95 ਕਿੱਲੋ ਭੁੱਕੀ ਸਣੇ ਦੋ ਸਕੇ ਭਰਾਵਾਂ ਸਮੇਤ ਚਾਰ ਕਾਬੂ

Monday, May 07, 2018 - 04:13 AM (IST)

95 ਕਿੱਲੋ ਭੁੱਕੀ ਸਣੇ ਦੋ ਸਕੇ ਭਰਾਵਾਂ ਸਮੇਤ ਚਾਰ ਕਾਬੂ

ਸੰਗਤ ਮੰਡੀ, (ਮਨਜੀਤ)- ਸੀ. ਆਈ. ਏ. ਸਟਾਫ ਤੇ ਥਾਣਾ ਸੰਗਤ ਦੀ ਪੁਲਸ ਨੇ ਵੱਖ-ਵੱਖ ਥਾਵਾਂ ਤੋਂ 95 ਕਿੱਲੋ ਭੁੱਕੀ ਸਮੇਤ ਦੋ ਸਕੇ ਭਰਾਵਾਂ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪਹਿਲੀ ਸਫ਼ਲਤਾ ਦੌਰਾਨ ਸੀ. ਆਈ. ਏ. ਸਟਾਫ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜਸਥਾਨ ਵਾਲੇ ਪਾਸਿਓਂ ਕੁਝ ਵਿਅਕਤੀ ਪੰਜਾਬ 'ਚ ਭੁੱਕੀ ਲਿਆ ਰਹੇ ਹਨ। ਇਸੇ ਸੂਚਨਾ ਦੇ ਆਧਾਰ 'ਤੇ ਪੁਲਸ ਵੱਲੋਂ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੀ ਰਿਫ਼ਾਈਨਰੀ ਟੀ-ਪੁਆਇੰਟ 'ਤੇ ਨਾਕਾ ਲਾਇਆ ਹੋਇਆ ਸੀ। ਇਸੇ ਦੌਰਾਨ ਇਕ ਟਰੱਕ ਡੱਬਵਾਲੀ ਵਾਲੇ ਪਾਸਿਓਂ ਸ਼ੱਕੀ ਹਾਲਤ 'ਚ ਆ ਰਿਹਾ ਸੀ। ਜਦ ਪੁਲਸ ਵੱਲੋਂ ਉਕਤ ਟਰੱਕ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਟਰੱਕ 'ਚੋਂ 80 ਕਿਲੋ ਭੁੱਕੀ ਬਰਾਮਦ ਹੋਈ। ਟਰੱਕ ਸਮੇਤ ਫੜੇ ਗਏ ਦੋ ਸਕੇ ਭਰਾਵਾਂ ਦੀ ਪਛਾਣ ਮਨਮੁੱਖ ਸਿੰਘ ਤੇ ਜਸਵਿੰਦਰ ਸਿੰਘ ਵਾਸੀ ਕ੍ਰਿਸ਼ਨਗੜ੍ਹ ਦੇ ਤੌਰ 'ਤੇ ਕੀਤੀ ਗਈ। 
ਦੂਸਰੀ ਸਫ਼ਲਤਾ ਦੌਰਾਨ ਥਾਣਾ ਸੰੰਗਤ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਇਲਾਕੇ ਦੇ ਪਿੰਡਾਂ 'ਚ ਗਸ਼ਤ ਕੀਤੀ ਜਾ ਰਹੀ ਸੀ। ਗਸ਼ਤ ਦੌਰਾਨ ਜਦ ਪੁਲਸ ਪਾਰਟੀ ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਜੱਸੀ ਬਾਗਵਾਲੀ ਦੇ ਬੱਸ ਅੱਡੇ 'ਤੇ ਪਹੁੰਚੀ ਤਾਂ ਦੋ ਵਿਅਕਤੀ ਸਿਰ 'ਤੇ ਗੱਟਾ ਰੱਖ ਕੇ ਡੱਬਵਾਲੀ ਵਾਲੇ ਪਾਸਿਓਂ ਪੈਦਲ ਤੁਰੇ ਆ ਰਹੇ ਸਨ। ਪੁਲਸ ਪਾਰਟੀ ਵੱਲੋਂ ਜਦ ਉਕਤ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਦੇ ਸਿਰ 'ਤੇ ਚੁੱਕੇ ਗੱਟੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ 15 ਕਿੱਲੋ ਭੁੱਕੀ ਬਰਾਮਦ ਹੋਈ। ਫੜੇ ਗਏ ਵਿਅਕਤੀਆਂ ਦੀ ਪਛਾਣ ਸਿਕੰਦਰ ਸਿੰਘ ਪੁੱਤਰ ਜੀਤਾ ਸਿੰਘ ਵਾਸੀ ਰੋਡੇ (ਮੋਗਾ) ਤੇ ਹਰਜਿੰਦਰ ਸਿੰਘ ਵਾਸੀ ਰਣ ਸਿੰਘ ਕਲਾਂ ਦੇ ਤੌਰ 'ਤੇ ਕੀਤੀ ਗਈ। ਪੁਲਸ ਨੇ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਹਵਾਲਾਤ 'ਚ ਬੰਦ ਕਰ ਦਿੱਤਾ ਗਿਆ। 


Related News