਼ਹਿਰ ਵਿਚ ਬੀਤੀ ਰਾਤ ਚੋਰਾਂ ਵੱਲੋਂ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਵੱਲੋਂ ਚੋਰਾਂ ਦੀ ਭਾਲ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਚੋਰਾਂ ਵੱਲੋਂ ਦਿੱਤੇ ਗਏ ਇਸ ਅੰਜਾਮ ਨਾਲ ਚਾਰਾਂ ਦੁਕਾਨਾਂ ਦਾ ਕਰੀਬ 2.50 ਲੱਖ ਰੁਪਏ ਤੋਂ ਵੱਧ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਸਥਾਨਕ ਸਰਕਾਰੀ ਹਸਪਤਾਲ ਦੇ ਸਾਹਮਣੇ ਮੌਜੂਦ ਨਿਊ ਪੰਜਾਬ ਮੈਡੀਕਲ ਸਟੋਰ ਦੇ ਮਾਲਕ ਕੁਲਦੀਪ ਸਿੰਘ ਪੁੱਤਰ ਖੇਮ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਦੁਕਾਨ ਬੰਦ ਕਰ ਕੇ ਚਲਾ ਗਿਆ ਸੀ। ਜਦੋੋਂ ਉਹ ਅੱਜ ਸਵੇਰ ਆਪਣੀ ਦੁਕਾਨ ਖੋਲ੍ਹਣ ਆਇਆ ਤਾਂ ਉਸ ਦੀ ਦੁਕਾਨ ਦਾ ਸ਼ਟਰ ਜੈੱਕ ਦੀ ਮਦਦ ਨਾਲ ਚੁੱਕਿਆ ਹੋੋਇਆ ਸੀ ਤੇ ਅੰਦਰੋਂ ਦਵਾਈਆਂ ਦੀ ਸੇਲ ਦੀ ਰਕਮ 18 ਹਜ਼ਾਰ ਰੁਪਏ ਅਤੇ ਭਗਵਾਨ ਦੇ ਨਾਂ ’ਤੇ ਲਾਈ ਗਈ ਗੋਲਕ ਵਿਚ ਮੌਜੂਦ ਕਰੀਬ 30 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ।
ਇਸੇ ਤਰ੍ਹਾਂ ਸਰਕਾਰੀ ਹਸਪਤਾਲ ਦੇ ਸਾਹਮਣੇ ਮੌਜੂਦ ਪੰਜਾਬ ਮੈਡੀਕਲ ਸਟੋਰ ਦੇ ਮਾਲਕ ਪ੍ਰਿਤਪਾਲ ਸਿੰਘ ਜੋ ਉਕਤ ਮੈਡੀਕਲ ਸਟੋਰ ਮਾਲਕ ਦਾ ਬੇਟਾ ਹੈ, ਨੇ ਦੱਸਿਆ ਕਿ ਉਹ ਅੱਜ ਸਵੇਰ ਜਦੋਂ ਆਪਣੀ ਦੁਕਾਨ ਖੋਲ੍ਹਣ ਆਇਆ ਤਾਂ ਉਸ ਦੀ ਦੁਕਾਨ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਦੁਕਾਨ ਵਿਚ ਮੌਜੂਦ 12 ਹਜ਼ਾਰ ਰੁਪਏ ਚੋਰੀ ਹੋ ਚੁੱਕੇ ਸਨ। ਚੋਰਾਂ ਵੱਲੋਂ ਸਥਾਨਕ ਜੰਡਿਆਲਾ ਰੋਡ ਨੇਡ਼ੇ ਮੌਜੂਦ ਇਕ ਬਿਜਲੀ ਦੇ ਸਾਮਾਨ ਨੂੰ ਰਿਪੇਅਰ ਕਰਨ ਵਾਲੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਦੇ ਮਾਲਕ ਕੁਲਵਿੰਦਰ ਕੁਮਾਰ ਨੇ ਦੱਸਿਆ ਕਿ ਚੋਰਾਂ ਵੱਲੋਂ ਉਸ ਦੀ ਦੁਕਾਨ ਦੇ ਸ਼ਟਰ ਨੂੰ ਤੋਡ਼ ਕੇ 12 ਬੰਡਲ ਤਾਂਬੇ ਦੀ ਤਾਰ ਅਤੇ ਰਿਪੇਅਰ ਕਰਨ ਵਾਲੇ ਸਾਮਾਨ ਨੂੰ ਚੋਰੀ ਕਰ ਲਿਆ ਗਿਆ ਹੈ, ਜਿਸ ਦੀ ਕੀਮਤ ਕਰੀਬ 40 ਹਜ਼ਾਰ ਰੁਪਏ ਬਣਦੀ ਹੈ।
ਇਸ ਤੋਂ ਇਲਾਵਾ ਬਾਠ ਰੋਡ ’ਤੇ ਮੌਜੂਦ ਅਮਨਦੀਪ ਕਰਿਆਨਾ ਸਟੋਰ ਨੂੰ ਵੀ ਸਵਿਫਟ ਸਵਾਰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਦੁਕਾਨ ਮਾਲਕ ਨੇ ਦੱਸਿਆ ਕਿ ਚੋਰ ਉਸ ਦੀ ਦੁਕਾਨ ਦਾ ਸ਼ਟਰ ਤੋਡ਼ ਕੇ 3 ਥੈਲੇ ਚਾਹ ਪੱਤੀ, 18 ਕਿਲੋ ਦੇਸੀ ਘਿਉ, ਇਕ ਕੁਇੰਟਲ ਛੋਲਿਆਂ ਦੀ ਦਾਲ, 30 ਕਿਲੋ ਮੂੰਗੀ ਦਾਲ, 60 ਲੀਟਰ ਸਰ੍ਹੋਂ ਦਾ ਤੇਲ, 4 ਕੁਇੰਟਲ ਖੰਡ ਤੋਂ ਇਲਾਵਾ 40 ਕਿਲੋ ਗਗਨ ਘਿਉ ਚੋਰੀ ਕਰ ਕੇ ਲੈ ਗਏ ਹਨ, ਜਿਨ੍ਹਾਂ ਦੀ ਕਰੀਬ 1 ਲੱਖ 50 ਹਜ਼ਾਰ ਰੁਪਏ ਕੀਮਤ ਬਣਦੀ ਹੈ। ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਚੰਦਰ ਭੂਸ਼ਣ ਨੇ ਦੱਸਿਆ ਕਿ ਚੋਰੀ ਸਬੰਧੀ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਜਲਦ ਕਾਬੂ ਕਰ ਲਏ ਜਾਣਗੇ।
