ਪੰਜਾਬ ਸਰਕਾਰ ਦਾ ਸਖ਼ਤ ਐਕਸ਼ਨ, ਰੋਡਵੇਜ ਦੇ ਜਨਰਲ ਮੈਨੇਜਰ ਸਣੇ ਚਾਰ ਮੁਲਾਜ਼ਮ ਮੁਅੱਤਲ

Wednesday, Oct 26, 2022 - 07:24 PM (IST)

ਪੰਜਾਬ ਸਰਕਾਰ ਦਾ ਸਖ਼ਤ ਐਕਸ਼ਨ, ਰੋਡਵੇਜ ਦੇ ਜਨਰਲ ਮੈਨੇਜਰ ਸਣੇ ਚਾਰ ਮੁਲਾਜ਼ਮ ਮੁਅੱਤਲ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹੁਕਮਾਂ 'ਤੇ ਅੱਜ ਪੰਜਾਬ ਰੋਡਵੇਜ ਦੇ ਜਨਰਲ ਮੈਨੇਜਰ ਸਮੇਤ ਚਾਰ ਮੁਲਾਜ਼ਮਾਂ ਨੂੰ ਬੇਨਿਯਮੀਆਂ ਅਤੇ ਭ੍ਰਿਸ਼ਟ ਗਤੀਵਿਧੀਆਂ ਦੇ ਦੋਸ਼ਾਂ ਤਹਿਤ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਰੋਡਵੇਜ ਦੇ ਸ੍ਰੀ ਮੁਕਤਸਰ ਸਾਹਿਬ ਡਿਪੂ ਵਿਖੇ ਹੋ ਰਹੀਆਂ ਬੇਨਿਯਮੀਆਂ ਸਬੰਧੀ ਉਨ੍ਹਾਂ ਨੂੰ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ ਜਿਸ ਸਬੰਧੀ ਮੁੱਢਲੀ ਪੜਤਾਲ ਕਰਵਾਉਣ ਲਈ ਜਾਂਚ ਟੀਮ ਗਠਿਤ ਕੀਤੀ ਗਈ ਸੀ।

ਇਹ ਵੀ ਪੜ੍ਹੋ : ਆਦਮਪੁਰ ਹਲਕੇ ਦੇ ਚੋਣ ਮੈਦਾਨ ’ਚ ਨਿੱਤਰੇ ਭਗਵੰਤ ਮਾਨ ਬੋਲੇ, ਦਿੱਲੀ ਤੇ ਪੰਜਾਬ ਤੋਂ ਬਾਅਦ ਹੁਣ ਹਰਿਆਣਾ ਦੀ ਵਾਰੀ

ਉਨ੍ਹਾਂ ਦੱਸਿਆ ਕਿ ਜਾਂਚ ਟੀਮ ਵੱਲੋਂ ਪੇਸ਼ ਪੜਤਾਲੀਆ ਰਿਪੋਰਟ ਦੇ ਆਧਾਰ 'ਤੇ ਸ੍ਰੀ ਮੁਕਤਸਰ ਸਾਹਿਬ ਡਿਪੂ ਦੇ ਜਨਰਲ ਮੈਨੇਜਰ ਰਣਜੀਤ ਸਿੰਘ ਬੱਗਾ, ਸਬ ਇੰਸਪੈਕਟਰ ਬਲਵਿੰਦਰ ਸਿੰਘ, ਸੀਨੀਅਰ ਸਹਾਇਕ ਪਰਗਟ ਸਿੰਘ ਅਤੇ ਕੰਡਕਟਰ ਗੁਰਸਰਨ ਸਿੰਘ ਨੂੰ ਸਰਕਾਰੀ ਖਜਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਅਤੇ ਭਿ੍ਰਸਟਾਚਾਰ ਗਤੀਵਿਧੀਆਂ ਚਲਾਉਣ ਦੇ ਗੰਭੀਰ ਦੋਸਾਂ ਤਹਿਤ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਅਧਿਕਾਰੀ ਅਤੇ ਕਰਮਚਾਰੀ ਪ੍ਰਾਈਵੇਟ ਬੱਸਾਂ ਦੀ ਅੱਡਾ ਫੀਸ ਤਾਂ ਲੈ ਲੈਂਦੇ ਸਨ ਪਰ ਉਸ ਦੀ ਪਰਚੀ ਨਹੀਂ ਸਨ ਦਿੰਦੇ ਅਤੇ ਬਣਦੀ ਰਕਮ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦੀ ਥਾਂ ਆਪਣੀਆਂ ਜੇਬਾਂ 'ਚ ਪਾ ਲੈਂਦੇ ਸਨ। ਇਨ੍ਹਾਂ ਮੁਲਾਜ਼ਮਾਂ ਨੂੰ ਪੰਜਾਬ ਸਿਵਲ ਸੇਵਾਵਾਂ (ਸਜਾ ਅਤੇ ਅਪੀਲ) ਰੂਲਜ, 1970 ਦੇ ਨਿਯਮ 4 (2) (ਏ) ਤਹਿਤ ਤੁਰੰਤ ਡਿਊਟੀ ਤੋਂ ਮੁਅੱਤਲ ਕੀਤਾ ਗਿਆ ਹੈ। ਮੁਲਾਜ਼ਮਾਂ ਦਾ ਮੁਅੱਤਲੀ ਸਮੇਂ ਦੌਰਾਨ ਹੈੱਡ ਕੁਆਰਟਰ ਦਫ਼ਤਰ ਡਾਇਰੈਕਟਰ ਸਟੇਟ ਟਰਾਂਸਪੋਰਟ, ਪੰਜਾਬ, ਚੰਡੀਗੜ੍ਹ ਹੋਵੇਗਾ।

ਇਹ ਵੀ ਪੜ੍ਹੋ : ਬਿਜਲੀ ਸਪਾਰਕਿੰਗ ਨਾਲ ਲੱਗੀ ਅੱਗ, ਪਰਾਲੀ ਨਾਲ ਭਰੀ ਟਰਾਲੀ ਸੜ੍ਹ ਕੇ ਸੁਆਹ


author

Mandeep Singh

Content Editor

Related News