ਫਿਰੋਜ਼ਪੁਰ ’ਚ ਸਤਲੁਜ ਦਰਿਆ ਦੇ ਹੜ੍ਹ ਨਾਲ 50 ਪਿੰਡ ਅਜੇ ਵੀ ਘਿਰੇ, ਸੈਂਕੜੇ ਲੋਕ ਫਸੇ, NDRF ਵਲੋਂ ਰੈਸਕਿਊ ਜਾਰੀ
Monday, Aug 21, 2023 - 09:33 AM (IST)
ਫਿਰੋਜ਼ਪੁਰ (ਕੁਮਾਰ, ਪਰਮਜੀਤ, ਜ. ਬ.)- ਫਿਰੋਜ਼ਪੁਰ ’ਚ ਸਤਲੁਜ ਦਰਿਆ ਦੇ ਨਾਲ ਲੱਗਦੇ ਲਗਭਗ 50 ਪਿੰਡ ਅੱਜੇ ਵੀ ਹੜ੍ਹ ਦੀ ਲਪੇਟ ’ਚ ਹਨ ਅਤੇ ਸਰਹੱਦੀ ਪਿੰਡ ਟੇਂਡੀ ਵਾਲਾ, ਚਾਂਦੀ ਵਾਲਾ, ਨਵੀਂ ਗੱਟੀ ਰਾਜੋ ਕੇ, ਝੁੱਗਾ ਛੀਨਾ ਸਿੰਘ ਵਾਲਾ ਅਤੇ ਪਿੰਡ ਖੁੰਦਰ ਗੱਟੀ ਅਜਿਹੇ ਪਿੰਡ ਹਨ, ਜਿੱਥੇ ਬੀਤੇ 2 ਦਿਨਾਂ ਤੋਂ ਸਤਲੁਜ ਦਰਿਆ ’ਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕੋਈ ਵੀ ਰਾਹਤ ਸਮੱਗਰੀ ਨਹੀਂ ਭੇਜੀ ਜਾ ਸਕੀ ਅਤੇ ਨਾ ਹੀ ਇਨ੍ਹਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕਿਆ ਹੈ।
ਇਹ ਵੀ ਪੜ੍ਹੋ- ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ 100 ਪਿੰਡ ਅਤੇ ਖੇਤ ਡੁੱਬੇ, ਹਜ਼ਾਰਾਂ ਏਕੜ ਫ਼ਸਲ ਬਰਬਾਦ
ਪ੍ਰਸ਼ਾਸਨ ਕਰ ਰਿਹੈ ਹਰ ਸੰਭਵ ਕੋਸ਼ਿਸ਼
ਪ੍ਰਸ਼ਾਸਨ ਵੱਲੋਂ ਹਰ ਸੰਭਵ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਇਨ੍ਹਾਂ ਪਿੰਡਾਂ ਤੱਕ ਮੋਟਰ ਬੋਟਸ ਨਹੀਂ ਜਾ ਸਕੀਆਂ। ਇਸ ਕਾਰਨ ਲੋਕਾਂ ਨੂੰ ਰਾਹਤ ਸਮੱਗਰੀ ਨਹੀਂ ਪਹੁੰਚ ਸਕੀ। ਇਨ੍ਹਾਂ ਪਿੰਡਾਂ ’ਚ ਜ਼ਿਆਦਾਤਰ ਛੋਟੇ ਕਿਸਾਨ ਅਤੇ ਮਜ਼ਦੂਰ ਲੋਕ ਹਨ, ਜਿਨ੍ਹਾਂ ਕੋਲ ਉਸੇ ਦਿਨ ਦਾ ਰਾਸ਼ਨ ਸੀ, ਜੋ ਖਾ ਕੇ ਇਨ੍ਹਾਂ ਨੇ 3 ਦਿਨ ਤੱਕ ਗੁਜਾਰਾ ਕੀਤਾ ਅਤੇ ਰਾਸ਼ਨ ਖਤਮ ਹੋਣ ਤੋਂ ਬਾਅਦ ਲੋਕ ਵਾਰ-ਵਾਰ ਰਾਸ਼ਨ, ਪੀਣ ਵਾਲੇ ਪਾਣੀ ਅਤੇ ਪਸ਼ੂਆਂ ਲਈ ਚਾਰੇ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ- ਹੜ੍ਹ ਦੇ ਪਾਣੀ 'ਚ ਫਸੇ ਸ਼ਖ਼ਸ ਨੇ ਸਫ਼ੈਦੇ ਨੂੰ ਪਾ ਲਿਆ ਜੱਫਾ, 3 ਘੰਟੇ ਪਾਈ ਦੁਹਾਈ, ਵੀਡੀਓ 'ਚ ਦੇਖੋ ਅਖ਼ੀਰ ਕੀ ਹੋਇਆ
ਪਿੰਡਾਂ 'ਚ ਵੱਧ ਰਿਹਾ ਪਾਣੀ ਦਾ ਪੱਧਰ, ਲੋਕ ਘਰਾਂ ਨੂੰ ਛੱਡਣ ਲਈ ਨਹੀਂ ਤਿਆਰ
