ਸੀਵਰੇਜ ਤੇ ਪਾਣੀ ਦੇ ਪਾਈਪ ਦੇ ਲੀਕੇਜ ਦਾ ਫਾਲਟ ਮਿਲਿਆ

11/18/2017 3:18:39 AM

ਕਪੂਰਥਲਾ,   (ਮਲਹੋਤਰਾ)-  ਪਿੰਡ ਮਨਸੂਰਵਾਲ ਦੋਨਾ 'ਚ 'ਜਗ ਬਾਣੀ' ਗਰੁੱਪ ਵਲੋਂ ਪੀਲੀਆ ਰੋਗ ਸਬੰਧੀ ਪ੍ਰਕਾਸ਼ਿਤ ਕੀਤੀ ਗਈ ਖਬਰ ਨੇ ਉਸ ਸਮੇਂ ਆਪਣਾ ਰੰਗ ਦਿਖਾਇਆ, ਜਦੋਂ ਲਗਾਤਾਰ ਇਕ ਹਫਤੇ ਬਾਅਦ ਤਕ ਲੱਗੀ ਵੱਖ-ਵੱਖ ਟੀਮਾਂ ਨੂੰ ਹੋ ਰਹੇ ਪਾਣੀ ਦੂਸ਼ਿਤ ਦਾ ਕਾਰਨ ਪਤਾ ਚੱਲਿਆ। ਜਿਸ ਨਾਲ ਸਿਹਤ ਵਿਭਾਗ, ਨਗਰ ਕੌਂਸਲ ਤੇ ਸਥਾਨਕ ਲੋਕਾਂ ਨੇ ਰਾਹਤ ਦਾ ਸਾਹ ਲਿਆ। ਗੌਰ ਹੋਵੇ ਕਿ ਪਿਛਲੇ ਸਮੇਂ ਤੋਂ ਪਿੰਡ ਮਨਸੂਰਵਾਲ ਵਾਸੀ ਪੀਲੀਆ ਰੋਗ ਨੂੰ ਲੈ ਕੇ ਚਿੰਤਤ ਚਲ ਰਹੇ ਸਨ। ਪਿੰਡ 'ਚ ਜ਼ਿਆਦਾਤਰ ਲੋਕ ਪੀਲੀਆ ਰੋਗ ਨਾਲ ਗ੍ਰਸਤ ਹੋਣ ਤੋਂ ਬਾਅਦ ਵੱਖ-ਵੱਖ ਹਸਪਤਾਲਾਂ 'ਚ ਆਪਣਾ ਇਲਾਜ ਕਰਵਾ ਰਹੇ ਸਨ, ਜਿਸ ਨੂੰ 'ਜਗ ਬਾਣੀ' ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ, ਜਿਸ ਤੋਂ ਬਾਅਦ ਹਰਕਤ 'ਚ ਆਈ ਨਗਰ ਕੌਂਸਲ ਕਪੂਰਥਲਾ ਤੇ ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣ ਤੇ ਪੀਲੀਆ ਰੋਗ ਫੈਲਣ ਦੇ ਕਾਰਨ ਪਤਾ ਕਰਨ ਦੇ ਲਈ ਮੁਹਿੰਮ ਸ਼ੁਰੂ ਕੀਤੀ ਸੀ।
ਇਸ ਦੌਰਾਨ ਚੰਡੀਗੜ੍ਹ ਤੋਂ ਆਈ ਸਿਹਤ ਵਿਭਾਗ ਦੀ ਟੀਮ ਨੇ ਵੀ ਪੂਰੇ ਖੇਤਰ ਦੀ ਜਾਂਚ ਕਰਕੇ ਲੋਕਾਂ ਤੋਂ ਪੁੱਛਗਿੱਛ ਕੀਤੀ ਤੇ ਅੱਜ ਖੇਤਰ 'ਚ ਸੰਯੁਕਤ ਰੂਪ ਨਾਲ ਕੰਮ ਕਰ ਰਹੀ ਸੀ. ਐੱਚ. ਸੀ. ਕਾਲਾ ਸੰਘਿਆਂ ਤੇ ਨਗਰ ਕੌਂਸਲ ਕਪੂਰਥਲਾ ਦੀ ਟੀਮ ਨੂੰ ਪਾਈਪ ਦੀ ਖੁਦਾਈ ਦੌਰਾਨ ਬਾਵਰੀਆ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸੀਵਰੇਜ ਤੇ ਪਾਣੀ ਦੇ ਪਾਈਪ ਦਾ ਲੀਕੇਜ ਫਾਲਟ ਮਿਲ ਗਿਆ, ਜਿਸਨੂੰ ਤੁਰੰਤ ਮਕੈਨਿਕਾਂ ਵਲੋਂ ਠੀਕ ਕਰ ਦਿੱਤਾ ਗਿਆ। ਖੇਤਰ ਵਾਸੀਆਂ ਦਾ ਕਹਿਣਾ ਹੈ ਕਿ ਇਸੇ ਲੀਕੇਜ ਦੀ ਵਜ੍ਹਾ ਨਾਲ ਦੂਸ਼ਿਤ ਹੋਏ ਪਾਣੀ ਨਾਲ ਪਿਛਲੇ ਕਰੀਬ 2 ਮਹੀਨਿਆਂ ਤੋਂ ਲੋਕ ਪੀਲੀਆ ਰੋਗ ਦੇ ਸ਼ਿਕਾਰ ਹੋ ਰਹੇ ਸਨ। 'ਜਗ ਬਾਣੀ' ਸਮਾਚਾਰ ਦੇ ਬਾਅਦ ਵਿਭਾਗ ਵਲੋਂ ਕੀਤੇ ਗਏ ਕੰਮ ਦੀ ਖੇਤਰ ਨਿਵਾਸੀਆਂ 'ਚ ਪ੍ਰਸੰਸਾ ਕੀਤੀ ਜਾ ਰਹੀ ਹੈ। 
ਇਸ ਮੌਕੇ ਡਾ. ਸ਼ੋਭਨਾ ਬਾਂਸਲ, ਗੁਰਿੰਦਰ ਸਿੰਘ, ਐੱਸ. ਆਈ. ਸੁਖਬੀਰ ਸਿੰਘ, ਜਗਜੀਤ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਕੌਰ ਏ. ਐੱਨ. ਐੱਮ., ਐੱਸ. ਓ. ਤਰਲੋਚਨ ਸਿੰਘ ਤੇ ਆਸ਼ਾ ਵਰਕਰ ਹਾਜ਼ਰ ਸਨ।


Related News