ਨੈਸ਼ਨਲ ਅਵਾਰਡੀ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਸਵੇਰੇ ਇਨ੍ਹਾਂ ’ਚੋਂ ਕੁੱਝ ਪਿੰਡਾਂ ਵੱਲ ਰਵਾਨਾ ਹੋਈਆਂ ਅਤੇ ਬਹੁਤ ਮੁਸ਼ਕਿਲ ਨਾਲ ਟੀਮਾਂ ਇਨ੍ਹਾਂ ਪਿੰਡਾਂ ’ਚ ਪਹੁੰਚੀਆਂ ਅਤੇ ਉੱਥੇ ਫਸੇ ਲੋਕਾਂ ਨੂੰ ਪਾਣੀ ਅਤੇ ਲੰਗਰ ਮੁਹੱਈਆ ਕਰਵਾਇਆ ਗਿਆ। ਅੱਜ ਵੀ ਇਨ੍ਹਾਂ ਪਿੰਡਾਂ ’ਚ ਰਹਿੰਦੇ ਬਹੁਤੇ ਲੋਕ ਆਪਣਾ ਪਿੰਡ ਅਤੇ ਘਰ ਛੱਡਣ ਲਈ ਤਿਆਰ ਨਹੀਂ ਹਨ। ਇਨ੍ਹਾਂ ਪਿੰਡਾਂ ’ਚ ਕਈ ਲੋਕ ਘਰਾਂ ਦੀਆਂ ਛੱਤਾਂ ’ਤੇ ਜਾਂ ਬਣਾਈਆਂ ਹੋਈਆਂ ਉੱਚੀਆਂ ਥਾਵਾਂ ’ਤੇ ਟਿਕੇ ਹੋਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਪਸ਼ੂ ਛੱਡ ਕੇ ਬਾਹਰ ਨਹੀਂ ਜਾ ਸਕਦੇ।
ਇਹ ਵੀ ਪੜ੍ਹੋ- ਹੜ੍ਹਾਂ ਦੀ ਮਾਰ ਦੇਖ ਸਹਿਮ ਗਿਆ ਮਾਸੂਮ, ਇੰਝ ਛੱਡ ਜਾਵੇਗਾ, ਪਰਿਵਾਰ ਨੇ ਸੋਚਿਆ ਨਹੀਂ ਸੀ
NDRF ਦੀਆਂ 4 ਟੀਮਾਂ ਪਹੁੰਚੀਆਂ
ਐੱਨ. ਡੀ. ਆਰ. ਐੱਫ. ਦੀਆਂ 4 ਟੀਮਾਂ ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ ਦੇ ਨੇੜੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਪਹੁੰਚ ਗਈਆਂ ਹਨ, ਜਿਨ੍ਹਾਂ ਵੱਲੋਂ ਹੜ੍ਹ ’ਚ ਫਸੇ ਲੋਕਾਂ ਨੂੰ ਰੈਸਕਿਊ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕੁਝ ਪਿੰਡਾਂ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਜੇਕਰ ਇਨ੍ਹਾਂ ਪਿੰਡਾਂ ਤੱਕ ਮੋਟਰ ਬੋਟਸ ਨਹੀਂ ਜਾ ਸਕਦੀਆਂ ਤਾਂ ਏਅਰਲਿਫਟ ਕਰ ਕੇ ਇਨ੍ਹਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ ਅਤੇ ਇਨ੍ਹਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਜਾਵੇ। ਓਧਰ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਹੜ੍ਹ ’ਚ ਫਸੇ ਲੋਕਾਂ ਦੀ ਹਰ ਤਰ੍ਹਾਂ ਮਦਦ ਕੀਤੀ ਜਾ ਰਹੀ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਰੈਸਕਿਊ ਕਰ ਕੇ ਉਨ੍ਹਾਂ ਦੇ ਘਰਾਂ ’ਚੋਂ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8